ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਡੀਐਸਪੀ ਗੁਰਸ਼ੇਰ ਸੰਧੂ ਸਣੇ ਕਈ ਹੋਰ ਅਧਿਕਾਰੀ ਮੁਅੱਤਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪਿੱਛੇ ਜਿਹੇ ਖ਼ੁਦ ਸ਼ਲਾਘਾਯੋਗ ਸੇਵਾਵਾਂ ਬਦਲੇ ਡੀਐਸਪੀ ਸੰਧੂ ਨੂੰ ਕੀਤਾ ਸਨਮਾਨਿਤ

ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ:
ਪੰਜਾਬ ਪੁਲੀਸ ਦੇ ਬਹੁਚਰਚਿਤ ਅਤੇ ਐਨਕਾਉਂਟਰ ਸਪੈਸ਼ਲਿਸਟ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫ਼ਿਸ ਵਿੱਚ ਵਿਸ਼ੇਸ਼ ਇੰਟਰਵਿਊ ਕਰਵਾਉਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ ਕਈ ਹੋਰਨਾਂ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਜਿਨ੍ਹਾਂ ਡੀਐਸਪੀ ਗੁਰਸ਼ੇਰ ਸੰਧੂ ਤੋਂ ਇਲਾਵਾ ਤਤਕਾਲੀ ਡੀਐਸਪੀ (ਆਰਥਿਕ ਅਪਰਾਧ ਸ਼ਾਖਾ) ਸਮਰ ਵਿਨੀਤ, ਸਬ ਇੰਸਪੈਕਟਰ ਰੀਨਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਸਬ ਇੰਸਪੈਕਟਰ (ਲੋਕਲ ਰੈਂਕ) ਜਗਤਪਾਲ ਜਾਂਗੂ, ਏਜੀਟੀਐਫ਼ ਦੇ ਸਬ ਇੰਸਪੈਕਟਰ (ਲੋਕਲ ਰੈਂਕ) ਸ਼ਗਨਜੀਤ ਸਿੰਘ, ਤਤਕਾਲੀ ਡਿਊਟੀ ਅਫ਼ਸਰ ਏਐਸਆਈ ਮੁਖ਼ਤਿਆਰ ਸਿੰਘ ਅਤੇ ਲਾਈਟ ਮੁਨਸ਼ੀ ਹੌਲਦਾਰ (ਲੋਕਲ ਰੈਂਕ) ਓਮ ਪ੍ਰਕਾਸ਼ ਸ਼ਾਮਲ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਨਕਾਉਟਰ ਸਪੈਸ਼ਲਿਸਟ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਪਿੱਛੇ ਜਿਹੇ ਲਗਾਤਾਰ ਕਈ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਸਿੱਧੇ ਪੁਲੀਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐਸਪੀ ਸੰਧੂ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਲੇਕਿਨ ਹੁਣ ਉਨ੍ਹਾਂ (ਡੀਐਸਪੀ ਸੰਧੂ) ਨੂੰ ਮੁਅੱਤਲ ਵੀ ਕੀਤਾ ਗਿਆ। ਉਕਤ ਅਫ਼ਸਰਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਖ਼ਿਲਾਫ਼ ਖ਼ੁਦ ਹੀ ਝੂਠੀਆਂ ਸ਼ਿਕਾਇਤਾਂ ਕਰਵਾਉਣ ਅਤੇ ਖ਼ੁਦ ਹੀ ਜਾਂਚ ਕਰਨ ਅਤੇ ਪੀੜਤਾਂ ਨੂੰ ਡਰਾ ਧਮਕਾ ਕੇ ਮੋਟੀਆਂ ਰਕਮਾਂ ਮੰਗਣ ਦਾ ਵੱਖਰਾ ਕੇਸ ਦਰਜ ਹੈ। ਇਹ ਕਾਰਵਾਈ ਕਿਸੇ ਸਮੇਂ ਉਨ੍ਹਾਂ ਦੇ ਚੰਗੇ ਦੋਸਤ ਰਹੇ ਬਲਜਿੰਦਰ ਸਿੰਘ ਟਾਹਲਾ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਮਿਲੀ ਜਾਣਕਾਰੀ ਜਾਣਕਾਰੀ ਜਦੋਂ ਪੁਲੀਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੁੱਛਗਿੱਛ ਲਈ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫ਼ਿਸ ਖਰੜ ਵਿੱਚ ਰੱਖਿਆ ਗਿਆ ਸੀ ਤਾਂ ਉਦੋਂ 3 ਅਪਰੈਲ 2022 ਨੂੰ ਇੱਕ ਟੀਵੀ ਚੈਨਲ ਨੂੰ ਵਿਸ਼ੇਸ਼ ਇੰਟਰਵਿਊ ਕਰਵਾਈ ਗਈ ਸੀ। ਉਕਤ ਪੁਲੀਸ ਅਫ਼ਸਰਾਂ ਅਤੇ ਕਰਮਚਾਰੀਆਂ ’ਤੇ ਟੀਵੀ ਇੰਟਰਵਿਊ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਕਥਿਤ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ਨੂੰ ਵਿਰੋਧੀ ਧਿਰ ਨੇ ਵੱਡੇ ਪੱਧਰ ’ਤੇ ਚੁੱਕਿਆ ਸੀ ਅਤੇ ਇਹ ਮਾਮਲਾ ਮੀਡੀਆ ਦੀ ਸੁਰਖ਼ੀਆ ਬਣਿਆ ਸੀ।
ਇਸ ਸਬੰਧੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਰਿਪੋਰਟ ਵਿੱਚ ਕੁੱਝ ਪੁਲੀਸ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਵੱਲੋਂ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਧਾਰਾ 384, 201, 202, 506, 116 ਅਤੇ 120-ਬੀ ਅਤੇ ਜੇਲ੍ਹ ਐਕਟ 1894 ਦੀ ਧਾਰਾ 46 ਦੇ ਤਹਿਤ 5 ਜਨਵਰੀ 2024 ਨੂੰ ਕੇਸ ਦਰਜ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇੰਟਰਵਿਊ ਵੀਡੀਓ ਕਾਨਫ਼ਰੰਸ ਰਾਹੀਂ ਕਰਵਾਈ ਗਈ ਸੀ, ਜੋ ਇੱਕ ਨਿੱਜੀ ਟੀਵੀ ਚੈਨਲ ਨੇ ਪ੍ਰਸਾਰਿਤ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਫਿਰੌਤੀ ਦੀਆਂ ਕਾਲਾਂ ਵਿੱਚ ਵਾਧਾ ਹੋਇਆ ਸੀ ਅਤੇ ਨੌਜਵਾਨਾਂ ਵਿੱਚ ਗੰਨ ਕਲਚਰ ਉਤਸ਼ਾਹਿਤ ਹੋਇਆ ਸੀ।
ਗ੍ਰਹਿ ਸਕੱਤਰ ਦੇ ਸਕੱਤਰ ਅਨੁਸਾਰ ਮੁਅੱਤਲ ਕੀਤੇ ਗਏ ਪੁਲੀਸ ਅਫ਼ਸਰ ਅਤੇ ਕਰਮਚਾਰੀ ਚੰਡੀਗੜ੍ਹ ਸਥਿਤ ਡੀਜੀਪੀ ਦਫ਼ਤਰ ਵਿੱਚ ਤਾਇਨਾਤ ਰਹਿਣਗੇ ਅਤੇ ਉਹ ਕਿਸੇ ਸਮਰੱਥ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਸਟੇਸ਼ਨ ਛੱਡ ਕੇ ਕਿਤੇ ਵੀ ਬਾਹਰ ਨਹੀਂ ਜਾਣਗੇ। ਉਨ੍ਹਾਂ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲੇਗਾ। ਹਾਈ ਕੋਰਟ ਵੱਲੋਂ 21 ਦਸੰਬਰ 2023 ਨੂੰ ਨੋਟਿਸ ਲੈਣ ਤੋਂ ਬਾਅਦ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਸਿੱਟ ਦਾ ਗਠਨ ਕੀਤਾ ਗਿਆ ਸੀ, ਜਾਂਚ ਰਿਪੋਰਟ ਜਨਵਰੀ 2024 ਵਿੱਚ ਸੀਲਬੰਦ ਲਿਫ਼ਾਫ਼ੇ ਵਿੱਚ ਹਾਈ ਕੋਰਟ ਨੂੰ ਸੌਂਪੀ ਗਈ ਸੀ।
ਉਂਜ ਇਸ ਤੋਂ ਪਹਿਲਾਂ ਇੱਕ ਹੋਰ ਸਿੱਟ ਨੇ ਵੀ ਜਾਂਚ ਕੀਤੀ ਸੀ, ਜੋ ਕਰੀਬ ਅੱਠ ਮਹੀਨੇ ਚੱਲੀ ਸੀ ਪ੍ਰੰਤੂ ਬਾਅਦ ਬਿਨਾ ਕੋਈ ਸਿੱਟਾ ਕੱਢੇ ਰਿਪੋਰਟ ਪੇਸ਼ ਕੀਤੀ ਗਈ। ਦੂਜੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਲਾਰੈਂਸ ਬਿਸ਼ਨੋਈ ਦੀ ਕੋਈ ਵੀ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…