nabaz-e-punjab.com

ਲੋਕਲ ਬਾਡੀ ਵਿਭਾਗ ਵੱਲੋਂ ਵੱਖਰਾ ਫਾਇਰ ਡਾਇਰੈਕਟੋਰੇਟ ਬਣਾਇਆ ਜਾਵੇਗਾ: ਨਵਜੋਤ ਸਿੱਧੂ

ਘਪਲਿਆਂ ਵਿੱਚ ਸ਼ਾਮਲ ਅਕਾਲੀ ਦਲ ਦੇ ਵਿਧਾਇਕ ਬਹਾਨਾ ਬਣਾ ਕੇ ਵਿਧਾਨ ਸਭਾ ’ਚੋਂ ਭੱਜੇ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜੂਨ:
ਸੂਬੇ ਦੇ ਸ਼ਹਿਰੀਆਂ ਨੂੰ ਬਿਹਤਰ ਫਾਇਰ ਸੇਵਾਵਾਂ ਦੇਣ ਲਈ ਵੱਖਰਾ ਡਾਇਰੈਕਟੋਰੇਟ ਬਣਾਇਆ ਜਾਵੇਗਾ। ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਦੂਜੇ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਪੱੁਛੇ ਸਵਾਲ ਦੇ ਜਵਾਬ ਵਿੱਚ ਭਰੋਸਾ ਦਿਵਾਉਂਦਿਆਂ ਕਿਹਾ। ਸ੍ਰੀ ਸਿੱਧੂ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਫਾਇਰ ਤੇ ਐਬੂਲੈਸ ਦੋ ਅਜਿਹੀਆਂ ਸੇਵਾਵਾਂ ਹਨ। ਜਿਹੜੀਆਂ ਦੋ ਮਿੰਟਾਂ ਦੇ ਵਕਫੇ ਅੰਦਰ ਦੇਣੀਆਂ ਲਾਜ਼ਮੀ ਬਣਦੀਆਂ ਹਨ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਇਸ ਖੇਤਰ ਵਿੱਚ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ 54 ਫਾਇਰ ਸਟੇਸ਼ਨਾਂ ਲਈ 195 ਫਾਇਰ ਵਹੀਕਲ ਹਨ ਜਿਨ੍ਹਾਂ ਵਿੱਚੋਂ 114 ਆਊਟ ਡੇਟਿਡ ਹਨ।
ਵਿਧਾਇਕ ਵੱਲੋਂ ਸੁਨਾਮ ਵਿਖੇ ਫਾਇਰ ਸਟੇਸ਼ਨ ਨਾ ਹੋਣ ਦੀ ਗੱਲ ਕਹਿਣ ’ਤੇ ਸ੍ਰੀ ਸਿੱਧੂ ਨੇ ਕਿਹਾ ਪਿਛਲੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਕੌਮੀ ਆਫਤਨ ਪ੍ਰਬੰਧਨ ਹੇਠ 90 ਕਰੋੜ ਦੀ ਗਰਾਂਟ ਫਾਇਰ ਸੇਵਾਵਾਂ ਲਈ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਸਿਰਫ 17 ਕਰੋੜ ਰੁਪਏ ਹੀ ਖਰਚੀ ਗਈ, ਉਹ ਵੀ ਸਿਰਫ ਛੋਟੀਆਂ ਗੱਡੀਆਂ ਲਈ। ਬਾਕੀ ਗਰਾਂਟ ਦੀ ਰਾਸ਼ੀ ਖਰਚੀ ਨਾ ਜਾਣ ਕਰ ਕੇ ਵਾਪਸ ਹੋ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਅਸੀਂ ਤਾਕਤ ਵਿੱਚ ਬਦਲਾਂਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੱਖਰਾ ਫਾਇਰ ਡਾਇਰੈਕਟੋਰੇਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਹੁਣ ਕਈ ਮੰਜ਼ਿਲਾ ਇਮਾਰਤਾਂ ਬਣ ਗਈਆਂ ਹਨ ਪਰ ਫਾਇਰ ਸੇਵਾਵਾਂ ਲਈ ਕੋਈ ਵੀ ਅਤਿ-ਆਧੁਨਿਕ ਉੱਚੀ ਪੌੜੀ ਵਾਲਾ ਵਾਹਨ ਨਹੀਂ ਹੈ। ਸਿਰਫ ਮੁਹਾਲੀ ਵਿਖੇ ਇਕ ਹੈ। ਉਨ੍ਹਾਂ ਸਦਨ ਨੂੰ ਵਿਸ਼ਵਾਸ ਦਿਵਾਇਆ ਕਿ ਵਿਭਾਗ ਵੱਲੋਂ ਨਵੀਂ ਤਕਨੀਕ ਵਾਲੀਆਂ ਗੱਡੀਆਂ ਸਾਰੇ ਫਾਇਰ ਸਟੇਸ਼ਨਾਂ ਨੂੰ ਲੈ ਕੇ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਫਾਇਰ ਪ੍ਰੀਵੈਸ਼ਨ ਐਕਟ ਵੀ ਬਣਾਇਆ ਜਾਵੇਗਾ।
ਅਬੋਹਰ ਸ਼ਹਿਰ ਵਿੱਚ ਵਾਟਰ ਵਰਕਸ ਦੀ ਜਗ੍ਹਾਂ ’ਤੇ ਨਾਜਾਇਜ਼ ਕਬਜ਼ੇ ਸਬੰਧੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸਿੱਧੂ ਨੇ ਮੰਨਿਆ ਕਿ ਅਬੋਹਰ ਵਾਟਰ ਵਰਕਸ ਦੀ ਜ਼ਮੀਨ ’ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ। ਵਿਧਾਇਕ ਵੱਲੋਂ ਕਬਜ਼ਾ ਕਰਨ ਵਾਲਿਆਂ ਦੇ ਨਾਂ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਬਾਰੇ ਪੁੱਛੇ ਜਾਣ ’ਤੇ ਖੁਲਾਸਾ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਅਬੋਹਰ ਵਿਖੇ 1931 ਵਿੱਚ ਬਣੇ ਵਾਟਰ ਵਰਕਸ ਦੀ ਸਮਰੱਥਾ ਨੂੰ ਵਧਾਉਣ ਲਈ 1961 ਵਿੱਚ 9.25 ਏਕੜ ਜਗ੍ਹਾਂ ਐਕਵਾਇਰ ਕੀਤੀ ਗਈ ਸੀ ਅਤੇ ਜਿਨ੍ਹਾਂ ਲੋਕਾਂ ਦੀ ਇਹ ਜ਼ਮੀਨ ਐਕਵਾਇਰ ਕੀਤੀ ਗਈ ਸੀ, ਉਨ੍ਹਾਂ ਲੋਕਾਂ ਨੂੰ ਉਸ ਸਮੇਂ ਬਣਦਾ ਮੁਆਵਜ਼ਾ ਦੇ ਦਿੱਤਾ ਗਿਆ ਸੀ ਜਿਸ ਦਾ ਰਿਕਾਰਡ ਫਿਰੋਜ਼ਪੁਰ ਦੇ ਰਿਕਾਰਡ ਰੂਮ ਵਿੱਚ ਸੁਰੱਖਿਅਤ ਹੈ। 2007 ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਗਠਨ ਤੋਂ ਬਾਅਦ ਅਕਾਲੀ ਦਲ ਦੇ ਕੁਝ ਨੇਤਾਵਾਂ ਨੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰ ਕੇ ਕੁਝ ਜਗ੍ਹਾਂ ਦੀਆਂ ਰਜਿਸਟਰੀਆਂ ਆਪਣੇ ਨਾਂ ਕਰਵਾ ਲਈਆਂ। ਤਤਕਾਲੀ ਡਿਪਟੀ ਕਮਿਸ਼ਨਰ ਨੇ ਬਿਨਾਂ ਰਿਕਾਰਡ ਦੇਖੇ ਇਨ੍ਹਾਂ ਲੋਕਾਂ ਨੂੰ ਕਰੋੜਾਂ ਰੁਪਏ ਦੀ ਜਗ੍ਹਾਂ ’ਤੇ ਕਾਬਜ਼ ਕਰਨ ਲਈ ਨਿਸ਼ਾਨਦੇਹੀ ਦੇ ਹੁਕਮ ਕਰ ਦਿੱਤੇ। ਇਨ੍ਹਾਂ ਹੀ ਨਹੀਂ ਕਾਬਜ਼ ਲੋਕਾਂ ਨੇ ਰਜਿਸਟਰੀ ਤੋਂ ਵੱਧ ਅਗਲੇ ਖਸਰਾ ਨੰਬਰ ’ਤੇ ਕਬਜ਼ਾ ਕਰ ਲਿਆ।
ਸ੍ਰੀ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਂ ਰਜਿਸਟਰੀਆਂ ਹਨ, ਉਨ੍ਹਾਂ ਦੇ ਨਾਮ ਪਰਮਜੀਤ ਸਿੰਘ ਉਰਫ ਲਾਲੀ ਬਾਦਲ (ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਚਾਚਾ), ਗੁਰਦਿੱਤ ਸਿੰਘ, ਮਹਿੰਦਰ ਪ੍ਰਤਾਪ, ਰਾਮ ਦਿਆਲ, ਵਰਿੰਦਰ ਪਾਲ ਸਿੰਘ ਅਤੇ ਅਸ਼ੋਕ ਕੁਮਾਰ ਹਨ। ਸ੍ਰੀ ਸਿੱਧੂ ਨੇ ਵਿਧਾਇਕ ਦੀ ਮੰਗ ਨਾਲ ਸਹਿਮਤ ਹੁੰਦਿਆਂ ਮੁੱਖ ਮੰਤਰੀ ਜੀ ਕੋਲ ਮੰਗ ਰੱਖੀ ਕਿ ਜਿਨ੍ਹਾਂ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ, ਉਨ੍ਹਾਂ ਦੀ ਵਿਜੀਲੈਂਸ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਉਪਰੰਤ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ। ਵਿਧਾਨ ਸਭਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਘਪਲਿਆਂ ਕਾਰਨ ਹੁਣ ਉਹ ਸਦਨ ਤੋਂ ਬਾਹਰ ਲੋਕਾਂ ਅਤੇ ਸਦਨ ਅੰਦਰ ਸਰਕਾਰ ਦਾ ਸਾਹਮਣਾ ਨਹੀਂ ਕਰ ਸਕਦੇ ਜਿਸ ਕਾਰਨ ਅਕਾਲੀ ਦਲ ਦੇ ਵਿਧਾਇਕ ਬਿਨਾਂ ਕਿਸੇ ਮੁੱਦੇ ਤੋਂ ਬਹਾਨਾ ਬਣਾ ਕੇ ਸਦਨ ਤੋਂ ਵਾਕ ਆਊਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੂੰ ਪਤਾ ਸੀ ਕਿ ਅੱਜ ਅਬੋਹਰ ਵਾਟਰ ਵਰਕਸ ਦੀ ਜਗ੍ਹਾਂ ’ਤੇ ਉਨ੍ਹਾਂ ਦੇ ਰਿਸ਼ਤੇਦਾਰ ਵੱਲੋਂ ਕੀਤੇ ਕਬਜ਼ੇ ਸਬੰਧੀ ਵਿਧਾਨ ਸਭਾ ਵਿੱਚ ਸਵਾਲ ਲੱਗਿਆ ਹੈ, ਇਸ ਲਈ ਉਹ ਅੱਜ ਜਾਣ-ਬੁੱਝ ਕੇ ਗੈਰ ਹਾਜ਼ਰ ਰਹੇ।

Load More Related Articles

Check Also

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ…