
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਘਟਨਾ ਵੇਲੇ ਘਰ ਵਿੱਚ ਇਕੱਲੀ ਸੀ ਵਿਦਿਆਰਥਣ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਇੱਥੋਂ ਦੇ ਸੈਕਟਰ-69 ਵਿੱਚ ਇਕ ਨਾਬਾਲਗ ਲੜਕੀ ਵੱਲੋਂ ਆਪਣੇ ਘਰ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਛਾਣ ਕੰਚਨ (15) ਵਜੋਂ ਹੋਈ ਹੈ। ਪਿੰਡ ਮਟੌਰ ਦੇ ਇਕ ਪ੍ਰਾਈਵੇਟ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਕਾਫੀ ਹੁਸ਼ਿਆਰ ਵੀ ਸੀ। ਉਸ ਦਾ ਪਿਤਾ ਸ਼ਿਵ ਕੁਮਾਰ ਕੱਪੜੇ ਪ੍ਰੈੱਸ (ਧੋਬੀ) ਦਾ ਕੰਮ ਕਰਦਾ ਹੈ। ਮਾਂ ਵੀ ਇਸ ਕੰਮ ਵਿੱਚ ਪਿਤਾ ਨਾਲ ਹੱਥ ਵਟਾਉਂਦੀ ਹੈ।
ਜਾਂਚ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 9 ਵਜੇ ਕੰਚਨ ਦੇ ਮਾਤਾ-ਪਿਤਾ ਰੋਜ਼ਾਨਾ ਵਾਂਗ ਆਪਣੇ ਘਰ ਤੋਂ ਕੁਝ ਹੀ ਦੌਰੀ ’ਤੇ ਸਥਿਤ ਕੱਪੜੇ ਪ੍ਰੈੱਸ ਦੇ ਆਪਣੇ ਪੱਕੇ ਟਿਕਾਣੇ ’ਤੇ ਗਏ ਹੋਏ ਸੀ ਅਤੇ ਕੰਚਨ ਘਰ ਇਕੱਲੀ ਸੀ। ਇਸ ਦੌਰਾਨ ਨੇ ਉਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਕਿ ਕੰਚਨ ਦੇ ਮਾਤਾ-ਪਿਤਾ ਦੁਪਹਿਰ ਵੇਲੇ ਵਾਪਸ ਘਰ ਪਹੁੰਚੇ ਤਾਂ ਆਪਣੀ ਲਾਡਲੀ ਧੀ ਦੀ ਲਾਸ਼ ਲਮਕਦੀ ਦੇਖ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਰੌਲਾ ਸੁਣ ਕੇ ਆਂਢੀ ਗੁਆਂਢੀ ਵੀ ਇਕੱਠੇ ਹੋ ਗਏ ਅਤੇ ਇਸ ਹਾਦਸੇ ਬਾਰੇ ਪੁਲੀਸ ਨੂੰ ਇਤਲਾਹ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ ਇਕ ਖ਼ੁਦਕੁਸ਼ੀ ਨੋਟ ਮਿਲਿਆ ਹੈ। ਜਿਸ ਵਿੱਚ ਵਿਦਿਆਰਥਣ ਨੇ ਆਪਣੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਸਿਰਫ਼ ‘ਸੌਰੀ ਮੰਮੀ-ਪਾਪਾ’ ਏਨਾ ਹੀ ਲਿਖਿਆ ਸੀ। ਪੁਲੀਸ ਨੇ ਖ਼ੁਦਕੁਸ਼ੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਮਾਪਿਆਂ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੰਚਨ ਪੜ੍ਹਾਈ ਵਿੱਚ ਵੀ ਕਾਫੀ ਹੁਸ਼ਿਆਰ ਸੀ ਅਤੇ ਉਸ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਵੀ ਨਹੀਂ ਸੀ। ਅੱਜ ਵੀ ਸਵੇਰੇ ਉਸ ਨੇ ਪਰਿਵਾਰ ਨਾਲ ਬੈਠ ਕੇ ਨਾਸ਼ਤਾ ਕੀਤਾ ਸੀ। ਇਸ ਤੋਂ ਬਾਅਦ ਉਹ (ਮਾਤਾ-ਪਿਤਾ) ਘਰ ਤੋਂ ਕੁਝ ਹੀ ਦੂਰੀ ’ਤੇ ਸਥਿਤ ਕੱਪੜੇ ਪ੍ਰੈੱਸ ਕਰਨ ਦੇ ਅੱਡੇ ’ਤੇ ਚਲੇ ਗਏ ਅਤੇ ਉਨ੍ਹਾਂ ਦੇ ਪਿੱਛੋਂ ਇਹ ਹਾਦਸਾ ਵਾਪਰ ਗਿਆ। ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਪੁਲੀਸ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਇਸ ਸਬੰਧੀ ਪੁਲੀਸ ਨੇ ਮਾਪਿਆਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।