nabaz-e-punjab.com

ਜਿਨਸੀ ਸ਼ੋਸ਼ਣ: ਮੁਹਾਲੀ ਅਦਾਲਤ ਵੱਲੋਂ ਪਾਦਰੀ ਵਿਰੁੱਧ ਦੋਸ਼ ਤੈਅ, 1 ਅਪਰੈਲ ਨੂੰ ਸੁਣਾਈ ਜਾਵੇਗੀ ਸਜ਼ਾ

ਸਬੂਤਾਂ ਦੀ ਘਾਟ ਕਾਰਨ ਪੰਜ ਮੁਲਜ਼ਮ ਬਰੀ, ਕੇਸ ਦੀ ਸੁਣਵਾਈ ਦੌਰਾਨ ਇੱਕ ਮੁਲਜ਼ਮ ਦੀ ਹੋ ਚੁੱਕੀ ਹੈ ਮੌਤ

ਨਬਜ਼-ਏ-ਪੰਜਾਬ, ਮੁਹਾਲੀ, 28 ਮਾਰਚ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਕਰੀਬ ਸੱਤ ਸਾਲ ਪੁਰਾਣੇ ਜਬਰ-ਜ਼ਿਨਾਹ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਦੇ ਇੱਕ ਮਸ਼ਹੂਰ ਪਾਦਰੀ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਦੇ ਖ਼ਿਲਾਫ਼ ਜ਼ੀਰਕਪੁਰ ਦੀ ਇੱਕ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਸਬੰਧੀ ਪਾਦਰੀ ਬਜਿੰਦਰ ਦੇ ਖ਼ਿਲਾਫ਼ 20 ਅਪਰੈਲ 2018 ਨੂੰ ਜ਼ੀਰਕਪੁਰ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਪਾਦਰੀ ਬਜਿੰਦਰ ਨੂੰ ਧਾਰਾ 376, 323 ਅਤੇ 506 ਦੋਸ਼ੀ ਕਰਾਰ ਦਿੰਦਿਆਂ ਹਿਰਾਸਤ ਵਿੱਚ ਲੈ ਲਿਆ ਗਿਆ। ਦੋਸ਼ੀ ਨੂੰ ਕੇਂਦਰੀ ਜੇਲ੍ਹ ਪਟਿਆਲਾ ਭੇਜਿਆ ਗਿਆ ਹੈ। ਪਾਦਰੀ ਨੂੰ ਇੱਕ ਅਪਰੈਲ ਨੂੰ ਉਕਤ ਦੋਸ਼ਾਂ ਤਹਿਤ ਸਜ਼ਾ ਸੁਣਾਈ ਜਾਵੇਗੀ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਪੰਜ ਮੁਲਜ਼ਮਾਂ ਅਕਬਰ ਭੱਟੀ, ਰਾਜੇਸ਼ ਚੌਧਰੀ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕੀਤਾ ਗਿਆ ਹੈ, ਜਦੋਂਕਿ ਇੱਕ ਮੁਲਜ਼ਮ ਸੁੱਚਾ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ।
ਕੇਸ ਦੀ ਸੁਣਵਾਈ ਦੌਰਾਨ ਪੁਲੀਸ ਦੀ ਚੌਕਸੀ ਕਾਰਨ ਪਾਦਰੀ ਦੇ ਸਮਰਥਕਾਂ ਅਤੇ ਸਿੱਖਾਂ ਵਿੱਚ ਟਕਰਾਅ ਹੋਣ ਤੋਂ ਬਚਾਅ ਰਿਹਾ। ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਬਾਹਰ ਪਾਦਰੀ ਬਜਿੰਦਰ ਦੇ ਕਾਫ਼ੀ ਸਮਰਥਕ ਮੌਜੂਦ ਸਨ, ਜਿਨ੍ਹਾਂ ਨੂੰ ਪੁਲੀਸ ਨੇ ਅਦਾਲਤ ਦੇ ਅੰਦਰ ਜਾਣ ਨਹੀਂ ਦਿੱਤਾ। ਜਦੋਂਕਿ ਪਾਰਕਿੰਗ ਵਾਲੀ ਥਾਂ ਨਿਹੰਗ ਸਿੰਘ ਅਤੇ ਕੁੱਝ ਹੋਰ ਇਨਸਾਫ਼ ਪਸੰਦ ਲੋਕ ਮੌਜੂਦ ਵੀ ਸਨ।
ਜਾਣਕਾਰੀ ਅਨੁਸਾਰ ਪੀੜਤਾ ਨੇ ਜ਼ੀਰਕਪੁਰ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਸੀ ਕਿ ਉਹ ਇੱਕ ਢਾਬੇ ’ਤੇ ਪਾਦਰੀ ਬਜਿੰਦਰ ਦੇ ਸੰਪਰਕ ਵਿੱਚ ਆਈ ਸੀ। ਇਸ ਮਗਰੋਂ ਬਜਿੰਦਰ ਨੇ ਪਿੰਡ ਛੱਤ ਦੇ ਇੱਕ ਪੈਲੇਸ ਵਿੱਚ ਕਰਵਾਈ ਜਾਂਦੀ ਪ੍ਰਾਰਥਨਾ ਵਿੱਚ ਸ਼ਾਮਲ ਹੋਣ ਲੱਗ ਪਈ। ਸਤੰਬਰ 2017 ਦੀ ਸ਼ਾਮ ਨੂੰ ਪਾਦਰੀ ਬਜਿੰਦਰ ਨੇ ਉਸ ਨੂੰ ਫੋਨ ਕਰਕੇ ਆਪਣੇ ਪਾਸਪੋਰਟ ਨਾਲ ਲੈ ਕੇ ਜ਼ੀਰਕਪੁਰ ਵਿੱਚ ਢਾਬੇ ਕੋਲ ਸੱਦਿਆ ਗਿਆ। ਪਾਦਰੀ ਉਸ ਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਫਲੈਟ ਵਿੱਚ ਲੈ ਗਿਆ, ਜਿੱਥੇ ਬਜਿੰਦਰ ਨੇ ਉਸ ਨੂੰ ਆਪਣੇ ਨਾਲ ਯੂਕੇ ਲਿਜਾਉਣ ਦਾ ਝਾਂਸਾ ਦੇ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਏ ਗਏ ਅਤੇ ਉਸ ਨੂੰ ਬੇਹੋਸ਼ ਕਰਕੇ ਅਸ਼ਲੀਲ ਵੀਡੀਓ ਬਣਾਈ ਗਈ। ਬਾਅਦ ਵਿੱਚ ਪਾਦਰੀ ਉਸ ਨੂੰ ਕਹਿਣ ਲੱਗ ਪਿਆ ਕਿ ਵਿਦੇਸ਼ ਜਾਣ ਲਈ ਲੱਖਾਂ ਰੁਪਏ ਖ਼ਰਚ ਹੁੰਦੇ ਹਨ। ਬਾਅਦ ਵਿੱਚ ਪਾਦਰੀ ਉਸ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਜ਼ਬਰਦਸਤੀ ਸਰੀਰਕ ਸਬੰਧ ਕਾਇਮ ਕਰਦਾ ਰਿਹਾ।
ਕਾਬਿਲੇਗੌਰ ਹੈ ਕਿ ਪਾਦਰੀ ਬਜਿੰਦਰ ਵਿਰੁੱਧ ਕੁਝ ਦਿਨ ਪਹਿਲਾਂ ਵੀ ਇੱਕ ਹੋਰ ਅੌਰਤ ਨੇ ਕਪੂਰਥਲਾ ਥਾਣੇ ਵਿੱਚ ਵੀ ਕੇਸ ਦਰਜ ਕਰਵਾਇਆ ਹੈ ਅਤੇ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਪਾਦਰੀ ਵਿਰੁੱਧ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇੰਜ ਹੀ ਇੱਕ ਹੋਰ ਅੌਰਤ ਦੇ ਬਿਆਨਾਂ ’ਤੇ ਮਾਜਰੀ ਥਾਣੇ ਵਿੱਚ ਪਾਦਰੀ ਬਜਿੰਦਰ ਖ਼ਿਲਾਫ਼ ਧਾਰਾ 74, 126(2), 115(2) ਅਤੇ 351(2) ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਕਤ ਅੌਰਤ ਦਾ ਦੋਸ਼ ਹੈ ਕਿ ਉਹ ਪਾਦਰੀ ਦੀ ਸ਼ਰਧਾਲੂ ਸੀ। ਪਾਦਰੀ ਨੇ ਉਸ ਨਾਲ ਕਥਿਤ ਦੁਰਵਿਵਹਾਰ ਕਰਦਿਆਂ ਉਸ ਨੂੰ ਥੱਪੜ ਮਾਰੇ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਪਾਦਰੀ ਨੇ ਡਰਾ ਧਮਕਾ ਕੇ ਉਸ ਕੋਲੋਂ ਖਾਲੀ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਵਾਏ ਗਏ ਅਤੇ ਉਸ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਆਪਣੇ ਕੋਲ ਰੱਖ ਲਿਆ।

Load More Related Articles

Check Also

ਸੀਐਮ ਦੀ ਯੋਗਸ਼ਾਲਾ: ਮਿਉਂਸੀਪਲ ਹਾਈਟਸ ਵਿੱਚ ਸਾਲ ਪੂਰਾ ਹੋਣ ’ਤੇ ਕੇਕ ਕੱਟ ਕੇ ਮਨਾਇਆ ਜਸ਼ਨ

ਸੀਐਮ ਦੀ ਯੋਗਸ਼ਾਲਾ: ਮਿਉਂਸੀਪਲ ਹਾਈਟਸ ਵਿੱਚ ਸਾਲ ਪੂਰਾ ਹੋਣ ’ਤੇ ਕੇਕ ਕੱਟ ਕੇ ਮਨਾਇਆ ਜਸ਼ਨ ਰੋਜ਼ਾਨਾ ਯੋਗ ਅਭਿਆ…