ਮੁਹਾਲੀ ਵਿੱਚ ਸੀਨੀਅਰ ਪੱਤਰਕਾਰ ਕੇਜੇ ਸਿੰਘ ਤੇ ਉਸ ਦੀ ਮਾਂ ਦਾ ਬੇਦਰਦੀ ਨਾਲ ਕਤਲ

ਜਬਰੀ ਘਰ ਵਿੱਚ ਦਾਖ਼ਲ ਹੋ ਕੇ ਤੇਜਧਾਰ ਹਥਿਆਰ ਨਾਲ ਅੰਜਾਮ ਦਿੱਤੀ ਗਈ ਕਤਲ ਦੀ ਵਾਰਦਾਤ, ਪੁਲੀਸ ਨੂੰ ਨਹੀਂ ਮਿਲਿਆ ਸੁਰਾਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਸਥਾਨਕ ਫੇਜ਼-3ਬੀ2 ਦੀ ਕੋਠੀ ਨਬਰ 1796 ਵਿੱਚ ਰਹਿੰਦੇ ‘ਦਾ ਟ੍ਰਿਬਿਊਨ ਗਰੁੰਪ ਦੇ ਸਾਬਕਾ ਨਿਊਜ ਐਡੀਟਰ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ। 64 ਸਾਲਾ ਸ੍ਰੀ ਕੇ ਜੇ ਸਿੰਘ ਆਪਣੀ ਬਜ਼ੁਰਗ ਮਾਂ ਗੁਰਚਰਨ ਕੌਰ ਦੇ ਨਾਲ ਫੇਜ਼-3ਬੀ2 ਦੀ ਕੋਠੀ ਨੰਬਰ 1796 ਵਿੱਚ ਰਹਿ ਰਹੇ ਸਨ। ਘਟਨਾ ਵਾਲੀ ਥਾਂ ਤੇ ਅਜਿਹਾ ਲੱਗਦਾ ਸੀ ਕਿ ਹਮਲਾਵਰ ਅਤੇ ਕੇਜੇ ਸਿੰਘ ਵਿੱਚ ਹੱਥੋਪਾਈ ਹੋਈ ਹੋਵੇਗੀ। ਹਾਲਾਂਕਿ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਸ਼ਾਇਦ ਇਹ ਲੁੱਟ ਖੋਹ ਦੀ ਵਾਰਦਾਤ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪ੍ਰੰਤੂ ਪੁਲੀਸ ਇਹ ਵੀ ਮੰਨ ਕੇ ਚਲ ਰਹੀ ਹੈ ਕਿ ਇਹ ਕੰਮ ਕਿਸੇ ਭੇਤੀ ਦਾ ਹੋ ਸਕਦਾ ਹੈ। ਮਕਾਨ ਵਿੱਚ ਦਾਖ਼ਲ ਹੋਣ ਵਾਲੇ ਦਰਵਾਜੇ ਤੇ ਅੰਦਰ ਵੜਣ ਸਾਰ ਹੀ ਖੂਨ ਡਿੱਗਿਆ ਹੋਇਆ ਸੀ ਅਤੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਹਮਲਾਵਰ ਨੇ ਅੰਦਰ ਦਾਖ਼ਲ ਹੋਣ ਸਾਰ ਹੀ ਸ੍ਰੀ ਕੇ ਜੇ ਸਿੰਘ ਤੇ ਚਾਕੂ ਜਾਂ ਕਿਸੇ ਹੋਰ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਬਾਅਦ ਵਿੱਚ ਗੁੱਥਮ ਗੁੱਥਾ ਹੋ ਕੇ ਹਮਲਾਵਰ ਕੇ ਜੇ ਸਿੰਘ ਨੂੰ ਉਹਨਾਂ ਦੇ ਬੈਡਰੂਮ ਤੱਕ ਲੈ ਗਏ ਜਿੱਥੇ ਉਹਨਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਸ੍ਰੀ ਕੇ ਜੇ ਸਿੰਘ ਦੀ ਮਾਤਾ ਦੇ ਮ੍ਰਿਤਕ ਸਰੀਰ ਤੇ ਜ਼ਖ਼ਮ ਦਾ ਕੋਈ ਨਿਸ਼ਾਨ ਨਹੀਂ ਦਿਖ ਰਿਹਾ ਸੀ ਅਤੇ ਲੱਗਦਾ ਸੀ ਕਿ ਹਮਲਾਵਰਾਂ ਵੱਲੋਂ ਉਹਨਾਂ ਨੂੰ ਗਲਾ ਦਬਾ ਕੇ ਖਤਮ ਕਰ ਦਿਤਾ ਗਿਆ ਹੋਣਾ ਹੈ।
ਘਟਨਾ ਵਾਲੇ ਘਰ ਵਿੱਚ ਇੱਕ ਬੈਡ ਉੱਪਰ ਕੇ ਜੇ ਸਿੰਘ ਦੀ ਬੁਰੀ ਤਰ੍ਹਾਂ ਵੱਢੀ ਲਾਸ਼ ਪਈ ਸੀ ਅਤੇ ਸਾਰੇ ਪਾਸੇ ਖੂਨ ਖਿਲਰਿਆ ਪਿਆ ਸੀ। ਕੇ ਜੇ ਸਿੰਘ ਦੇ ਗਲੇ, ਚਿਹਰੇ ਅਤੇ ਛਾਤੀ ਉੱਪਰ ਤੇਜਧਾਰ ਹਥਿਆਰ ਦੇ ਜ਼ਖਮ ਦਿਖ ਰਹੇ ਸਨ। ਨਾਲ ਦੇ ਕਮਰੇ ਵਿੱਚ ਉਹਨਾਂ ਦੀ ਮਾਤਾ ਦੀ ਲਾਸ਼ ਇੱਕ ਬੈਡ ਤੇ ਪਈ ਸੀ। ਉਹਨਾਂ ਦੇ ਸਰੀਰ ਤੇ ਕੋਈ ਜ਼ਖਮ ਨਹੀਂ ਸੀ। ਮਕਾਨ ਦੇ ਵਿੱਚ ਥਾਂ ਥਾਂ ਤੇ ਖੂਨ ਖਿਲਰਿਆ ਹੋਇਆ ਸੀ ਅਤੇ ਮੁੱਖ ਦਰਵਾਜੇ ਦੇ ਹੈਂਡਲ ਤੇ ਵੀ ਖੂਨ ਦੇ ਨਿਸ਼ਾਨ ਸਨ।
ਘਟਨਾ ਦੀ ਜਾਣਕਾਰੀ ਅੱਜ ਦੁਪਹਿਰ 12 ਵਜੇ ਦੇ ਕਰੀਬ ਮਿਲੀ ਜਦੋਂ ਕੇ ਜੇ ਸਿੰਘ ਦੀ ਭੈਣ (ਜੋ ਕਿ ਫੇਜ਼-3ਬੀ2 ਵਿੱਚ ਨੇੜੇ ਹੀ ਰਹਿੰਦੀ ਹੈ) ਆਪਣੇ ਭਰਾ ਅਤੇ ਮਾਤਾ ਨੂੰ ਮਿਲਣ ਵਾਸਤੇ ਆਈ ਅਤੇ ਵੇਖਿਆ ਕਿ ਘਰ ਦਾ ਦਰਵਾਜਾ ਖੁੱਲਾ ਪਿਆ ਸੀ ਅਤੇ ਅੰਦਰ ਖੂਨ ਖਿਲਰਿਆ ਹੋਇਆ ਸੀ। ਉਸ ਵੱਲੋੱ ਇਸ ਸੰਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ। ਇਸ ਦੌਰਾਨ ਜ਼ਿਲ੍ਹਾ ਪੁਲੀਸ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਪੁਲੀਸ ਵੱਲੋਂ ਮੌਕੇ ਤੇ ਜਾਂਚ ਦੀ ਕਾਰਵਾਈ ਕੀਤੀ ਜਾ ਰਹੀ ਸੀ ਅਤੇ ਘਟਨਾ ਵਾਲੀ ਥਾਂ ਦੇ ਆਸ ਪਾਸ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ। ਐਸਪੀ ਸਿਟੀ ਜਗਜੀਤ ਸਿੰਘ ਜੱਲ੍ਹਾ ਦੀ ਅਗਵਾਈ ਵਿੱਚ ਵੱਖ ਵੱਖ ਪੁਲੀਸ ਅਧਿਕਾਰੀ ਜਾਂਚ ਦੀ ਕਾਰਵਾਈ ਵਿੱਚ ਜੁਟੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਜਾਣ ਵੇਲੇ ਮਕਾਨ ਵਿਚ ਲੱਗੀ ਇੱਕ ਐਲਈਡੀ (ਟੈਲੀਵਿਜਨ) ਅਤੇ ਕੇ ਜੇ ਸਿੰਘ ਦੀ ਪੁਰਾਣੀ ਫੋਰਡ ਆਈਕੌਨ ਕਾਰ ਵੀ ਨਾਲ ਹੀ ਲੈ ਗਏ ਹਨ। ਪੁਲੀਸ ਵੱਲੋਂ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਮੰਗੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਬਾਰੇ ਜਾਣਕਾਰੀ ਹਾਸਿਲ ਹੋ ਸਕੇ। ਇਸ ਤੋਂ ਇਲਾਵਾ ਟੋਲ ਪਲਾਜਾਂ ’ਤੇ ਲੱਗੇ ਕੈਮਰਿਆਂ ਦੀ ਫੋਟੇਜ ਵੀ ਖਗਾਲੀ ਜਾ ਰਹੀ ਹੈ।
ਉਧਰ, ਸੰਪਰਕ ਕਰਨ ’ਤੇ ਜ਼ਿਲ੍ਹਾ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣੇ ਉਹ ਇਸ ਬਾਰੇ ਜਿਆਦਾ ਕੁਝ ਨਹੀਂ ਕਹਿ ਸਕਦੇ ਪਰ ਛੇਤੀ ਹੀ ਇਸ ਮਾਮਲੇ ਦੀ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ ਅਤੇ ਕਤਲ ਦੇ ਜਿੰਮੇਵਾਰ ਮੁਜਰਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …