ਅਕਾਲੀ ਵਿਧਾਇਕ ਐਨਕੇ ਸ਼ਰਮਾ ’ਤੇ ਲੱਗੇ ਸ਼ਾਮਲਾਟ ਜ਼ਮੀਨ ਦੱਬਣ ਦੇ ਗੰਭੀਰ ਦੋਸ਼

ਸ਼ਿਕਾਇਤਕਰਤਾਵਾਂ ਵੱਲੋਂ ਦੋਸ਼ ਝੂਠੇ ਸਾਬਤ ਹੋਣ ਉੱਤੇ ਸਿਰ ਕਟਾਉਣ ਦੀ ਪੇਸ਼ਕਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਨੇ ਅਕਾਲੀ ਵਿਧਾਇਕ ਐਨਕੇ ਸ਼ਰਮਾ ’ਤੇ ਸ਼ਾਮਲਾਟ ਜ਼ਮੀਨ ਦੱਬਣ ਦੇ ਗੰਭੀਰ ਦੋਸ਼ ਲਗਾਏ ਹਨ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸੁਸਾਇਟੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਅਤੇ ਸੰਸਥਾਪਕ ਤੇ ਮੁਖ ਸਲਾਹਕਾਰ ਸੁਖਵਿੰਦਰ ਪਾਲ ਪਟਵਾਰੀ ਨੇ ਵਿਧਾਇਕ ਐਨ.ਕੇ. ਸ਼ਰਮਾ ਉਪਰ ਜ਼ੀਰਕਪੁਰ ਸਬ ਤਹਿਸੀਲ ਵਿਚ ਪੈਂਦੇ ਪਿੰਡ ਭਾਂਖਰਪੁਰ ਅਤੇ ਗਾਜ਼ੀਪੁਰ ਵਿਚ ਸ਼ਾਮਲਾਟ ਜ਼ਮੀਨਾਂ ਉੱਪਰ ਨਜਾਇਜ਼ ਕਬਜ਼ੇ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਇਕ ਐਨਕੇ ਸ਼ਰਮਾ ਵੱਲੋਂ ਪਿੰਡ ਗਾਜ਼ੀਪੁਰ ਵਿਚ ਸ਼ਾਮਲਾਟ 5 ਵਿੱਘੇ 5 ਵਿਸਵੇ ਜ਼ਮੀਨ ਉੱਤੇ ਦਰਬਾਰੀ ਲਾਲ ਫਾਊਂਡੇਸ਼ਨ ਸੰਸਥਾ ਬਣਾ ਕੇ ਨਜਾਇਜ਼ ਕਬਜ਼ਾ ਕੀਤਾ ਹੈ। ਇਸ ਸੰਸਥਾ ਵਿੱਚ ਮੁੱਖ ਅਹੁਦੇਦਾਰ ਸ਼ਰਮਾ ਦੀ ਪਤਨੀ ਅਤੇ ਤਿੰਨ ਭਰਜਾਈਆਂ ਹਨ। ਇਹ ਜ਼ਮੀਨ ਕਾਸ਼ਤਕਾਰਾਂ ਤੋਂ ਐਨਕੇ ਸ਼ਰਮਾ ਨੇ ਆਪਣੇ ਭਰਾ ਯਾਦਵਿੰਦਰ ਰਾਹੀਂ ਮੁਖ਼ਤਿਆਰਨਾਮੇ ਆਮ ਰਾਹੀਂ ਆਪਣੀ ਕੰਪਨੀ ਐਨਕੇ ਸ਼ਰਮਾ ਇੰਟਰਪ੍ਰਾਈਜਜ਼ ਦੇ ਨਾਂ ’ਤੇ ਖ਼ਰੀਦ ਕੇ ਆਪਣੀ ਪਰਿਵਾਰ ਦੀ ਸੰਸਥਾ ਦਰਬਾਰੀ ਲਾਲ ਫਾਊਂਡੇਸ਼ਨ ਦੇ ਨਾਂ ਤਬਦੀਲ ਕੀਤੀ ਗਈ ਅਤੇ ਕੁਝ ਜ਼ਮੀਨ ਐਨਕੇ ਸ਼ਰਮਾ ਇੰਟਰਪ੍ਰਾਈਜਜ਼ ਦੇ ਨਾਂ ਉੱਤੇ ਦਰਜ ਹੈ।
ਪਿੰਡ ਭਾਂਖਰਪੁਰ ਵਿਖੇ ਸ਼ਾਮਲਾਟ ਜ਼ਮੀਨ 11 ਕਨਾਲ 1 ਮਰਲਾ ਵਸੀਕਾ ਨੰ: 1013, ਮਿਤੀ 12.12.2014 ਦੇ ਨਾਲ ਮਹਿਜ਼ 13 ਲੱਖ ਰੁਪਏ ਵਿਚ ਹੀ ਖ਼ਰੀਦ ਕੀਤੀ ਗਈ ਜਦੋਂ ਕਿ ਇਹ ਜ਼ਮੀਨ ਚੰਡੀਗੜ੍ਹ-ਦਿੱਲੀ ਨੈਸ਼ਨਲ ਹਾਈਵੇ ਉੱਪਰ ਸਥਿਤ ਹੈ ਅਤੇ ਇਸ ਦੀ ਬਜ਼ਾਰੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਇੰਝ ਹੀ ਇਸੇ ਜ਼ਮੀਨ ’ਚੋਂ ਹੀ ਇਨ੍ਹਾਂ ਦੇ ਸਿਆਸੀ ਸਹਿਯੋਗੀ ਰੌਕੀ ਕਾਂਸਲ ਜੋ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਰੀਅਲ ਅਸਟੇਟ ਕਾਰੋਬਾਰ ਵਿੱਚ ਭਾਈਵਾਲ ਹਨ, ਦੇ ਭਰਾ ਨੀਰਜ ਕਾਂਸਲ ਵੱਲੋਂ 4 ਕਨਾਲ 3 ਮਰਲੇ ਸ਼ਾਮਲਾਟ ਜ਼ਮੀਨ ਦਾ ਲੀਜ਼ ਐਗਰੀਮੈਂਟ ਜ਼ੀਰਕਪੁਰ ਇਲਾਕੇ ਦੇ ਨੌਜਵਾਨ ਨਾਲ ਕੀਤਾ ਗਿਆ।
(ਬਾਕਸ ਆਈਟਮ)
ਉਧਰ, ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਨਗਲਾ ਅਤੇ ਸੁਖਵਿੰਦਰ ਸਿੰਘ ਪਟਵਾਰੀ ਝੂਠੇ ਤੇ ਬਲੈਕਮੇਲਰ ਵਿਅਕਤੀ ਹਨ, ਜੋ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਪਿੱਠੂ ਬਣ ਕੇ ਉਸ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਇਨ੍ਹਾਂ ਵਿਅਕਤੀਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਅਦਾਲਤ ਵਿੱਚ ਖੜਾ ਕਰਨਗੇ ਕਿ ਜੇਕਰ ਉਨ੍ਹਾਂ ਕੋਲ ਉਸ ਦੇ ਖ਼ਿਲਾਫ਼ ਕੋਈ ਸਬੂਤ ਹਨ ਤਾਂ ਪੇਸ਼ ਕਰਨ। ਸ੍ਰੀ ਸ਼ਰਮਾ ਨੇ ਕਿਹਾ ਕਿ ਪਿੰਡ ਗਾਜ਼ੀਪੁਰ ਦੀ ਜ਼ਮੀਨ ਦੀ ਰਜਿਸਟਰੀ ਹੋਈ ਹੈ ਅਤੇ ਉੱਥੇ ਬਣੇ ਸਕੂਲ ਨੂੰ ਇਕ ਟਰੱਸਟ ਚਲਾ ਰਿਹਾ ਹੈ। ਪਿੰਡ ਭਾਂਖਰਪੁਰ ਵਿੱਚ ਸੇਠੀ ਢਾਬਾ ਅਤੇ ਰਿਲਾਇੰਸ ਪੈਟਰੋਲ ਪੰਪ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਅਤੇ ਸਿਆਸਤ ਤੋਂ ਪ੍ਰੇਰਿਤ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …