Nabaz-e-punjab.com

ਸੀਵਰੇਜ ਦਾ ਪਾਣੀ ਦੁਕਾਨਾਂ ਦੀਆਂ ਬੇਸਮੈਂਟਾਂ ਵਿੱਚ ਦਾਖ਼ਲ ਹੋਣ ਕਾਰਨ ਦੁਕਾਨਦਾਰ ਅੌਖੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਸੀਵਰੇਜ ਨਿਕਾਸੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਿਸ ਕਾਰਨ ਦੁਕਾਨਦਾਰਾਂ ਅਤੇ ਖਰੀਦਦਾਰੀ ਲਈ ਆਉਂਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਤੇ ਹੋਰਨਾਂ ਦੁਕਾਨਦਾਰਾਂ ਨੇ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਕਾਰਨ ਜਿੱਥੇ ਮਾਰਕੀਟ ਦੇ ਪਿੱਛੇ ਗੰਦਗੀ ਫੈਲ ਰਹੀ ਹੈ ਅਤੇ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉੱਥੇ ਦੁਕਾਨਾਂ ਦੀਆਂ ਬੇਸਮੈਂਟਾਂ ਵਿੱਚ ਗੰਦਾ ਪਾਣੀ ਜਾਣ ਕਾਰਨ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪ੍ਰੰਤੂ ਪ੍ਰਸ਼ਾਸਨ ਇਸ ਬਾਰੇ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਦੇ ਸੀਵਰੇਜ ਦੀ ਨਿਕਾਸੀ ਲਈ ਪਾਈਪ ਛੋਟੀ ਹੋਣ ਅਤੇ ਇਸ ਵਿੱਚ ਢਾਬਿਆਂ ਵਾਲਿਆਂ ਵੱਲੋਂ ਰਹਿੰਦ ਖਹੂੰਦ ਸੁੱਟੇ ਜਾਣ ਕਾਰਨ ਮਾਰਕੀਟ ਵਿੱਚ ਸੀਵਰੇਜ ਜਾਮ ਹੋ ਜਾਂਦਾ ਹੈ ਅਤੇ ਗੰਦਾ ਪਾਣੀ ਓਵਰਫਲੋਅ ਹੋ ਕੇ ਪਾਰਕਿੰਗ ਅਤੇ ਸੜਕ ’ਤੇ ਆ ਜਾਂਦਾ ਹੈ।
ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਪੁਨੀਤ ਜੈਨ, ਅੰਕੁਰ ਗੋਇਲ, ਸੌਰਭ ਜੈਨ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਦੁਕਾਨਾਂ ਦੀਆਂ ਬੇਸਮੈਂਟਾਂ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਦਾ ਕਾਫੀ ਮਹਿੰਗਾ ਸਾਮਾਨ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਲਾਈਨਾਂ ਵਿੱਚ ਪਾਣੀ ਬੈਕ ਮਾਰ ਕੇ ਦੁਕਾਨਾਂ ਦੀਆਂ ਬੇਸਮੈਂਟਾਂ ਵਿੱਚ ਵੜ ਰਿਹਾ ਹੈ ਪ੍ਰੰਤੂ ਜਨ ਸਿਹਤ ਵਿਭਾਗ ਉਨ੍ਹਾਂ ਦੀ ਸ਼ਿਕਾਇਤ ਸੁਣਨ ਲਈ ਤਿਆਰ ਨਹੀਂ ਹੈ। ਮਾਰਕੀਟ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਸਥਾਨਕ ਵਸਨੀਕ ਵੀ ਡਾਢੇ ਪ੍ਰੇਸ਼ਾਨ ਹਨ ਅਤੇ ਗੰਦਗੀ ਕਾਰਨ ਹੁਣ ਕਾਫੀ ਲੋਕ ਮਾਰਕੀਟ ਵਿੱਚ ਆਉਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ। ਜਿਸ ਨਾਲ ਦੁਕਾਨਦਾਰਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਦੁਕਾਨਦਾਰਾਂ ਦੀ ਮੰਗ ਕਿ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ ਤਾਂ ਜੋ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…