ਸੀਵਰੇਜ ਪ੍ਰਾਜੈਕਟ ਘਪਲੇਬਾਜ਼ੀ: ਵਿਧਾਇਕ ਨੇ ਵਿਜੀਲੈਂਸ ਜਾਂਚ ਅਤੇ ਮੇਅਰ ਨੇ ਸੀਬੀਆਈ ਜਾਂਚ ਮੰਗੀ

ਨਵੀਂ ਸੀਵਰੇਜ ਲਾਈਨ ਵਿੱਚ 1.5 ਕਰੋੜ ਦੇ ਘਪਲੇ ਦੀ ਵਿਜੀਲੈਂਸ ਜਾਂਚ ਹੋਵੇ: ਕੁਲਵੰਤ ਸਿੰਘ

ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਉੱਚ ਪੱਧਰੀ ਜਾਂਚ ਕਰਾਉਣ ਦੀ ਕੀਤੀ ਮੰਗ

ਪੰਜਾਬ ਵਿਜੀਲੈਂਸ ਤੋਂ ਨਹੀਂ ਸੀਬੀਆਈ ਤੋਂ ਕਰਵਾਈ ਜਾਵੇ ਉੱਚ ਪੱਧਰੀ ਜਾਂਚ: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ
ਇੱਥੋਂ ਦੇ ਫੇਜ਼-1 ਤੋਂ ਬਾਵਾ ਵਾਈਟ ਹਾਊਸ ਫੇਜ਼-11 ਤੱਕ ਚਾਰ ਦਹਾਕੇ ਬਾਅਦ ਨਵੇਂ ਸਿਰਿਓਂ ਪਾਈ ਗਈ ਸੀਵਰੇਜ ਪਾਈਪਲਾਈਨ ਦੇ ਪ੍ਰਾਜੈਕਟ ਵਿੱਚ ਕਥਿਤ ਘਪਲੇਬਾਜ਼ੀ ਹੋਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਇਸ ਬਹੁ-ਕਰੋੜੀ ਪ੍ਰਾਜੈਕਟ ਦੇ ਮੁੱਦੇ ’ਤੇ ਮੁਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਆਹਮੋ ਸਾਹਮਣੇ ਆ ਗਏ ਹਨ। ਵਿਧਾਇਕ ਕੁਲਵੰਤ ਸਿੰਘ ਨੇ ਜਿੱਥੇ 2020 ਵਿੱਚ ‘ਅੰਮ੍ਰਿਤ’ ਸਕੀਮ ਅਧੀਨ ਸ਼ਹਿਰ ਦੀ ਪੁਰਾਣੀ ਸੀਵਰੇਜ ਲਾਈਨ ਨੂੰ ਨਵਿਆਉਣ ਅਤੇ ਪੁਨਰਗਠਨ ਦੇ ਪ੍ਰਾਜੈਕਟ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਲੱਖਾਂ ਰੁਪਏ ਦੇ ਕੀਤੇ ਘਪਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਉੱਥੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੰਜਾਬ ਵਿਜੀਲੈਂਸ ਦੀ ਬਜਾਏ ਸੀਬੀਆਈ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਗੁਹਾਰ ਲਗਾਈ ਹੈ।
ਵਿਧਾਇਕ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਨਿਗਮ ਅਧਿਕਾਰੀਆਂ ਨੇ ਬਿਨਾਂ ਕਿਸੇ ਕਾਰਨ 975.42 ਲੱਖ ਰੁਪਏ ਵਿੱਚ ਪਾਸ ਹੋਏ ਇਸ ਪ੍ਰਾਜੈਕਟ ਵਿੱਚ ਕਰੀਬ 1.5 ਕਰੋੜ ਦਾ ਵਾਧਾ ਕਰਕੇ ਸਰਕਾਰੀ ਖ਼ਜ਼ਾਨੇ ’ਤੇ ਬੋਝ ਪਾਇਆ ਹੈ, ਜਦੋਂਕਿ ਪਹਿਲਾਂ ਹੀ ਅਲਾਟ ਹੋ ਚੁੱਕੇ ਟੈਂਡਰਾਂ ਵਿੱਚ ਵਾਧਾ ਕਰਨ ਦਾ ਕੋਈ ਕਾਰਨ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੀ ਡਿਟੇਲ ਰਿਪੋਰਟ ਵਿੱਚ ਹਰ ਉਹ ਕੰਮ ਸ਼ਾਮਲ ਸੀ, ਜਿਸ ਨੂੰ ਨਿਗਮ ਦੇ ਅਧਿਕਾਰੀਆਂ ਨੇ ਡੇਢ ਕਰੋੜ ਤੱਕ ਵਧਾ ਲਿਆ। ਜਦੋਂ ਕੰਮ ਦਾ ਖੇਤਰ ਓਨਾ ਹੀ ਹੈ, ਤਾਂ ਬਜਟ ਵਿੱਚ ਵਾਧਾ ਕਿਉਂ ਕੀਤਾ ਗਿਆ? ਉਨ੍ਹਾਂ ਦੱਸਿਆ ਕਿ 48 ਇੰਚ ਦੀ ਇਹ ਸੀਵਰੇਜ ਲਾਈਨ ਮੁੱਢਲੇ ਰੂਪ ਵਿੱਚ ਪ੍ਰਾਜੈਕਟ 975.42 ਲੱਖ ਦਾ ਪਾਸ ਕੀਤਾ ਗਿਆ ਸੀ, ਪਰ ਬਾਅਦ ਵਿੱਚ ਮੇਅਰ ਜੀਤੀ ਸਿੱਧੂ ਦੇ ਕਾਰਜਕਾਲ ਵਿੱਚ ਪ੍ਰਾਜੈਕਟ ਦਾ ਪੈਸਾ ਵਧਾਉਣ ਲਈ ਫੇਜ਼-3ਬੀ2 ਅਤੇ ਫੇਜ਼-5 ਦੀ ਮਿੱਟੀ ਦੀ ਕਿਸਮ, ਇਸ ਦੇ ਰਾਹ ਵਿੱਚ ਪੈਂਦੇ ਬਹੁਤ ਸਾਰੇ ਚੌਰਾਹੇ ਅਤੇ ਇੰਟਰ ਸੈਕਸ਼ਨਾਂ ਕਾਰਨ ਪਹਿਲਾਂ ਇਸ ਬਜਟ ਨੂੰ 945.42 ਲੱਖ ਤੋਂ 1110.48 ਲੱਖ ਕੀਤਾ ਗਿਆ ਅਤੇ ਫਿਰ ਸੀਵਰਲਾਈਨ ਦੀ ਖੁਦਾਈ ਦੇ ਖੇਤਰ ਵਿੱਚ ਵਾਧਾ ਕਰਨ ਦੇ ਨਾਂ ’ਤੇ 19 ਲੱਖ ਰੁਪਏ ਹੋਰ ਮਿੱਟੀ ਚੁੱਕਣ ਦਾ ਪਾਇਆ ਗਿਆ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਵਾਧਾ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸੀਵਰੇਜ ਲਾਈਨ ਦਾ ਉਦੇਸ਼ ਫੇਜ਼-3ਬੀ2, ਫੇਜ਼-5 ਅਤੇ ਫੇਜ਼-7 ਦੇ ਗੰਦੇ ਪਾਣੀ ਨੂੰ ਇਸ ਲਾਈਨ ਵਿੱਚ ਪਾਉਣਾ ਸੀ, ਜੋ ਹੁਣ ਤੱਕ ਵੀ ਲਖਨੌਰ ਚੋਅ ਵਿੱਚ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੇ ਤੱਥ ਇਹ ਦਰਸਾ ਰਹੇ ਹਨ ਕਿ ਇਸ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲੱਗਿਆ ਹੈ, ਜਿਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਪ੍ਰਾਜੈਕਟ ਵਿੱਚ ਬੇਲੋੜਾ ਵਾਧਾ ਕਰਨ ਵਾਲੇ ਅਫ਼ਸਰਾਂ ਦੀ ਜ਼ਿੰਮੇਵਾਰੀ ਤਹਿ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਦੇ ਮੇਅਰ ਸਮੇਂ ਪਾਸ ਹੋਇਆ ਇਹ ਪ੍ਰਾਜੈਕਟ ਲਗਾਤਾਰ ਲਮਕਦਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀ ਆਵਾਜਾਈ, ਧੂੜ ਤੇ ਬਰਸਾਤਾਂ ਵਿੱਚ ਡੇਂਗੂ ਦੇ ਪ੍ਰਕੋਪ ਦਾ ਸ਼ਿਕਾਰ ਹੋ ਰਹੇ ਹਨ।
ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਘਪਲੇਬਾਜ਼ੀ ਦੇ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਵਿਧਾਇਕ ਨੂੰ ਪੰਜਾਬ ਵਿਜੀਲੈਂਸ ਦੀ ਬਜਾਏ ਸੀਬੀਆਈ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਲਈ ਜ਼ੋਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਵਿਧਾਇਕ ਤਾਂ ਉਹ ਹਨ ਪਰ ਸ਼ਹਿਰ ਦਾ ਵਿਕਾਸ ਮੇਅਰ ਜੀਤੀ ਸਿੱਧੂ ਕਰਵਾ ਰਿਹਾ ਹੈ ਅਤੇ ਉਹ ਸਾਰਾ ਕੁੱਝ ਬੈਠ ਕੇ ਦੇਖ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਦਿੱਕਤਾਂ ਖੜੀਆਂ ਕਰ ਰਹੇ ਹਨ। ਜੀਤੀ ਸਿੱਧੂ ਨੇ ਕਿਹਾ ਕਿ ਉਹ ਸੀਵਰੇਜ ਪ੍ਰਾਜੈਕਟ ਦੀ ਸੀਬੀਆਈ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਲਈ ਤਿਆਰ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…