Nabaz-e-punjab.com

ਸੀਨੀਅਰ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਸਿਆਸੀ, ਧਾਰਮਿਕ, ਸਮਾਜਿਕ ਤੇ ਪੱਤਰਕਾਰੀ ਖੇਤਰ ਦੀਆਂ ਨਾਮਵਰ ਹਸਤੀਆਂ ਪੁੱਜੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਸ਼ੰਗਾਰਾ ਸਿੰਘ ਭੁੱਲਰ ਨਮਿੱਤ ਅੰਤਿਮ ਅਰਦਾਸ ਅੱਜ ਇੱਥੋਂ ਦੇ ਸੈਕਟਰ-69 ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਨੇੜੇ ਆਰਮੀ ਇੰਸਟੀਚਿਊਟ ਆਫ਼ ਲਾਅ) ਵਿੱਚ ਹੋਈ। ਪਹਿਲਾਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਸ਼ਰਧਾਂਜਲੀ ਸਮਾਰੋਹ ਵਿੱਚ ਵੱਖ-ਵੱਖ ਸਮਾਜਿਕ, ਸਿਆਸੀ ਤੇ ਧਾਰਮਿਕ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ ਰਾਹੀਂ ਭੇਜਿਆ ਸ਼ੋਕ ਸੰਦੇਸ਼ ਪੜ੍ਹਿਆ ਗਿਆ। ਜਿਸ ਵਿੱਚ ਮੁੱਖ ਮੰਤਰੀ ਨੇ ਸ੍ਰੀ ਭੁੱਲਰ ਦੇ ਵਿਛੋੜੇ ਨੂੰ ਪਰਿਵਾਰ ਤੇ ਸਕੇ ਸਬੰਧੀਆਂ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ, ਉੱਥੇ ਪੱਤਰਕਾਰੀ ਖੇਤਰ ਲਈ ਵੱਡਾ ਘਾਟਾ ਦੱਸਿਆ ਗਿਆ। ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸ੍ਰੀ ਭੁੱਲਰ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਪੰਜਾਬੀ ਪੱਤਰਕਾਰੀ ਨੂੰ ਸਮਰਪਿਤ ਕੀਤਾ। ਜਿਨ੍ਹਾਂ ਚਾਰ ਅਖ਼ਬਾਰਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਰੋਜ਼ਾਨਾ ਸਪੋਕਸਮੈਨ ਅਤੇ ਦੇਸ਼ ਵਿਦੇਸ਼ ਟਾਈਮਜ਼ ਦੇ ਸੰਪਾਦਕ ਵਜੋਂ ਕੰਮ ਕੀਤਾ। ਉਹ ਬਹੁ-ਪੱਖੀ ਕਾਲਮਨਵੀਸ ਹੋਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਸੂਬੇ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਦ੍ਰਿਸ਼ਟੀਕੋਣਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਪੱਤਰਕਾਰੀ ਖੇਤਰ ਵਿੱਚ ਸਮਰਪਿਤ ਭਾਵਨਾ, ਲਗਨ ਤੇ ਤਨਦੇਹੀ ਨਾਲ ਨਿਭਾਈ ਜ਼ਿੰਮੇਵਾਰੀ ਸਦਕਾ ਉਨ੍ਹਾਂ ਨੂੰ ‘ਸ਼੍ਰੋਮਣੀ ਪੱਤਰਕਾਰ’ ਦਾ ਐਵਾਰਡ ਵੀ ਮਿਲਿਆ। ਉਨ੍ਹਾਂ ਦੇ ਤੁਰ ਜਾਣ ਨਾਲ ਪੱਤਰਕਾਰੀ ਖੇਤਰ ਵਿੱਚ ਪਏ ਖਲਾਅ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਸ੍ਰੀ ਭੁੱਲਰ ਨੂੰ ਸਹਿਜ ਤੇ ਸਮਰਪਣ ਦੀ ਮੂਰਤ ਦੱਸਦਿਆਂ ਪੱਤਰਕਾਰੀ ਖੇਤਰ ਦਾ ਧਰੂ ਤਾਰਾ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਸ਼ੰਗਾਰਾ ਸਿੰਘ ਭੁੱਲਰ ਦੇ ਤੁਰ ਜਾਣ ਦਾ ਘਾਟਾ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ, ਸਗੋਂ ਸਮੁੱਚੇ ਜਗਤ ਨੂੰ ਹੈ ਕਿਉਂਕਿ ਉਹ ਇਕ ਮਨੁੱਖ ਨਹੀਂ, ਸਗੋਂ ਇਕ ਸੰਸਥਾ ਸਨ, ਜਿਨ੍ਹਾਂ ਪੱਤਰਕਾਰੀ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਕਈ ਵਿਅਕਤੀਆਂ ਤੇ ਸੰਸਥਾਵਾਂ ਦੀ ਸਰਪ੍ਰਸਤੀ ਕੀਤੀ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸੇਵਾ ਸਿੰਘ ਸੇਖਵਾਂ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਵਿਧਾਇਕ ਕੰਵਰ ਸੰਧੂ, ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਐਸਜੀਪੀਸੀ ਮੈਂਬਰ ਤੇ ਪੰਥਕ ਆਗੂ ਹਰਦੀਪ ਸਿੰਘ, ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਬੱਬੀ ਬਾਦਲ, ਸੀਨੀਅਰ ਟਕਸਾਲੀ ਆਗੂ ਗੁਰਸੇਵ ਸਿੰਘ ਹਰਪਾਲਪੁਰ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਸਿੰਘ, ਦੈਨਿਕ ਜਾਗਰਣ ਗਰੁੱਪ ਦੇ ਚੀਫ਼ ਜਨਰਲ ਮੈਨੇਜਰ ਮੋਹਿੰਦਰ ਕੁਮਾਰ, ਰੋਜ਼ਾਨਾ ਸਪੋਕਸਮੈਨ ਦੀ ਐਮਡੀ ਜਗਜੀਤ ਕੌਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਤੇ ਸੁਰਿੰਦਰ ਸਿੰਘ ਤੇਜ, ਕਿਸਾਨ ਆਗੂ ਭੁਪਿੰਦਰ ਸਾਂਬਰ, ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਜੀਤ ਕੰਵਲ ਸਿੰਘ ਤੇ ਰਣਦੀਪ ਸਿੰਘ ਆਹਲੂਵਾਲੀਆ, ਜ਼ਿਲ੍ਹਾ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ, ਮੁਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ, ਉੱਘੇ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ, ਫਿਲਮ ਅਦਾਕਾਰ ਵਿਜੈ ਟੰਡਨ, ਪੰਜਾਬ ਪਬਲਿਕ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਤੇ ਜਨਰਲ ਸਕੱਤਰ ਇਕਬਾਲ ਸਿੰਘ ਬਰਾੜ, ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਤੇ ਸੁਖਦੇਵ ਸਿੰਘ ਪਟਵਾਰੀ ਅਤੇ ਹੋਰਾਂ ਨੇ ਸ਼ਰਧਾਂਜਲੀ ਭੇਟ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…