Nabaz-e-punjab.com

ਬੀਐਮਡਬਲਿਊ ਕਾਰ ਵਿੱਚ ਲੜਕੀ ਨਾਲ ਬੈਠਾ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਇੱਥੋਂ ਦੇ ਫੇਜ਼-7 ਵਿੱਚ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਬੀਐਮਡਬਲਿਊ ਕਾਰ ਵਿੱਚ ਸਵਾਰ ਇੱਕ ਨੌਜਵਾਨ ਆਪਣੀ ਹੀ ਲਾਇਸੈਂਸੀ ਪਿਸਤੌਲ ’ਚੋਂ ਗੋਲੀ ਚੱਲਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਸਰਬਜੀਤ ਸਿੰਘ ਵਾਸੀ ਸੰਗਰੂਰ ਨੂੰ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਸਰਬਜੀਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਿਸ ਕਾਰਨ ਪੁਲੀਸ ਵੱਲੋਂ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਹਨ।
ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਆਪਣੀ ਬੀਐਮਡਬਲਿਊ ਕਾਰ ਵਿੱਚ ਆਪਣੀ ਕਿਸੇ ਜਾਣਕਾਰ ਲੜਕੀ ਨਾਲ ਬੈਠਾ ਸੀ। ਇਸ ਦੌਰਾਨ ਕੁਝ ਨੌਜਵਾਨ ਉਨ੍ਹਾਂ ਕੋਲ ਆਏ ਅਤੇ ਕਾਰ ਦੇ ਸ਼ੀਸ਼ੇ ’ਤੇ ਹੱਥ ਮਾਰ ਜ਼ਬਰਦਸਤੀ ਤਾਕੀ ਖੁਲ੍ਹਾਉਣ ਦਾ ਯਤਨ ਕੀਤਾ। ਜਿਵੇਂ ਹੀ ਸਰਬਜੀਤ ਸਿੰਘ ਨੇ ਆਪਣੀ ਸੁਰੱਖਿਆ ਲਈ ਲਾਇਸੈਂਸੀ ਪਿਸਤੌਲ ਕੱਢੀ ਤਾਂ ਅਚਾਨਕ ਗੋਲੀ ਚੱਲ ਗਈ ਅਤੇ ਗੋਲੀ ਸਰਬਜੀਤ ਦੇ ਪੱਟ ਵਿੱਚ ਲੱਗ ਗਈ। ਇਸ ਮਗਰੋਂ ਜ਼ਬਰਦਸਤੀ ਤਾਕੀ ਖੁਲ੍ਹਵਾਉਣ ਵਾਲੇ ਨੌਜਵਾਨ ਉੱਥੋਂ ਭੱਜ ਗਏ ਅਤੇ ਸਰਬਜੀਤ ਨਾਲ ਕਾਰ ਵਿੱਚ ਬੈਠੀ ਹੋਈ ਲੜਕੀ ਨੇ ਹਿੰਮਤ ਕਰਕੇ ਤੁਰੰਤ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪ੍ਰੰਤੂ ਮਟੌਰ ਥਾਣੇ ਦਾ ਸਟਾਫ਼ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਸ਼ਹਿਰ ਵਿੱਚ ਅਜਿਹਾ ਕੋਈ ਹਾਦਸਾ ਹੋਇਆ ਹੈ। ਐਸਐਚਓ ਦਾ ਕਹਿਣਾ ਸੀ ਕਿ ਉਹ ਗਸ਼ਤ ਡਿਊਟੀ ’ਤੇ ਹਨ। ਲਿਹਾਜ਼ਾ ਥਾਣੇ ਦੇ ਮੁਨਸ਼ੀ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ, ਪ੍ਰੰਤੂ ਮੁਨਸ਼ੀ ਦਾ ਫੋਨ ਬੰਦ ਸੀ। ਜਾਂਚ ਅਧਿਕਾਰੀ ਥਾਣੇਦਾਰ ਲਖਵਿੰਦਰ ਸਿੰਘ ਨੇ ਫੋਨ ਹੀ ਨਹੀਂ ਚੁੱਕਿਆ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੂੰ ਉਸ ਦੀ ਆਪਣੀ ਹੀ ਲਾਇਸੈਂਸੀ ਪਿਸਤੌਲ ’ਚੋਂ ਅਚਾਨਕ ਗੋਲੀ ਚੱਲਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਦੇ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…