nabaz-e-punjab.com

ਪੋਲਿੰਗ ਬੂਥ ਦੇ ਬਾਹਰ ਹੱੁਲੜਬਾਜੀ ਕਰਨ ਦੇ ਦੋਸ਼ ਵਿੱਚ ਅਕਾਲੀ ਆਗੂ ਤੇ ਸਾਥੀਆਂ ਦੇ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਲੋਕ ਸਭਾ ਚੋਣਾਂ ਦੌਰਾਨ ਐਤਵਾਰ ਨੂੰ ਨੇੜੇ ਪਿੰਡ ਬੜੀ ਵਿੱਚ ਪੋਲਿੰਗ ਬੂਥ ਦੇ ਬਾਹਰ ਹੱੁਲੜਬਾਜੀ ਕਰਨ ਅਤੇ ਵੋਟਰਾਂ ਨੂੰ ਭਰਮਾਉਣ ਵਾਲਿਆਂ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਜਸਪ੍ਰੀਤ ਸਿੰਘ ਉਰਫ਼ ਸੋਨੀ ਬੜੀ, ਹਰਨੇਕ ਸਿੰਘ ਨੇਕਾ, ਜਗਦੀਪ ਸਿੰਘ ਜੱਗੀ, ਜਸਵੰਤ ਸਿੰਘ ਅਤੇ ਦਲੇਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਨਾਇਬ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਮਤਦਾਨ ਦੌਰਾਨ ਸੋਹਾਣਾ ਪੁਲੀਸ ਨੂੰ ਪੋਲਿੰਗ ਬੂਥ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਕਤ ਵਿਅਕਤੀਆਂ ਨੇ ਪੋਲਿੰਗ ਬੂਥ ਦੇ ਬਾਹਰ ਹੁੱਲੜਬਾਜੀ ਕੀਤੀ ਹੈ। ਸੂਚਨਾ ਮਿਲਦੇ ਹੀ ਡੀਐਸਪੀ ਨਵਰੀਤ ਸਿੰਘ ਵਿਰਕ ਅਤੇ ਥਾਣਾ ਸੋਹਾਣਾ ਦੀ ਐਸਐਚਓ ਖ਼ੁਸ਼ਪ੍ਰੀਤ ਕੌਰ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਸੀ।
ਉਧਰ, ਪੁਲੀਸ ਸੂਤਰਾਂ ਦੀ ਜਾਣਕਾਰੀ ਮੁਤਾਬਕ ਨਜ਼ਦੀਕੀ ਪਿੰਡ ਮਟਰਾਂ ਦਾ ਵਸਨੀਕ ਦਵਿੰਦਰ ਸਿੰਘ ਨੂੰ ਅੱਖਾਂ ਨੂੰ ਘੱਟ ਦਿਖਦਾ ਸੀ, ਇਸ ਲਈ ਉਸ ਦੀ ਮਦਦ ਲਈ ਕੋਈ ਵਿਅਕਤੀ ਉਸ ਨੂੰ ਪੋਲਿੰਗ ਬੂਥ ਦੇ ਅੰਦਰ ਲੈ ਕੇ ਗਿਆ ਸੀ ਤਾਂ ਉੱਥੇ ਮੌਜੂਦ ਅਕਾਲੀ ਵਰਕਰਾਂ ਨੇ ਹੰਗਾਮਾ ਕਰਦਿਆਂ ਲੋੜਵੰਦ ਵੋਟਰ ਦੀ ਮਦਦ ਕਰਨ ਵਾਲੇ ਵਿਅਕਤੀ ਨਾਲ ਗਾਲੀ ਗਲੋਚ ਤੋਂ ਬਾਅਦ ਹੱਥੋਪਾਈ ਕੀਤੀ ਅਤੇ ਪੋਲਿੰਗ ਬੂਥ ਦੇ ਬਾਹਰ ਸ਼ਰ੍ਹੇਆਮ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਵਰਕਰਾਂ ਨੂੰ ਕੋਈ ਇਤਰਾਜ ਸੀ ਤਾਂ ਉਨ੍ਹਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀ ਸਗੋਂ ਪੁਲੀਸ ਨੂੰ ਸ਼ਿਕਾਇਤ ਦੇਣੀ ਚਾਹੀਦੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਐਤਵਾਰ ਨੂੰ ਮਤਦਾਨ ਦੌਰਾਨ ਪਿੰਡ ਬੜੀ ਵਿੱਚ ਪੋਲਿੰਗ ਬੂਥ ਦੇ ਬਾਹਰ ਹੋਈ ਹੁੱਲੜਬਾਜੀ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਵਿੱਚ ਕੁਝ ਵਿਅਕਤੀ ਆਪਸ ਵਿੱਚ ਹੱਥੋਪਾਈ ਹੁੰਦੇ ਦਿਖਾਈ ਦੇ ਰਹੇ ਹਨ।
ਇਸੇ ਤਰ੍ਹਾਂ ਅਕਾਲੀਆਂ ਦੇ ਗੜ੍ਹ ਮੰਨੇ ਜਾਂਦੇ ਪਿੰਡ ਮੌਲੀ ਬੈਦਵਾਨ ਵਿੱਚ ਵੋਟਰਾਂ ਨੂੰ ਭਰਮਾਉਣ ਕਾਰਨ ਹੋਈ ਤਕਰਾਰ ਦੇ ਮਾਮਲੇ ਵਿੱਚ ਪੁਲੀਸ ਨੇ ਪੋਲਿੰਗ ਬੂਥ ਦੇ ਇੰਚਾਰਜ ਏਐਸਆਈ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪੁਲੀਸ ਨੇ ਵਿਸ਼ਾਲ ਸੂਦ ਅਤੇ ਤਰਲੋਚਨ ਸਿੰਘ ਦੇ ਖ਼ਿਲਾਫ਼ ਧਾਰਾ ਰਿਪਰੈਸ਼ਨ ਐਕਟ 132, 506 ਅਤੇ 188 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੂਥ ਇੰਚਾਰਜ ਨੇ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਪਿੰਡ ਵਾਸੀ ਵੋਟ ਪਾਉਣ ਲਈ ਲਾਈਨਾਂ ਵਿੱਚ ਖੜੇ ਸਨ ਤਾਂ ਅਚਾਨਕ ਉੱਥੇ ਮੌਜੂਦ ਵਿਸ਼ਾਲ ਸੂਦ ਅਤੇ ਤਰਲੋਚਨ ਸਿੰਘ ਦੋਵੇਂ ਵਾਸੀ ਪਿੰਡ ਮਟੌਰ ਨੇ ਵੋਟਰਾਂ ਨੂੰ ਕਿਸੇ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਣਾ ਸ਼ੁਰੂ ਕਰ ਦਿੱਤਾ। ਜਿਸ ਦਾ ਲੋਕਾਂ ਨੇ ਕਾਫੀ ਇਤਰਾਜ਼ ਕੀਤਾ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…