nabaz-e-punjab.com

ਆਜ਼ਾਦੀ ਘੁਲਾਟੀਆਂ ਦੀਆਂ ਵੱਖ ਵੱਖ ਲਿਸਟਾਂ ਵਿੱਚ ਕਈ ਪਰਿਵਾਰਾਂ ਨਾਲ ਪੱਖਪਾਤ: ਕੁੰਭੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਮੁਹਾਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸਬੰਧ ਰੱਖਣ ਵਾਲੇ ਵੱਖ ਵੱਖ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਵੱਖ ਵੱਖ ਲਿਸਟਾਂ ਵਿੱਚ ਪਰਿਵਾਰਾਂ ਨੂੰ ਕੀਤੇ ਗਏ ਨਜ਼ਰਅੰਦਾਜ਼ ਤੋਂਂ ਬਾਅਦ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਤੱਕ ਅਜ਼ਾਦੀ ਘੁਲਾਟੀਆਂ ਦੀ ਅਵਾਜ਼ ਬੁਲੰਦ ਕਰਨ ਵਿਚ ਉਨ੍ਹਾਂ ਦਾ ਸਾਥ ਦੇਣ ਦੀ ਮੰਗ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਜ਼ਾਦੀ ਘੁਲਾਟੀਆਂ ਦੇ ਵੱਡੀ ਗਿਣਤੀ ਪਰਿਵਾਰਾਂ ਨਾਲ ਪੱਖਪਾਤ ਕੀਤਾ ਜਾਂਦਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਕੋਈ ਵੀ ਲਾਭ ਦੇਣ ਲਈ ਜ਼ਿਹੜੀਆਂ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਹਨ, ਉਹ ਆਪਸ ਵਿਚ ਮੇਲ ਹੀ ਨਹੀਂ ਖਾਂਦੀਆਂ। ਇਸ ਮੌਕੇ ਪਹੁੰਚੇ ਵੱਖ ਵੱਖ ਪਰਿਵਾਰਾਂ ਨੇ ਵੱਖ ਵੱਖ ਲਿਸਟਾਂ ਵੀ ਪੱਤਰਕਾਰਾਂ ਨੂੰ ਦਿਖਾਈਆਂ। ਅਜ਼ਾਦੀ ਘੁਲਾਟੀਏ ਸਵਰਗੀ ਰਾਜਾ ਰਾਮ ਭਾਰਦਵਾਜ ਨਿਵਾਸੀ ਪਿੰਡ ਕੁੰਭੜਾ ਦੇ ਪੋਤਰੇ ਮੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੇ ਅਜ਼ਾਦੀ ਦੀ ਲੜਾਈ ਲੜੀ ਅਤੇ ਦੇਸ਼ ਦੀ ਅਜ਼ਾਦੀ ਵਿਚ ਯੋਗਦਾਨ ਪਾਇਆ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਉਨ੍ਹਾਂ ਦਾ ਨਾਂ ਕਿਸੇ ਵੀ ਲਿਸਟ ਵਿਚ ਸ਼ਾਮਿਲ ਨਹੀਂ ਹੈ।
ਇਸ ਮੌਕੇ ਅਜ਼ਾਦੀ ਘੁਲਾਟੀਏ ਸਵਰਗੀ ਫ਼ਤਿਹ ਸਿੰਘ ਦੇ ਦੋਹਤੇ ਹਰਦੇਵ ਸਿੰਘ ਮੁੰਡੀਖਰੜ, ਓਮ ਪ੍ਰਕਾਸ਼ ਮੱਕੜਿਆਂ, ਰਜਿੰਦਰਪਾਲ ਸ਼ਰਮਾ ਮੱਕੜਿਆਂ, ਭਾਗਵੰਤੀ ਮੱਕੜਿਆਂ, ਮਹੇਸ਼ ਕੁਮਾਰ ਮਾਜਰੀ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ ਉਨ੍ਹਾਂ ਨੂੰ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਜੋਂ 15 ਅਗਸਤ ਜਾਂ 26 ਜਨਵਰੀ ਦੇ ਸਮਾਗਮਾਂ ਵਿਚ ਬੁਲਾ ਕੇ ਚਾਹ ਪਕੌੜੇ ਖੁਆ ਕੇ ਜਾਂ ਕੋਈ ਛੋਟਾ ਮੋਟਾ ਸਨਮਾਨ ਚਿੰਨ੍ਹ ਦੇ ਕੇ ਵਾਪਿਸ ਭੇਜ ਦਿੱਤਾ ਜਾਂਦਾ ਹੈ। ਪ੍ਰੰਤੂ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਸਰਕਾਰੀ ਲਾਭ ਨਹੀਂ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਆਪਣੇ ਪਹਿਚਾਣ ਪੱਤਰ ਬਣਾਉਣ ਲਈ ਤਿੰਨ ਤੋਂ ਲੈ ਕੇ ਪੰਜ ਪੰਜ ਸਾਲ ਤੱਕ ਇੰਤਜ਼ਾਰ ਕਰਨਾ ਪਿਆ।
ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਵੱਖ ਵੱਖ ਲਿਸਟਾਂ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਡੀ.ਸੀ. ਦਫ਼ਤਰ ਵੱਲੋਂ ਜਾਰੀ ਲਿਸਟ ਵਿਚ 109 ਅਜ਼ਾਦੀ ਘੁਲਾਟੀਆਂ ਦੇ ਨਾਮ ਸਨ, ਡੀ.ਡੀ.ਪੀ.ਓ. ਵੱਲੋਂ ਜਾਰੀ ਲਿਸਟ ਵਿਚ ਸਿਰਫ਼ 29 ਵਿਅਕਤੀਆਂ ਦੇ ਨਾਮ ਹਨ, ਪਟਿਆਲਾ ਦੇ ਕਿਤਾਬਚੇ ਵਿਚ 11 ਵਿਅਕਤੀਆਂ ਦੇ ਨਾਮ ਹਨ, ਰੋਪੜ ਜ਼ਿਲ੍ਹੇ ਦੇ ਕਿਤਾਬਚੇ ਮੁਤਾਬਕ ਮੋਹਾਲੀ ਤੋਂ 65 ਅਜ਼ਾਦੀ ਘੁਲਾਟੀਆਂ ਦੇ ਨਾਮ ਹਨ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਮੁਹਾਲੀ ਦੇ ਸਾਰੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਇੱਕ ਮੁਕੰਮਲ ਲਿਸਟ ਤਿਆਰ ਕੀਤੀ ਜਾਵੇ ਅਤੇ ਜਿਹੜੇ ਵੀ ਸਰਕਾਰ ਵੱਲੋਂ ਕੋਈ ਲਾਭ ਆਦਿ ਦਿੱਤੇ ਜਾਣੇ ਹਨ, ਉਹ ਸਾਰੇ ਪਰਿਵਾਰਾਂ ਨੂੰ ਇਕਸਾਰ ਦਿੱਤੇ ਜਾਣ ਅਤੇ ਕੋਈ ਪੱਖਪਾਤ ਨਾ ਕੀਤਾ ਜਾਵੇ।
ਇਸ ਮੌਕੇ ਸ੍ਰੀਮਤੀ ਭਾਗਵੰਤੀ ਪਿੰਡ ਮੱਕੜਿਆਂ, ਹਰਮੇਸ਼ ਕੁਮਾਰ ਮਾਜਰੀ, ਅਵਤਾਰ ਸਿੰਘ, ਸ਼ਿਵਾਨੀ ਸ਼ਰਮਾ ਮਾਜਰੀ, ਮੋਹਿਤ ਕੁਮਾਰ ਕੁੰਭੜਾ, ਸੰਜੀਵ ਕੁਮਾਰ ਕੁੰਭੜਾ, ਕਮਲ ਵਿਕਾਸ ਮਾਜਰੀ, ਹਰਦੇਵ ਸਿੰਘ, ਨਸੀਬ ਕੌਰ ਮੁੰਡੀ ਖਰੜ, ਨਿਰਮਲ ਸਿੰਘ ਕੁਰਾਲੀ ਆਦਿ ਵੀ ਹਾਜ਼ਰ ਸਨ। ਫੋਟੋ: ਅਜ਼ਾਦੀ ਘੁਲਾਟੀਆਂ ਦੇ ਪਰਿਵਾਰ ਫੋਟੋਆਂ ਅਤੇ ਪਹਿਚਾਣ ਪੱਤਰ ਅਤੇ ਸਰਟੀਫਿਕੇਟ ਆਦਿ ਦਿਖਾਉਂਦੇ ਹੋਏ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…