Nabaz-e-punjab.com

ਵੱਖਰੀ ਸ਼੍ਰੋਮਣੀ ਕਮੇਟੀ: ਖ਼ਾਲਸਾ ਮਾਰਚ ਨੂੰ ਸਫਲ ਬਣਾਉਣ ਲਈ ਸਿੱਖ ਸੰਗਤ ਨੂੰ ਕੀਤਾ ਲਾਮਬੰਦ

ਵੱਖ-ਵੱਖ ਤਖ਼ਤ ਸਾਹਿਬਾਨਾਂ ਤੋਂ ਚੱਲਣ ਵਾਲੇ ਖ਼ਾਲਸਾ ਮਾਰਚ ਇਤਿਹਾਸਿਕ ਹੋਣਗੇ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਗੁਆਂਢੀ ਸੂਬਾ ਹਰਿਆਣਾ ਵਿੱਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਨੂੰ ਲੈ ਕੇ ਸਿੱਖਾਂ ਵਿੱਚ ਰੋਹ ਭਖਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਭਲਕੇ 7 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਅੰਬਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਕੱਢੇ ਜਾਣ ਵਾਲੇ ਖ਼ਾਲਸਾ ਮਾਰਚ ਨੂੰ ਇਤਿਹਾਸਿਕ ਦੱਸਦਿਆਂ ਕਿਹਾ ਕਿ ਖ਼ਾਲਸਾ ਮਾਰਚ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇੱਥੇ ਆਪਣੇ ਨਿਵਾਸ ’ਤੇ ਗੱਲਬਾਤ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਖ਼ਾਲਸਾ ਮਾਰਚ ਨੂੰ ਸਫਲ ਬਣਾਉਣ ਲਈ ਮੁਹਾਲੀ, ਖਰੜ, ਚਮਕੌਰ ਸਾਹਿਬ, ਬੰਗਾ, ਨਵਾਂ ਸ਼ਹਿਰ, ਬਲਾਚੌਰ ਆਦਿ ਥਾਵਾਂ ’ਤੇ ਮੀਟਿੰਗਾਂ ਕਰਕੇ ਸਿੱਖ ਸੰਗਤ ਅਤੇ ਪੰਥ ਦਰਦੀਆਂ ਨੂੰ ਖ਼ਾਲਸਾ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਖ਼ਾਲਸਾ ਮਾਰਚ ਦੀ ਅਗਵਾਈ ਤਲਵੰਡੀ ਸਾਬੋ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਕਰਨਗੇ। ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣ ਵਾਲੇ ਮਾਰਚ ਦੀ ਅਗਵਾਈ ਉਹ ਖ਼ੁਦ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਚੀਮਾ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਖ਼ਾਲਸਾ ਮਾਰਚ ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਦਿੱਤੇ ਇੱਕਤਰਫ਼ਾ ਫ਼ੈਸਲੇ ਦੇ ਵਿਰੋਧ ਵਿੱਚ ਕੱਢੇ ਜਾ ਰਹੇ ਹਨ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਹਰਿਆਣਾ ਲਈ ਵੱਖਰੇ ਗੁਰਦੁਆਰਾ ਐਕਟ 2014 ਨੂੰ ਮਾਨਤਾ ਦੇਣ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨਾਂ ਤੋਂ ਚੱਲਣ ਵਾਲਾ ਇਹ ਖ਼ਾਲਸਾ ਮਾਰਚ ਸਿੱਖ ਪੰਥ ਦੀ ਇਕਮੁੱਠਤਾ ਦਾ ਪ੍ਰਗਟਾਵਾ ਕਰੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਵਿੱਚ ਖ਼ਾਨਾਜੰਗੀ ਕਰਵਾ ਕੇ ਭਰਾ ਮਾਰੂ ਜੰਗ ਕਰਵਾਉਣ ਵਾਲੀਆਂ ਸਾਜ਼ਿਸ਼ਾਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗਾ।
ਸ੍ਰੀ ਚੰਦੂਮਾਜਰਾ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ (ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਅਤੇ ਗੁਰਦੁਆਰਾ ਮੰਜੀ ਸਾਹਿਬ, ਅੰਬਾਲਾ ਤੋਂ ਚੱਲਣ ਵਾਲਾ ਇਹ ਖ਼ਾਲਸਾ ਮਾਰਚ ਸਵੇਰੇ 10 ਵਜੇ ਅਰਦਾਸ ਕਰਕੇ ਰਵਾਨਾ ਹੋਵੇਗਾ ਅਤੇ ਬਾਅਦ ਦੁਪਹਿਰ 3 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਖ਼ਾਲਸਾ ਪੰਥ ਦੀ ਏਕਤਾ ਅਤੇ ਹੱਕ ਸੱਚ ਦੀ ਸਫ਼ਲਤਾ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇਗੀ।

Load More Related Articles

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…