
ਸ਼੍ਰੋਮਣੀ ਕਮੇਟੀ ਨੇ ਸਕੂਲੀ ਬੱਚਿਆਂ ਦੇ ਆਨਲਾਈਨ ਗੁਰਮਤਿ ਮੁਕਾਬਲੇ ਕਰਵਾਏ
ਮਾਤਾ ਸਾਹਿਬ ਕੌਰ ਸਕੂਲ ਸਵਾੜਾ ਦੇ ਬੱਚਿਆਂ ਨੇ ਪਹਿਲਾ ਸਥਾਨ ਮੱਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜੂਮ ਐਪ ਰਾਹੀਂ ਸਕੂਲੀ ਬੱਚਿਆਂ ਦੇ ਆਨਲਾਈਨ ਗੁਰਮਤਿ ਮੁਕਾਬਲੇ ਕਰਵਾਏ ਗਏ। ਇਸ ਲੜੀ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਬੱਚਿਆਂ ਦੇ ਆਨਲਾਈਨ ਗੁਰਮਤਿ ਮੁਕਾਬਲੇ ਵੱਖ-ਵੱਖ ਟੀਮਾਂ ਨੇ ਭਾਗ ਲਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਚਰਨਜੀਤ ਸਿੰਘ ਕਾਲੇਵਾਲ ਅਤੇ ਐਸਜੀਪੀਸੀ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਗੁਰਮਤਿ ਦਾ ਗਿਆਨ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਇਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਅਤੇ ਉਹ ਭਵਿੱਖ ਦੀਆਂ ਚੁਨੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣ ਸਕਣ।
ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਰਾਜਪਾਲ ਸਿੰਘ ਨੇ ਦੱਸਿਆ ਕਿ ਜੂਮ ਐਪ ਰਾਹੀਂ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੱਤਰ ਸਿਮਰਜੀਤ ਸਿੰਘ ਕੰਗ ਅਤੇ ਗਿਆਨੀ ਜਸਵਿੰਦਰ ਸਿੰਘ ਹੈੱਡ ਪ੍ਰਚਾਰਕ ਦੋਆਬਾ ਜ਼ੋਨ ਦੇ ਸਹਿਯੋਗ ਨਾਲ ਕਰਵਾਏ ਗਏ ਇਨ੍ਹਾਂ ਗੁਰਮਤਿ ਮੁਕਾਬਲਿਆਂ ਵਿੱਚ ਮਾਤਾ ਸਾਹਿਬ ਕੌਰ ਸਕੂਲ ਸਵਾੜਾ ਦੀ ਬਾਬਾ ਦੀਪ ਸਿੰਘ ਟੀਮ ਨੇ ਪਹਿਲਾਂ ਅਤੇ ਇੰਡਸ ਪਬਲਿਕ ਸਕੂਲ ਖਰੜ ਦੀ ਬਾਬਾ ਜੁਝਾਰ ਸਿੰਘ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਪ੍ਰਚਾਰਕ ਭਾਈ ਰਾਜਪਾਲ ਸਿੰਘ ਨੇ ਗੁਰਮਤਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਇਨ੍ਹਾਂ ਬੱਚਿਆਂ ਦੀਆਂ ਆਨਲਾਈਨ ਗੁਰਮਤਿ ਕਲਾਸਾਂ ਲੈ ਕੇ ਤਿਆਰੀ ਕਰਵਾਈ ਗਈ।