ਐਸਜੀਪੀਸੀ ਚੋਣਾਂ: 48 ਹਜ਼ਾਰ ਤੋਂ ਵੱਧ ਲੋਕਾਂ ਨੇ ਵੋਟਰ ਸੂਚੀ ਲਈ ਨਾਮ ਦਰਜ ਕਰਵਾਇਆ, ਅੌਰਤਾਂ ’ਚ ਭਾਰੀ ਉਤਸ਼ਾਹ

29 ਫਰਵਰੀ ਤੱਕ ਬਣਾਈਆਂ ਜਾਣਗੀਆਂ ਗੁਰਦੁਆਰਾ ਚੋਣਾਂ ਲਈ ਨਵੀਆਂ ਵੋਟਾਂ: ਡੀਸੀ ਆਸ਼ਿਕਾ ਜੈਨ

ਅੱਜ ਛੁੱਟੀ ਵਾਲੇ ਦਿਨ ਬੀਐਲਓਜ਼ ਨੇ ਘਰ-ਘਰ ਜਾ ਕੇ ਇਕੱਤਰ ਕੀਤੇ ਵੋਟਰ ਫਾਰਮ

ਨਬਜ਼-ਏ-ਪੰਜਾਬ, ਮੁਹਾਲੀ, 21 ਜਨਵਰੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਸਿੱਖ ਵੋਟਰਾਂ ਨੂੰ ਵੋਟਾਂ ਬਣਾਉਣ ਸਬੰਧੀ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਢੀ ਵਿਸ਼ੇਸ਼ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਹਿਲਾਂ ਜਿੱਥੇ ਲੋਕਾਂ ਵੱਲੋਂ ਵੋਟ ਬਣਾਉਣ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ ਸੀ, ਉੱਥੇ ਹੁਣ ਗੁਰਦੁਆਰਾ ਕਮੇਟੀਆਂ ਵੀ ਸਰਗਰਮ ਹੋ ਗਈਆਂ ਹਨ ਅਤੇ ਸਿੱਖ ਵੋਟਰ ਵੀ ਆਪ ਮੁਹਾਰੇ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਅੌਰਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਵਿਸ਼ੇਸ਼ ਕੈਂਪ ਲਗਾਉਣ ਤੋਂ ਇਲਾਵਾ ਅੱਜ ਛੁੱਟੀ ਵਾਲੇ ਦਿਨ ਪਟਵਾਰੀਆਂ ਅਤੇ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਸਟਾਫ਼ ਸਮੇਤ ਬੀਐਲਓਜ਼ ਨੇ ਘਰ-ਘਰ ਜਾ ਕੇ ਫਾਰਮ ਇਕੱਤਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਚੋਣਾਂ ਲਈ ਵੱਧ ਤੋਂ ਵੱਧ ਵਿਅਕਤੀਆਂ ਨੂੰ ਵੋਟਰ ਵਜੋਂ ਨਾਮਜ਼ਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਹੁਣ ਤੱਕ 48 ਹਜ਼ਾਰ ਤੋਂ ਵੱਧ ਵਿਅਕਤੀਆਂ ਵੱਲੋਂ ਵੋਟ ਬਣਾਉਣ ਲਈ ਫ਼ਾਰਮ ਪ੍ਰਾਪਤ ਕੀਤੇ ਜਾ ਚੁੱਕੇ ਹਨ। ਜਦੋਂਕਿ ਕੁਝ ਦਿਨ ਪਹਿਲਾਂ ’ਚ ਇਹ ਗਿਣਤੀ 10,000 ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਮੇਟੀਆਂ ਨਾਲ ਤਾਲਮੇਲ ਕਰਕੇ ਯੋਗ ਵੋਟਰਾਂ ਨੂੰ ਜਾਗਰੂਕ ਕਰਨ ਦੀ ਅਪੀਲ ਕਰਨ ਤੋਂ ਬਾਅਦ ਵੋਟਰ ਫਾਰਮਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਸਿੱਖ ਵੋਟਰ ਧੜਾਧੜ ਫਾਰਮ ਭਰ ਕੇ ਦੇ ਰਹੇ ਹਨ। ਜਿਨ੍ਹਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਅੌਰਤਾਂ ਦੀ ਗਿਣਤੀ ਵਧੇਰੇ ਹੈ। ਅੌਰਤਾਂ ਨੇ 27418 ਅਤੇ ਪੁਰਸ਼ਾਂ ਵੱਲੋਂ 20480 ਫਾਰਮ ਜਮ੍ਹਾਂ ਕਰਵਾਏ ਗਏ ਹਨ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਪਿਛਲੇ ਦਿਨੀਂ ਫਾਰਮਾਂ ਦੀ ਗਿਣਤੀ 47898 ਸੀ। ਮਾਘੀ ਅਤੇ ਗੁਰਪੁਰਬ ਮੌਕੇ ਕ੍ਰਮਵਾਰ 4517 ਅਤੇ 3657 ਫਾਰਮ ਪ੍ਰਾਪਤ ਹੋਏ ਸਨ। ਮੁਹਾਲੀ ਵਿੱਚ ਹੁਣ ਤੱਕ 14303, ਡੇਰਾਬੱਸੀ ਵਿੱਚ 13209 ਅਤੇ ਖਰੜ ਸਬ ਡਿਵੀਜ਼ਨ ਨੇ 12733 ਦਾ ਯੋਗਦਾਨ ਰਿਹਾ ਲੇਕਿਨ ਹੁਣ ਰੋਜ਼ਾਨਾ ਸਿੱਖ ਵੋਟਰਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਯੋਗ ਸਿੱਖ ਵੋਟਰਾਂ ਨੂੰ ਫਾਰਮ ਭਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਦੀ ਆਖਰੀ ਤਰੀਕ 29 ਫਰਵਰੀ ਨੇੜੇ ਆ ਰਹੀ ਹੈ। ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਵਾਈਜਿੰਗ ਅਫ਼ਸਰ ਅਥਾਰਟੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਗੁਰਦੁਆਰਾ ਚੋਣਾਂ ਲਈ ਵੱਧ ਤੋਂ ਵੱਧ ਯੋਗ ਵੋਟਰਾਂ ਦੇ ਨਾਮ ਦਰਜ ਕਰਵਾਉਣ ਲਈ ਮੁਹਿੰਮ ਨੂੰ ਹੋਰ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਪੜਤਾਲ ਤੋਂ ਬਾਅਦ ਯੋਗ ਸਿੱਖ ਵੋਟਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।

ਪਿਛਲੀ ਵਾਰ ਗੁਰਦੁਆਰਾ ਚੋਣਾਂ ਤਹਿਤ ਵੋਟਰਾਂ ਦੀ ਗਿਣਤੀ 70 ਹਜ਼ਾਰ ਸੀ। ਇਸ ਵਾਰ ਹਰੇਕ ਯੋਗ ਵੋਟਰ ਨੂੰ ਰਜਿਸਟਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਸਿੱਖ ਵੋਟਰਾਂ ਲਈ ਮਾਪਦੰਡ ਵੀ ਤਹਿ ਕੀਤੇ ਗਏ ਹਨ। ਵੋਟਰ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਵੇ, ਕੇਸ਼ਾਧਾਰੀ ਸਿੱਖ, ਦਾੜ੍ਹੀ-ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕਰਦਾ ਹੋਵੇ। ਪੇਂਡੂ ਖੇਤਰ ਵਿੱਚ ਯੋਗ ਮਾਪਦੰਡ ਪੂਰੇ ਕਰਨ ਵਾਲਾ ਵਿਅਕਤੀ ਹੀ ਆਪਣਾ ਫਾਰਮ ਹਲਕਾ ਪਟਵਾਰੀ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਨਿਗਮ ਅਤੇ ਕੌਂਸਲ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …