
ਫੇਜ਼-5 ਵਿੱਚ ਸੀਵਰੇਜ਼ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਹੋਇਆ ਮੁਕੰਮਲ: ਅਰੁਣ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਸਥਾਨਕ ਫੇਜ਼-5 ਦੇ ਰਿਹਾਇਸੀ ਖੇਤਰ ਵਿਚ ਅੱਜ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਐਮ ਸੀ ਅਰੁਨ ਸ਼ਰਮਾ ਨੇ ਦਸਿਆ ਕਿ ਇਸ ਇਲਾਕੇ ਵਿੱਚ ਸੀਵਰੇਜ ਦੀ ਵੱਡੀ ਸਮਸਿਆ ਸੀ, ਜਿਸ ਨੂੰ ਹਲ ਕਰਨ ਲਈ ਸੀਵਰੇਜ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਜਿਸ ਨੂੰ ਅੱਜ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਉਪਰ ਕਰੀਬ ਸਾਢੇ ਚਾਰ ਲੱਖ ਦਾ ਖਰਚਾ ਹੋਇਆ ਹੈ। ਉਹਨਾਂ ਦਸਿਆ ਕਿ ਸਥਾਨਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀਵਰੇਜ ਦੀ ਮੇਨ ਲਾਈਨ ਨੂੰ ਸਾਫ ਕਰਨ ਦਾ ਕੰਮ ਵੀ ਸ਼ੁਰੂਜ਼ ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਮੁਕੰਮਲ ਕਰ ਦਿਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਮੇਨ ਲਾਈਨ ਵਿਚ ਮਿੱਟੀ ਜੰਮ ਜਾਣ ਕਰਕੇ ਇਹ ਲਾਈਨ ਜਾਮ ਹੋ ਗਈ ਹੈ, ਜਿਸ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ, ਜਿਸ ਨੂੰ ਜਲਦੀ ਹੀ ਮੁਕੰਮਲ ਕਰ ਦਿਤਾ ਜਾਵੇਗਾ। ਇਸ ਮੌਕੇ ਐਸ ਡੀ ਓ ਰਣਜੀਤ ਸਿੰਘ ਅਤੇ ਜੇ ਈ ਸੰਜੈ ਕਪਿਲ ਵੀ ਮੌਜੂਦ ਸਨ।
ਬੁੱਧਵਾਰ ਨੂੰ ਭਾਜਪਾ ਦੇ ਸੀਨੀਅਰ ਆਗੂ ਤੇ ਕੌਂਸਲਰ ਅਰੁਣ ਸ਼ਰਮਾ ਅਤੇ ਨਗਰ ਨਿਗਮ ਦੇ ਐਸਡੀਓ ਮਨਜੀਤ ਸਿੰਘ ਅਤੇ ਜੂਨੀਅਰ ਇੰਜੀਨੀਅਰ ਸੰਜੇ ਕਪਿਲਾ ਤੇ ਹੋਰਨਾਂ ਅਧਿਕਾਰੀਆਂ ਨੇ ਵਾਰਡ ਨੰਬਰ-9 (ਫੇਜ਼-5) ਦਾ ਦੌਰਾ ਕਰਕੇ ਘਰਾਂ ਦੇ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਬੰਦ ਸੀਵਰੇਜ਼ ਖੋਲ੍ਹਣ ਦਾ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਇਸ ਕੰਮ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਹੁਣ ਸਥਾਨਕ ਫੇਜ਼-5 ਦੇ ਰਿਹਾਇਸ਼ੀ ਖੇਤਰ ਵਿੱਚ ਸੀਵਰੇਜ਼ ਜਾਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋ ਗਈ ਹੈ ਅਤੇ ਸਥਾਨਕ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਜਿੱਥੇ ਹਰੇਕ ਸਾਲ ਬਰਸਾਤੀ ਪਾਣੀ ਤਬਾਹੀ ਮਚਾਉਂਦਾ ਸੀ ਅਤੇ ਉੱਥੇ ਸੀਵਰੇਜ ਲਾਈਨ ਜਾਮ ਰਹਿਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਭਾਜਪਾ ਕੌਂਸਲਰ ਸ੍ਰੀ ਅਰੁਣਾ ਸ਼ਰਮਾ ਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਨਿੱਜੀ ਦਿਲਚਸਪੀ ਦਿਖਾਉਣ ਲਈ ਮੇਅਰ ਕੁਲਵੰਤ ਸਿੰਘ ਦਾ ਵੀ ਧੰਨਵਾਦ ਕੀਤਾ ਹੈ।
ਇਸ ਮੌਕੇ ਮਲਕਹੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦਾ ਨਾਲਾ ਕਾਫੀ ਸਮੇਂ ਤੋਂ ਬੰਦ ਪਿਆ ਸੀ। ਜਿਸ ਕਾਰਨ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ ’ਤੇ ਆ ਜਾਂਦਾ ਸੀ। ਲੇਕਿਨ ਹੁਣ ਨਵੀਂ ਸੀਵਰੇਜ ਲਾਈਨ ਪਾਉਣ ਅਤੇ ਪੁਰਾਣੀ ਦੀ ਮੁਰੰਮਤ ਕਰਨ ਨਾਲ ਉਨ੍ਹਾਂ ਨੂੰ ਇਹ ਸਮੱਸਿਆ ਹੱਲ ਹੋਣ ਦੀ ਆਸ ਬੱਝ ਗਈ ਹੈ। ਉਧਰ, ਸਬੰਧੀ ਜੂਨੀਅਰ ਇੰਜੀਨੀਅਰ ਸੰਜੇ ਕਪਿਲਾ ਨੇ ਦੱਸਿਆ ਕਿ ਪਹਿਲਾਂ ਇਸ ਖੇਤਰ ਵਿੱਚ ਘੱਟ ਚੌੜੀ ਪਾਈਪਲਾਈਨ ਪਾਈ ਹੋਣ ਕਾਰਨ ਅਕਸਰ ਸੀਵਰੇਜ ਜਾਮ ਰਹਿੰਦਾ ਸੀ। ਇਹੀ ਨਹੀਂ ਪੀਸੀਐਲ ਤੋਂ ਬਲੌਂਗੀ ਮੁੱਖ ਸੜਕ ਦੇ ਨਾਲ ਨਾਲ ਪੁਰਾਣੀ ਸੀਵਰੇਜ ਲਾਈਨ ਅਤੇ ਬਰਸਾਤੀ ਪਾਣੀ ਦੀ ਲਾਈਨ ਬੰਦ ਹੋਣ ਕਾਰਨ ਇਹ ਸਮੱਸਿਆ ਆ ਰਹੀ ਸੀ ਲੇਕਿਨ ਹੁਣ ਆਉਣ ਵਾਲੇ ਸਮੇਂ ਵਿੱਚ ਸਥਾਨਕ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਦਿੱਕਤ ਨਹੀਂ ਆਏਗੀ।