Nabaz-e-punjab.com

ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਸ਼ਿੰਗਾਰਾ ਸਿੰਘ ਭੁੱਲਰ ਨਹੀਂ ਰਹੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਸੀਨੀਅਰ ਪੱਤਰਕਾਰ ਅਤੇ ਉਘੇ ਕਾਲਮਨਵੀਸ ਸ਼ਿੰਗਾਰਾ ਸਿੰਘ ਭੁੱਲਰ (74 ਸਾਲ) ਦੀ ਅੱਜ ਮੌਤ ਹੋ ਗਈ। ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਹਨ ਅਤੇ ਬੀਤੇ ਦੋ ਦਿਨਾਂ ਤੋਂ ਬਿਲਕੁਲ ਬੋਲ ਵੀ ਨਹੀਂ ਰਹੇ ਸੀ। ਸ੍ਰੀ ਭੁੱਲਰ ਪੇਟ ਦੇ ਕੈਂਸਰ ਤੋਂ ਪੀੜਤ ਸਨ। ਉਹ ਆਪਣੇ ਪਿੱਛੇ ਪਤਨੀ, ਦੋ ਲੜਕੇ ਅਤੇ ਇਕ ਲੜਕੀ ਛੱਡ ਗਏ ਹਨ। ਪੰਜਾਬ ਪੱਤਰਕਾਰੀ ਵਿੱਚ ਉਹ ਇਕਲੌਤੇ ਅਜਿਹੇ ਪੱਤਰਕਾਰ ਸਨ, ਜਿਨ੍ਹਾਂ ਨੂੰ ਚਾਰ ਰੋਜ਼ਾਨਾ ਅਖ਼ਬਾਰਾਂ ਵਿੱਚ ਬਤੌਰ ਸੰਪਾਦਕ ਕੰਮ ਕਰਨ ਦਾ ਮਾਣ ਹਾਸਲ ਹੈ। ਜਿਨ੍ਹਾਂ ਵਿੱਚ ਪੰਜਾਬੀ ਟ੍ਰਿਬਿਊਨ ਵੀ ਸ਼ਾਮਲ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਬਾਅਦ ਦੁਪਹਿਰ 3 ਵਜੇ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸ੍ਰੀ ਭੁੱਲਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੁੱਲਰ ਤੋਂ ਉੱਠ ਕੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਨਵੀਆਂ ਸਿੱਖਰਾਂ ਛੂਹੀਆਂ। ਪੰਜਾਬੀ ਪੱਤਰਕਾਰੀ ਨੂੰ ਉਨ੍ਹਾਂ ਦੀ ਬਹੁਤ ਵੱਡੀ ਦੇਣ ਸੀ। ਜਿਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਸਮੁੱਚੇ ਪੱਤਰਕਾਰ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਉਹ ਬਹੁਤ ਹੀ ਮਿਲਾਪੜੇ ਇਨਸਾਨ ਸਨ।
ਸ਼ਿੰਗਾਰਾ ਸਿੰਘ ਭੁੱਲਰ ਨੇ ਲੰਬਾ ਸਮਾਂ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ 30 ਸਾਲ ਤੋਂ ਵੱਧ ਸਮਾਂ ਸੇਵਾਵਾਂ ਨਿਭਾਈਆਂ ਅਤੇ 2006 ਵਿੱਚ ਪੰਜਾਬੀ ਟ੍ਰਿਬਿਊਨ ’ਚੋਂ ਸੰਪਾਦਕ ਵਜੋਂ ਸੇਵਾ ਮੁਕਤ ਹੋਏ। ਇਸ ਤੋਂ ਬਾਅਦ ਉਹ ‘ਦੇਸ਼ ਵਿਦੇਸ਼ ਟਾਈਮਜ਼’ ਅਖ਼ਬਾਰ ਦੇ ਸੰਪਾਦਕ ਰਹੇ। ਇਸ ਮਗਰੋਂ ‘ਪੰਜਾਬੀ ਜਾਗਰਣ’ ਵਿੱਚ ਸੰਪਾਦਕ ਵਜੋਂ ਕੰਮ ਕੀਤਾ। ਮੌਜੂਦਾ ਸਮੇਂ ਉਹ ਮੁਹਾਲੀ ਤੋਂ ਪ੍ਰਕਾਸ਼ਿਤ ਹੁੰਦੇ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸਨ। ਪੱਤਰਕਾਰੀ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਸ਼ਿੰਗਾਰਾ ਸਿੰਘ ਭੁੱਲਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼ੋ੍ਰਮਣੀ ਪੱਤਰਕਾਰ’ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਦੀ ਮੌਤ ’ਤੇ ਡੂੰਘੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ੍ਰੀ ਭੁੱਲਰ ਨੂੰ ਚੰਗਾ ਪੱਤਰਕਾਰ ਤੇ ਇਕ ਵਧੀਆ ਇਨਸਾਨ ਦੱਸਿਆ ਜੋ ਗੁਣਵਾਨ ਤੇ ਚੰਗੇ ਦਿਲ ਵਾਲੇ ਸਨ। ਉਨ੍ਹਾਂ ਕਿਹਾ ਕਿ ਸੀ ਭੁੱਲਰ ਬਹੁਪੱਖੀ ਕਾਲਮ ਨਵੀਸ ਹੋਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਸੂਬੇ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਦ੍ਰਿਸ਼ਟੀਕੋਣਾਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਲਈ ਕੰਮ ਕੀਤਾ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਪੱਤਰਕਾਰੀ ਦੇ ਪ੍ਰਚਾਰ ਤੇ ਪਸਾਰ ਲਈ ਮੋਹਰੀ ਹੋ ਕੇ ਕੰਮ ਕੀਤਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਭੁੱਲਰ ਦੇ ਤੁਰ ਜਾਣ ਨਾਲ ਪੱਤਰਕਾਰੀ ਖੇਤਰ ਨੂੰ ਵੱਡਾ ਘਾਟਾ ਪਾਇਆ ਹੈ ਜਿਸ ਨੂੰ ਕਦੇ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੱੁਖ ਵਿੱਚ ਸ਼ਰੀਕ ਹੁੰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸ੍ਰੀ ਭੁੱਲਰ ਦੀ ਮੌਤ ’ਤੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਭੁੱਲਰ ਦੇ ਤੁਰ ਜਾਣ ਉੱਤੇ ਜਿੱਥੇ ਪੱਤਰਕਾਰੀ ਖੇਤਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ, ਉੱਥੇ ਉਨ੍ਹਾਂ ਨੇ ਵੀ ਆਪਣਾ ਨਿੱਜੀ ਦੋਸਤ ਗੁਆ ਲਿਆ ਹੈ।
ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਸ਼ਿੰਗਾਰਾ ਸਿੰਘ ਭੁੱਲਰ ਦੇ ਦੇਹਾਂਤ ਉਤੇ ਦੱੁਖ ਪ੍ਰਗਟਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਅਖ਼ਬਾਰਾਂ ਵਿੱਚ ਲਿਖੇ ਕਾਲਮਾਂ ਵਿੱਚ ਲਿਖੀਆਂ ਨਿਡਰ ਅਤੇ ਵਿਲੱਖਣ ਲਿਖਤਾਂ ਸਦਕਾ ਪਾਠਕ ਸਦਾ ਚੇਤੇ ਕਰਦੇ ਰਹਿਣਗੇ। ਜ਼ਿਲ੍ਹਾ ਪ੍ਰੈਸ ਕਲੱਬ ਐਸਏਐਸ ਨਗਰ (ਮੁਹਾਲੀ) ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ, ਜਨਰਲ ਸਕੱਤਰ ਕੁਲਦੀਪ ਸਿੰਘ, ਚੇਅਰਮੈਨ ਦਰਸ਼ਨ ਸਿੰਘ ਸੋਢੀ, ਵਾਈਸ ਚੇਅਰਮੈਨ ਮਹਿੰਦਰਪਾਲ ਕੌਸ਼ਿਕ ਨੇ ਵੀ ਸ੍ਰੀ ਭੁੱਲਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…