ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਰਨਰੀ ਅਫ਼ਸਰਾਂ ਨੇ ਡਾਇਰੈਕਟਰਾਂ ਨੂੰ ਮੰਗ ਪੱਤਰ ਸੌਂਪਿਆਂ

ਝੋਲਾਛਾਪ ਅਖੌਤੀ ਡਾਕਟਰਾਂ ਵੱਲੋਂ ਅਣਅਧਿਕਾਰਤ ਵੀਰਜ ਦੀ ਕੀਤੀ ਜਾ ਰਹੀ ਗੈਰਕਾਨੂੰਨੀ ਵਰਤੋਂ ਰੋਕਣ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 22 ਜਨਵਰੀ:
ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਸੀਨੀਅਰ ਵੈਟਰਨਰੀ ਅਫ਼ਸਰਾਂ ਦੀ ਨਵੀਂ ਬਣੀ ਜਥੇਬੰਦੀ ਪੰਜਾਬ ਐਨੀਮਲ ਹਸਬੈਂਡਰੀ ਸੀਨੀਅਰ ਵੈਟਸ ਐਸੋਸੀਏਸ਼ਨ ਦਾ ਸੂਬਾ ਪੱਧਰੀ ਵਫ਼ਦ ਨੇ ਮੁਹਾਲੀ ਦੇ ਸੈਕਟਰ-68 ਸਥਿਤ ਮੁੱਖ ਦਫ਼ਤਰ ਵਿਖੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਅਤੇ ਵਿਭਾਗ ਦੇ ਵੈਟਰਨਰੀ ਸੀਨੀਅਰ ਅਧਿਕਾਰੀਆਂ, ਫ਼ੀਲਡ ਸਟਾਫ਼ ਅਤੇ ਪਸ਼ੂ ਪਾਲਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਚਰਚਾ ਕੀਤੀ। ਵਫ਼ਦ ਨੇ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ।
ਜਥੇਬੰਦੀ ਦੇ ਕਨਵੀਨਰ ਡਾ. ਕੰਵਰ ਅਨੂਪ ਸਿੰਘ ਕਲੇਰ ਅਤੇ ਡਾ. ਦਰਸ਼ਨ ਸਿੰਘ ਖੇੜੀ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਨੂੰ ਪਿਛਲੇ ਦਿਨੀਂ ਜਾਰੀ ਕੀਤੇ ਅਣਉੱਚਿਤ ਕਾਰਨ ਦੱਸੋ ਨੋਟਿਸਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਨ੍ਹਾਂ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਮੁਸ਼ਕਲਾਂ ਜਿਵੇਂ ਸਟਾਫ਼ ਦੀ ਵੱਡੀ ਘਾਟ ਦੇ ਬਾਵਜੂਦ ਸਤ ਪ੍ਰਤੀਸ਼ਤ ਵਿਭਾਗੀ ਟੀਚੇ ਪੂਰੇ ਕਰਨ ਦਾ ਗੈਰ ਵਾਜਬ ਦਬਾਅ, ਵੈਟਰਨਰੀ ਅਫ਼ਸਰਾਂ, ਵੈਟਰਨਰੀ ਇੰਸਪੈਕਟਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਘਾਟ, ਗਊਆਂ ਲਈ ਵਧੀਆ ਨਸਲ ਦੇ ਵੀਰਜ ਦੀ ਘਾਟ, ਲੋੜੀਂਦੀਆਂ ਦਵਾਈਆਂ, ਸਾਜੋ ਸਮਾਨ ਅਤੇ ਸਟੇਸ਼ਨਰੀ ਦੀ ਸਪਲਾਈ, ਫ਼ੀਲਡ ਸਟਾਫ਼ ’ਤੇ ਕੰਮਾਂ ਦਾ ਵਾਧੂ ਬੋਝ, ਪੰਜਾਬ ਵਿੱਚ ਝੋਲਾ ਛਾਪ ਅਖੌਤੀ ਡਾਕਟਰਾਂ ਵੱਲੋਂ ਅਣਅਧਿਕਾਰਤ ਵੀਰਜ ਦੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਗੈਰ ਕਾਨੂੰਨੀ ਵਰਤੋਂ ਕਰਨ ਆਦਿ ਮੁੱਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਗਏ।
ਅਣਅਧਿਕਾਰਤ ਵੀਰਜ ਦੀ ਵਰਤੋਂ ਰੋਕਣ ਲਈ ਬੋਵਾਈਨ ਬਰੀਡਿੰਗ ਅਥਾਰਟੀ ਨੂੰ ਤੁਰੰਤ ਨਿਯੁਕਤ ਕਰਨ ਦੀ ਮੰਗ ਨੂੰ ਉਭਾਰਿਆ ਗਿਆ ਤਾਂ ਜੋ ਪੰਜਾਬ ਦੇ ਬੋਵਾਈਨ ਬਰੀਡਿੰਗ ਐਕਟ ਨੂੰ ਪਸ਼ੂ ਪਾਲਕਾਂ ਦੇ ਹਿੱਤ ਵਿੱਚ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਅਤੇ ਦਹਾਕਿਆਂ ਦੀ ਮਿਹਨਤ ਨਾਲ ਵਿਕਸਤ ਕੀਤੀ ਐਚਐਫ ਨਸਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਸੂਬੇ ਵਿੱਚ ਚੱਲ ਰਹੀ ਕੈਟਲ ਸੈਂਸਸ ਕਾਰਨ ਫ਼ੀਲਡ ਸਟਾਫ਼ ਦੇ ਵਾਧੂ ਰੁਝੇਵਿਆਂ ਦੇ ਮੱਦੇਨਜ਼ਰ ਗਊਆਂ ਵਿੱਚ ਧਫੜੀ ਰੋਗ ਦੀ ਵੈਕਸੀਨ ਇੱਕ ਫਰਵਰੀ ਦੀ ਥਾਂ 21 ਫਰਵਰੀ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ।
ਡਾਇਰੈਕਟਰ ਨੇ ਇਸ ਜਾਇਜ਼ ਮੰਗ ਨੂੰ ਸਵੀਕਾਰ ਕਰਦਿਆਂ ਪਸ਼ੂਆਂ ਵਿੱਚ ਵੈਕਸੀਨੇਸ਼ਨ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਭਾਰਤ ਸਰਕਾਰ ਵੱਲੋਂ ਤਿਆਰ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ (ਐਸਓਪੀ) ਨੂੰ ਨੇੜ ਭਵਿੱਖ ਵਿੱਚ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ, ਡਾ. ਚਤਿੰਦਰ ਸਿੰਘ ਰਾਏ, ਡਾ. ਗੁਰਜੀਤ ਸਿੰਘ, ਡਾ. ਗਗਨਦੀਪ ਕੌਸ਼ਲ, ਡਾ. ਹਰਜਿੰਦਰ ਸਿੰਘ, ਡਾ.ਰਾਜ ਕੁਮਾਰ ਗੁਪਤਾ, ਡਾ. ਅਸ਼ੀਸ਼ ਚੁੱਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ ਮਿਲਕਫੈੱਡ ਤੇ ਮਿਲਕ ਪਲਾਂ…