
ਸੀਨੀਅਰ ਆਈਏਐਸ ਵਿਜੈ ਕੁਮਾਰ ਜੰਜੂਆ ਪੰਜਾਬ ਦੇ ਨਵੇਂ ਮੁੱਖ ਸਕੱਤਰ ਨਿਯੁਕਤ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 5 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਅਨਿਰੁਧ ਤਿਵਾੜੀ ਦੀ ਥਾਂ ਸੀਨੀਅਰ ਆਈਏਐਸ ਵਿਜੈ ਕੁਮਾਰ ਜੰਜੂਆ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਜੰਜੂਆ 1989 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹਾਂ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਚੋਣਾਂ ਦਾ ਅਹੁਦਾ ਸੰਭਾਲ ਰਹੇ ਹਨ।
ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇਲੈਕਟ੍ਰੋਨਿਕਸ ਵਿੱਚ ਬੀ.ਟੈਕ ਕਰਨ ਉਪਰੰਤ, ਜੰਜੂਆ ਨੇ ਇੱਕ ਸਾਲ ਐਸ.ਸੀ.ਐਲ (ਸੈਮੀ-ਕੰਡਕਟਰ ਕੰਪਲੈਕਸ), ਮੁਹਾਲੀ ਵਿੱਚ ਕੰਮ ਕੀਤਾ, ਫਿਰ ਪੁਲਾੜ ਏਜੰਸੀਆਂ ਲਈ ਕੰਪਿਊਟਰ ਚਿਪਸ ਡਿਜ਼ਾਈਨ ਕਰਨ ਵਾਲੀ ਭਾਰਤ ਸਰਕਾਰ ਦੀ ਇੱਕ ਐਂਟਰਪ੍ਰਾਈਜ਼ ਵਿਚ ਵੀ ਸੇਵਾਵਾਂ ਨਿਭਾਈਆਂ । ਉਹਨਾਂ ਭਾਰਤ ਸਰਕਾਰ ਦੇ ਨਾਲ ਇੱਕ ਆਈ.ਟੀ.ਐਸ. (ਭਾਰਤੀ ਦੂਰਸੰਚਾਰ ਸੇਵਾ) ਇੰਜਨੀਅਰ ਵਜੋਂ ਵੀ ਢਾਈ ਸਾਲ ਕੰਮ ਕੀਤਾ। 1988 ਵਿੱਚ ਆਈ.ਆਰ.ਐਸ (ਇਨਕਮ ਟੈਕਸ) ਲਈ ਚੁਣੇ ਗਏ ਅਤੇ ਫਿਰ 1989 ਵਿੱਚ ਆਲ ਇੰਡੀਆ 12ਵੇਂ ਰੈਂਕ ਨਾਲ ਆਈ.ਏ.ਐਸ. ਵਿੱਚ ਚੁਣੇ ਜਾਣ ਪਿੱਛੋਂ ਪੰਜਾਬ ਕੇਡਰ ਅਲਾਟ ਕੀਤਾ ਹੋਇਆ। ਸੇਵਾ ਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਅਤੇ ਇਗਨੰੂ, ਨਵੀਂ ਦਿੱਲੀ ਤੋਂ ਸਪੈਸ਼ਲਾਈਜ਼ੇਸ਼ਨ ਇਨ ਫਾਇਨਾਂਸ ਦੇ ਨਾਲ ਐਮ.ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਊਕ ਯੂਨੀਵਰਸਿਟੀ ਅਮਰੀਕਾ ਤੋਂ ਅੰਤਰਰਾਸ਼ਟਰੀ ਵਿਕਾਸ ਨੀਤੀਆਂ ਵਿੱਚ ਐਮ.ਏ. ਵੀ ਕੀਤੀ।
ਸ੍ਰੀ ਜੰਜੂਆ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕੀਤਾ ਜਿਸ ਵਿੱਚ ਪੇਂਡੂ ਵਿਕਾਸ, ਉਦਯੋਗ, ਕਿਰਤ, ਪਸ਼ੂ ਪਾਲਣ ਆਦਿ ਸ਼ਾਮਲ ਹਨ। ਭਾਰਤ ਸਰਕਾਰ ਵਿਚ ਹੁੰਦਿਆਂ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਵਿੱਚ ਡਾਇਰੈਕਟਰ (ਉਦਯੋਗ) ਵਜੋਂ ਤਿੰਨ ਸਾਲ ਲਈ ਸੇਵਾ ਨਿਭਾਈ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਆਪਣੇ ਕਾਰਜਕਾਲ ਦੌਰਾਨ, ਸ੍ਰੀ ਜੰਜੂਆ ਨੇ ਐਨ.ਆਈ.ਸੀ. ਦੀ ਮਦਦ ਨਾਲ ਇੱਕ ਸਾਫਟਵੇਅਰ ‘ਪ੍ਰੀਜ਼ਮ’ ਤਿਆਰ ਕੀਤਾ ਅਤੇ ਪੰਜਾਬ ਵਿੱਚ ਪਹਿਲੀ ਵਾਰ ਜਾਇਦਾਦਾਂ ਦੀ ਕੰਪਿਊਟਰਾਈਜਡ ਰਜਿਸਟ੍ਰੇਸ਼ਨ ਸ਼ੁਰੂ ਕੀਤੀ। ਉਨਾਂ ਨੇ ਪੰਜਾਬ ਵਿੱਚ ਸੌਖੇ ਢੰਗ ਨਾਲ ਕਾਰੋਬਾਰ ਕਰਨ ਦੀ ਸਹੂਲਤ ਨੂੰ ਸੁਧਾਰਨ ਦੇ ਨਾਲ-ਨਾਲ ਸੂਬੇ ਵਿੱਚ ਨਿਵੇਸ਼ ਦੇ ਮਾਹੌਲ ਨੂੰ ਸੁਧਾਰਨ ਲਈ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਉਨ੍ਹਾਂ ਨੇ ਮਾਲ ਵਿਭਾਗ ਵਿੱਚ ਬਤੌਰ ਵਿੱਤ ਕਮਿਸ਼ਨਰ ਮਾਲ ਵਜੋਂ ਕਈ ਮਹੱਤਵਪੂਰਨ ਪਹਿਲਕਦਮੀਆਂ ਵੀ ਕੀਤੀਆਂ। ਉਨ੍ਹਾਂ ਦੀ ਅਗਵਾਈ ਹੇਠ ਮਾਲ ਵਿਭਾਗ ਵਿੱਚ ਲਗਭਗ 15 ਦਿਨਾਂ ਵਿੱਚ ਲਗਭਗ 2.2 ਕਰੋੜ ਖਸਰਾ ਗਿਰਦਾਵਰੀ ਐਂਟਰੀਆਂ ਡਿਜੀਟਲ ਵਿਧੀ ਰਾਹੀਂ ਕੀਤੀਆਂ ਗਈਆਂ।