
ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ
ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਤੇ ਗੁਰਮਤਿ ਦਾ ਪਾਠ ਪੜ੍ਹਾਉਣ ਲਈ ਆਨਲਾਈਨ ਮੁਕਾਬਲੇ ਕਰਵਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਅਤੇ ਗੁਰਮਤਿ ਦਾ ਪਾਠ ਪੜ੍ਹਾਉਣ ਲਈ ਜ਼ਿਲ੍ਹਾ ਪੱਧਰ ’ਤੇ ਆਨਲਾਈਨ ਗੁਰਮਤਿ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ (ਮੁਹਾਲੀ) ਦੀ ਬਾਬਾ ਦੀਪ ਸਿੰਘ ਟੀਮ ਦੀ ਅਵਨੀਤ ਕੌਰ, ਬਬਨਪ੍ਰੀਤ ਕੌਰ ਅਤੇ ਜਸਕੀਰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਇੰਡਸ ਪਬਲਿਕ ਸਕੂਲ ਦੀ ਬਾਬਾ ਜੁਝਾਰ ਸਿੰਘ ਟੀਮ ਦੀ ਅਵਨੀਤ ਕੌਰ, ਰਵਨੀਤ ਕੌਰ, ਕਾਕਾ ਅਮਰਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
ਇਨ੍ਹਾਂ ਦੋਵੇਂ ਜੇਤੂ ਟੀਮਾਂ ਨੂੰ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਇਕ ਸਾਦਾ ਜਿਹਾ ਸਮਾਗਮ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ ਵੱਲੋਂ ਮੈਡਲ ਅਤੇ ਵਿਸ਼ੇਸ਼ ਸਰਟੀਫ਼ਿਕੇਟ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਦਾ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਅਤੇ ਸਿੱਖੀ ਦੇ ਪ੍ਰਚਾਰ ਦੇ ਪ੍ਰਸਾਰ ਲਈ ਪਿੰਡ ਪੱਧਰ ’ਤੇ ਸਮੇਂ ਸਮੇਂ ਸਿਰ ਪ੍ਰੋਗਰਾਮ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਪਿਛਲੇ ਸਾਲ ਮਾਰਚ ਮਹੀਨੇ ਕਰੋਨਾ ਮਹਾਮਾਰੀ ਦਾ ਪ੍ਰਕੋਪ ਵਧਣ ਕਾਰਨ ਮੌਜੂਦਾ ਸਮੇਂ ਵਿੱਚ ਆਨਲਾਈਨ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਗੁਰੂਘਰਾਂ ਤੋਂ ਅੰਮ੍ਰਿਤ ਵੇਲੇ ਅਤੇ ਰਹਿਰਾਸ ਵੇਲੇ ਸਿੱਖ ਪ੍ਰਚਾਰਕਾਂ ਅਤੇ ਕਥਾ ਵਾਚਕਾਂ ਰਾਹੀਂ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖੀ ਅਤੇ ਗੁਰਮਤਿ ਨਾਲ ਜੋੜਿਆ ਜਾ ਰਿਹਾ ਹੈ।
ਇਸ ਮੌਕੇ ਐਸਜੀਪੀਸੀ ਦੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਅਕਾਊਂਟੈਂਟ ਸੁਰਜੀਤ ਸਿੰਘ, ਪ੍ਰਚਾਰਕ ਭਾਈ ਰਾਜਪਾਲ ਸਿੰਘ, ਭਾਈ ਗੁਰਪਾਲ ਸਿੰਘ ਤਿਮੋਵਾਲ ਸਮੇਤ ਜੇਤੂ ਬੱਚਿਆਂ ਦੇ ਮਾਪੇ ਅਤੇ ਹੋਰ ਪਤਵੰਤੇ ਹਾਜ਼ਰ ਸਨ।