ਘੋਰ ਲਾਪਰਵਾਹੀ: ਗਰੇਸ਼ੀਅਨ ਹਸਪਤਾਲ ਨੇ ਜਿਊਂਦੇ ਮਰੀਜ਼ ਨੂੰ ਮ੍ਰਿਤਕ ਐਲਾਨਿਆ

ਇਕ ਹੋਰ ਪੀੜਤ ਪਰਿਵਾਰ ਨੂੰ ਕਿਸੇ ਹੋਰ ਮਰੀਜ਼ ਦੀ ਲਾਸ਼ ਦਿੱਤੀ, ਹਸਪਤਾਲ ਨੇ ਮੁਆਫ਼ੀ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਇੱਥੋਂ ਦੇ ਗਰੇਸ਼ੀਅਨ ਸੁਪਰ ਸਪੈਸਲਿਟੀ ਹਸਪਤਾਲ ਸੈਕਟਰ-69 ਦੀ ਮਰੀਜ਼ਾਂ ਪ੍ਰਤੀ ਕਥਿਤ ਲਾਪਰਵਾਹੀ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਤਾਂ ਹਸਪਤਾਲ ਦੇ ਮੈਡੀਕਲ ਸਟਾਫ਼ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ। ਮੁਹਾਲੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੂੰ ਪਹਿਲਾਂ ਸਵੇਰੇ ਮ੍ਰਿਤਕ ਐਲਾਨ ਦਿੱਤਾ ਅਤੇ ਬਾਅਦ ਵਿੱਚ ਉਸ ਦੇ ਜਿਊਂਦਾ ਹੋਣ ਦੀ ਸੂਚਨਾ ਦਿੱਤੀ ਗਈ। ਕਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਨੂੰ ਗਰੇਸ਼ੀਅਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਵੈਂਟੀਲੇਟਰ ’ਤੇ ਸਨ। ਅੱਜ ਵੀ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਬਾਊਂਸਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਸਟਾਫ਼ ਨੇ ਅੱਜ ਸਵੇਰੇ ਕਰੀਬ ਸਾਢੇ 7 ਵਜੇ ਸ੍ਰੀ ਢਿੱਲੋਂ ਦੇ ਬੇਟੇ ਰਾਜੂ ਢਿੱਲੋਂ ਨੂੰ ਫੋਨ ’ਤੇ ਦੁਖਦਾਈ ਖ਼ਬਰ ਸੁਣਵਾਈ ਗਈ ਕਿ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ। ਇਸ ਸਬੰਧੀ ਹਸਪਤਾਲ ਵੱਲੋਂ ਬਾਕਾਇਦਾ ਸਿਵਲ ਸਰਜਨ ਨੂੰ ਵੀ ਜਾਣਕਾਰੀ ਭੇਜੀ ਗਈ। ਪਰਿਵਾਰ ਅਤੇ ਸਮਰਥਕਾਂ ਨੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਜਾਣਕਾਰ ਮੀਡੀਆ ਕਰਮੀਆਂ ਨੂੰ ਢਿੱਲੋਂ ਦੀ ਮੌਤ ਸਬੰਧੀ ਇਤਲਾਹ ਦਿੰਦਿਆਂ ਬਾਅਦ ਦੁਪਹਿਰ ਦੋ ਵਜੇ ਅੰਤਿਮ ਸਸਕਾਰ ਦੇ ਸੁਨੇਹੇ ਲਗਾਏ ਗਏ। ਭਾਜਪਾ ਦੇ ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਨਗਰ ਨਿਗਮ ਦੇ ਜੇਈ ਨਾਲ ਤਾਲਮੇਲ ਕਰਕੇ ਫਿਊਨਲ ਵੈਨ ਅਤੇ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਲਾਸ਼ ਦਾ ਸਸਕਾਰ ਕਰਨ ਬਾਰੇ ਸੂਚਨਾ ਦਿੱਤੀ ਗਈ, ਪ੍ਰੰਤੂ ਕੁੱਝ ਸਮੇਂ ਬਾਅਦ ਜਦੋਂ ਉਹ ਕਾਊਂਟਰ ’ਤੇ ਇਲਾਜ ਸਬੰਧੀ ਖ਼ਰਚੇ ਦਾ ਹਿਸਾਬ ਕਲੀਅਰ ਕਰਨ ਕਾਊਂਟਰ ’ਤੇ ਗਏ ਤਾਂ ਪਰਿਵਾਰ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਦਾ ਮਰੀਜ਼ ਮਰਿਆ ਨਹੀਂ ਜਿਊਂਦਾ ਹੈ। ਗਲਤੀ ਨਾਲ ਉਨ੍ਹਾਂ ਨੂੰ ਮਰੀਜ਼ ਦੀ ਮੌਤ ਦਾ ਸੁਨੇਹਾ ਲੱਗ ਗਿਆ ਸੀ। ਇਸ ਦੌਰਾਨ ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰਕ ਮੈਂਬਰਾਂ ਨੂੰ ਪੀਪੀਈ ਕਿੱਟ ਪਹਿਨਾ ਕੇ ਹਸਪਤਾਲ ਵਿੱਚ ਦਾਖ਼ਲ ਢਿੱਲੋਂ ਨੂੰ ਦਿਖਾਇਆ ਗਿਆ, ਜੋ ਵੈਂਟੀਲੇਟਰ ’ਤੇ ਸਨ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਸਨ। ਦਰਅਸਲ ਹਸਪਤਾਲ ਵਿੱਚ ਜੇਰੇ ਇਲਾਜ ਰਾਮ ਪਾਲ ਦੀ ਮੌਤ ਹੋਈ ਸੀ ਪ੍ਰੰਤੂ ਸਟਾਫ਼ ਨੇ ਗਲਤੀ ਨਾਲ ਉਨ੍ਹਾਂ ਦੇ ਫੋਨ ਨੰਬਰ ’ਤੇ ਸੁਨੇਹਾ ਲਗਾ ਦਿੱਤਾ ਸੀ।
ਇਸੇ ਤਰ੍ਹਾਂ ਡੇਰਾਬੱਸੀ ਦੇ ਇਕ ਮਰੀਜ਼ ਦੀ ਲਾਸ਼ ਹੀ ਬਦਲ ਦਿੱਤੀ ਗਈ। ਪੀਜੀਆਈ ਤੋਂ ਗਰੇਸ਼ੀਅਨ ਹਸਪਤਾਲ ਵਿੱਚ ਲਿਆਂਦੀ ਗਈ ਅੌਰਤ ਦੇ ਪਰਿਵਾਰਕ ਮੈਂਬਰ ਵੀ ਕਾਫੀ ਰੌਲਾ ਪਾ ਰਹੇ ਹਨ। ਇਸ ਤਰ੍ਹਾਂ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਰਿਸ਼ਤੇਦਾਰਾਂ ਨੇ ਆਪਣੇ ਮਰੀਜ਼ ਦਾ ਚਿਹਰਾ ਦਿਖਾਉਣ ਦੀ ਮੰਗ ਕਰਦਿਆਂ ਲਾਸ਼ ਲਿਜਾਉਣ ਤੋਂ ਮਨ੍ਹਾਂ ਕਰ ਦਿੱਤਾ। ਮ੍ਰਿਤਕ ਪ੍ਰੇਮ ਵਰਮਾ ਦੇ ਭਰਾ ਸੰਦੀਪ ਵਰਮਾ ਨੇ ਕਿਹਾ ਕਿ ਹਸਪਤਾਲ ਵੱਲੋਂ ਉਨ੍ਹਾਂ ਨੂੰ ਕਿਸੇ ਹੋਰ ਵਿਅਕਤੀ ਦੀ ਲਾਸ਼ ਦੇ ਦਿੱਤੀ ਸੀ। ਬਾਅਦ ਵਿੱਚ ਪੁਲੀਸ ਦੇ ਦਖ਼ਲ ਨਾਲ ਇਹ ਮਾਮਲਾ ਹੱਲ ਕੀਤਾ ਗਿਆ। ਇੰਜ ਹੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੀਨਾ ਰਾਣੀ ਰਾਜਪੁਰਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਸੀ। ਉਸ ਨੂੰ ਸ਼ਾਹ ਦੀ ਦਿੱਕਤ ਸੀ ਅਤੇ ਡਾਕਟਰਾਂ ਨੇ ਸੈਂਪਲ ਲੈ ਕੇ 10 ਮਿੰਟਾਂ ਬਾਅਦ ਕਹਿ ਦਿੱਤਾ ਕਿ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਿਹੜੀ ਲੈਬ ਹੈ ਜੋ 10 ਮਿੰਟਾਂ ਵਿੱਚ ਜਾਂਚ ਰਿਪੋਰਟ ਮਰੀਜ਼ ਨੂੰ ਮਿਲ ਜਾਂਦੀ ਹੈ। ਉਹ ਆਪਣੇ ਮਰੀਜ਼ ਨੂੰ ਲੈ ਕੇ ਪੀਜੀਆਈ ਪਹੁੰਚ ਗਏ। ਜਿੱਥੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਕਰੋਨਾ ਨਹੀਂ ਹੋਇਆ ਹੈ, ਡਾਇਲਾਸਿਸ ਦੀ ਲੋੜ ਹੈ। ਜਿਸ ਕਾਰਨ ਉਹ ਮਰੀਜ਼ ਨੂੰ ਲੈ ਕੇ ਇੱਥੇ ਪਹੁੰਚ ਗਏ।
ਉਧਰ, ਦੂਜੇ ਪਾਸੇ ਗਰੇਸ਼ੀਅਨ ਹਸਪਤਾਲ ਦੇ ਨੁਮਾਇੰਦੇ ਰਾਹੁਲ ਮਾਰੀਆ ਨੇ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਮਰੀਜ਼ਾਂ ਵਿੱਚ ਪੂਰਾ ਖਿਆਲ ਰੱਖਿਆ ਜਾਂਦਾ ਹੈ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਮਰੀਜ਼ਾਂ ਦੇ ਪਰਿਵਾਰਾਂ ਵੱਲੋਂ ਹੰਗਾਮਾ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਜੇਕਰ ਕਿਸੇ ਨੂੰ ਲਗਦਾ ਹੈ ਕਿ ਇੱਥੇ ਮਿਆਰੀ ਸਹੂਲਤਾਂ ਨਹੀਂ ਹਨ ਤਾਂ ਉਹ ਆਪਣੇ ਮਰੀਜ਼ ਲੈ ਕੇ ਹਸਪਤਾਲ ਵਿੱਚ ਨਾ ਆਉਣ। ਉਹ ਕਿਸੇ ਨੂੰ ਜ਼ਬਰਦਸਤੀ ਇੱਥੇ ਇਲਾਜ ਲਈ ਨਹੀਂ ਬੁਲਾ ਰਹੇ ਹਨ। ਜੇ ਸਹੂਲਤਾਂ ਮਿਲਦੀਆਂ ਹਨ ਤੱਦ ਹੀ ਲੋਕ ਇਲਾਜ ਲਈ ਆਉਂਦੇ ਹਨ।
ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਢਿੱਲੋਂ ਨੂੰ ਮ੍ਰਿਤਕ ਐਲਾਨੇ ਜਾਣ ਸਬੰਧੀ ਰਾਹੁਲ ਨੇ ਦੱਸਿਆ ਕਿ ਸਟਾਫ਼ ਮੈਂਬਰ ਕੋਲੋਂ ਗਲਤੀ ਨਾਲ ਕਿਸੇ ਹੋਰ ਮ੍ਰਿਤਕ ਮਰੀਜ਼ ਦੀ ਥਾਂ ਢਿੱਲੋਂ ਪਰਿਵਾਰ ਨੂੰ ਗਲਤੀ ਨਾਲ ਸੂਚਨਾ ਦਿੱਤੀ ਗਈ ਸੀ। ਇਸ ਸਬੰਧੀ ਉਨ੍ਹਾਂ ਨੇ ਆਪਣੀ ਗਲਤੀ ਮੰਨਦਿਆਂ ਪੀੜਤ ਪਰਿਵਾਰ ਤੋਂ ਮੁਆਫ਼ੀ ਮੰਗ ਲਈ ਹੈ। ਡੇਰਾਬੱਸੀ ਦੇ ਮਰੀਜ਼ ਦੀ ਲਾਸ਼ ਬਦਲਣ ਸਬੰਧੀ ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਕੰਮ ਦੇ ਦਬਾਅ ਕਾਰਨ ਅਜਿਹਾ ਹੋ ਗਿਆ ਸੀ ਅਤੇ ਅੱਗੇ ਤੋਂ ਉਹ ਪੂਰਾ ਖਿਆਲ ਰੱਖਣਗੇ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…