ਗਮਾਡਾ\ਪੁੱਡਾ ਦੀਆਂ ਅਥਾਰਟੀਆਂ ਵਿੱਚ ਤਾਇਨਾਤ 350 ਮੁਲਜ਼ਮਾਂ ਦੀਆਂ ਸੇਵਾਵਾਂ ਖ਼ਤਮ

ਪੀੜਤ ਮੁਲਾਜ਼ਮਾਂ ਵੱਲੋਂ ਪੁੱਡਾ\ਗਮਾਡਾ ਅਥਾਰਟੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ, ਮੁਲਾਜ਼ਮਾਂ ਦਾ ਵਫ਼ਦ ਵਿਧਾਇਕ ਸਿੱਧੂ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਵਧੀਕ ਪ੍ਰਮੁੱਖ ਸਕੱਤਰ ਨੇ ਗਮਾਡਾ\ਪੁੱਡਾ ਦੇ ਮੁੱਖ ਦਫ਼ਤਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਥਾਰਟੀ ਦੇ ਦਫ਼ਤਰਾਂ ਵਿੱਚ ਤਾਇਨਾਤ ਆਊਟ ਸੋਰਸਿਸ ਅਤੇ ਡੇਲੀਵੇਜ਼ ਕਰੀਬ 350 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰਨ ਦਾ ਫੁਰਮਾਨ ਜਾਰੀ ਕਰਕੇ ਪੁੱਡਾ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ 31 ਦਸੰਬਰ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਸਮਝੀਆਂ ਜਾਣਗੀਆਂ।
ਉਧਰ, ਗਮਾਡਾ\ਪੁੱਡਾ ਸੰਯੁਕਤ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ, ਬਲਜਿੰਦਰ ਸਿੰਘ ਬਿੱਲਾ, ਪ੍ਰਗਟ ਸਿੰਘ, ਪਰਮਜੀਤ ਸਿੰਘ, ਭਾਗ ਸਿੰਘ ਅਤੇ ਮਨਜੀਤ ਸਿੰਘ ਅਤੇ ਹੋਰਨਾਂ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਦੀ ਬਹਾਲੀ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਗਮਾਡਾ\ਪੁੱਡਾ ਸੰਯੁਕਤ ਐਕਸ਼ਨ ਕਮੇਟੀ ਦਾ ਵਫ਼ਦ ਪੀੜਤ ਮੁਲਾਜ਼ਮਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ ਹੈ ਅਤੇ ਮੰਗ ਪੱਤਰ ਸੌਂਪਦਿਆਂ ਮੁਲਾਜ਼ਮਾਂ ਦੀ ਬਹਾਲੀ ਦੀ ਗੁਹਾਰ ਲਗਾਈ। ਇਸ ਸਬੰਧੀ ਸ੍ਰੀ ਸਿੱਧੂ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਸ ਵਾਰ ਉਹ ਨਵੇਂ ਸਾਲ ਦੀ ਆਮਦ ’ਤੇ ਕੋਈ ਜਸ਼ਨ ਨਹੀਂ ਮਨਾਉਣਗੇ ਸਗੋਂ 1 ਜਨਵਰੀ ਨੂੰ ਗੇਟ ਬੰਦ ਕਰਕੇ ਰੋਸ ਪ੍ਰਗਟਾਇਆ ਜਾਵੇਗਾ। ਮੁਲਜ਼ਮ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੂੰ ਘਰ ਘਰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਭਰੋਸਾ ਦੇ ਕੇ ਸੱਤਾ ਵਿੱਚ ਆਈ ਹੈ ਲੇਕਿਨ ਹੁਣ ਸਰਕਾਰ ਨੇ ਆਪਣਾ ਵਾਅਦਾ ਤਾਂ ਕੀ ਪੂਰਾ ਕਰਨਾ ਸਗੋਂ ਪਹਿਲਾਂ ਤੋਂ ਨੌਕਰੀ ਕਰ ਰਹੇ ਨੌਜਵਾਨ ਲੜਕੇ ਲੜਕੀਆਂ ਤੋਂ ਨੌਕਰੀ ਖੋਹ ਕੇ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁੱਡਾ ਐਕਸ਼ਨ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਲਹਿਰ ਦੇ ਮੋਢੀ ਰਘਬੀਰ ਸੰਘ ਸੰਧੂ, ਸੁਖਦੇਵ ਸਿੰਘ ਸੈਣੀ, ਸੁੱਚਾ ਸਿੰਘ ਕਲੌੜ ਦੇ ਸਹਿਯੋਗ ਨਾਲ 26 ਦਸੰਬਰ ਤੋਂ ਲੜੀਵਾਰ ਹੜਤਾਲ ਸ਼ੁਰੂ ਕਰੇਗੀ।
ਉਧਰ, ਨੋਟਿਸ ਮਿਲਦੇ ਹੀ ਗਮਾਡਾ\ਪੁੱਡਾ ਦੇ ਮੁੱਖ ਦਫ਼ਤਰ ਤਾਇਨਾਤ ਅਮਲਾ ਆਪਣੀਆਂ ਸੀਟਾਂ ਛੱਡ ਕੇ ਬਾਹਰ ਗਿਆ ਅਤੇ ਸੂਬਾ ਸਰਕਾਰ ਅਤੇ ਅਥਾਰਟੀਆਂ ਦੇ ਅਧਿਕਾਰੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨੌਕਰੀ ਤੋਂ ਫਾਰਗ ਕੀਤੇ ਮੁਲਾਜ਼ਮਾਂ ਵਿੱਚ ਕੰਪਿਊਟਰ ਡਾਟਾ ਐਂਟਰੀ ਅਪਰੇਟਰ, ਸੁਪਰਵਾਈਜ਼ਰ, ਟੈਕਨੀਕਲ ਸਟਾਫ਼, ਡਰਾਈਵਰ, ਸੁਰੱਖਿਆ ਗਾਰਡ ਆਦਿ ਕੈਟਾਗਰੀ ਦੇ ਮੁਲਜ਼ਮ ਸ਼ਾਮਲ ਹਨ। ਇਨ੍ਹਾਂ ’ਚੋਂ 100 ਤੋਂ ਵੱਧ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਤਾਇਨਾਤ ਹਨ ਜਦੋਂ ਕਿ 250 ਤੋਂ ਵੱਧ ਮੁਲਾਜ਼ਮ ਪਟਿਆਲਾ, ਲੁਧਿਆਣਾ, ਬਠਿੰਡਾ, ਜਲੰਧਰ ਅਤੇ ਅੰਮ੍ਰਿਤਸਰ ਦੇ ਦਫ਼ਤਰਾਂ ਵਿੱਚ ਕੰਮ ਕਰਦੇ ਹਨ। ਪੀੜਤ ਮੁਲਾਜ਼ਮਾਂ ਨੇ ਕਿਹਾ ਕਿ ਉਹ ਪਿਛਲੇ 8-10 ਸਾਲਾਂ ਤੋਂ ਲਗਾਤਾਰ ਨੌਕਰੀ ਕਰਦੇ ਆ ਰਹੇ ਹਨ ਜਦੋਂ ਕਿ ਕੁਝ ਮੁਲਾਜ਼ਮ 12 ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਪ੍ਰਤੀ ਸਰਕਾਰ ਜਾਂ ਲੋਕਾਂ ਨੂੰ ਕੋਈ ਸ਼ਿਕਾਇਤ ਵੀ ਨਹੀਂ ਹੈ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਨਾ ਤਾਂ ਉਨ੍ਹਾਂ ਨੂੰ ਕੋਈ ਕਾਰਨ ਦੱਸਿਆ ਹੈ ਅਤੇ ਨਾ ਹੀ ਇਹ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਅਗਾੳਂੂ ਸੂਚਿਤ ਕੀਤਾ ਗਿਆ ਹੈ, ਸਗੋਂ ਵਧੀਕ ਮੁੱਖ ਸਕੱਤਰ ਨੇ ਉਨ੍ਹਾਂ ਨੇ ਹੱਥਾਂ ਵਿੱਚ 31 ਦਸੰਬਰ ਤੋਂ ਬਾਅਦ ਸੇਵਾਵਾਂ ਖ਼ਤਮ ਕਰਨ ਦੇ ਨੋਟਿਸ ਫੜਾ ਦਿੱਤੇ ਹਨ, ਜੋ ਕਿ ਸਰਾਸਰ ਗਲਤ ਅਤੇ ਲੋਕਤੰਤਰ ਦੇ ਖ਼ਿਲਾਫ਼ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…