
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਹੋਰ ਬਹੁ ਕਰੋੜੀ ਜ਼ਮੀਨ ਵੇਚਣ ਦੀ ਤਿਆਰੀ
ਐਸਜੀਪੀਸੀ ਮੈਂਬਰ ਭਾਈ ਹਰਦੀਪ ਸਿੰਘ ਅਤੇ ਇਲਾਕੇ ਦੀ ਸੰਗਤ ਵੱਲੋਂ ਸਖ਼ਤ ਵਿਰੋਧ
ਹਰਦੀਪ ਸਿੰਘ ਨੇ ਬੀਤੀ 25 ਫਰਵਰੀ ਨੂੰ ਬੀਬੀ ਜਗੀਰ ਕੌਰ ਨੂੰ ਮਿਲ ਕੇ ਕਰਵਾਇਆ ਸੀ ਸਥਿਤੀ ਤੋਂ ਜਾਣੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਪੇ੍ਰਮਗੜ੍ਹ (ਸੈਣੀ ਮਾਜਰਾ) ਵਿਚਲੀ ਬਾਕੀ ਬਚਦੀ ਕਰੀਬ 12.5 ਏਕੜ ਬੇਸ਼ਕੀਮਤੀ ਜ਼ਮੀਨ ਵੀ ਗਮਾਡਾ ਨੂੰ ਵੇਚਣ ਦੀ ਤਿਆਰ ਕੀਤੀ ਜਾ ਰਹੀ ਹੈ। ਜਿਸ ਦਾ ਐਸਜੀਪੀਸੀ ਦੇ ਸੀਨੀਅਰ ਮੈਂਬਰ ਭਾਈ ਹਰਦੀਪ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਪਹਿਲਾਂ ਬੀਤੀ 17 ਫਰਵਰੀ ਨੂੰ ਵੀ ਜ਼ਮੀਨ ਵੇਚਣ ਦੀ ਪ੍ਰਕਿਰਿਆ ਨੂੰ ਅੱਗੇ ਤੋਰਨ ਲਈ ਮੀਟਿੰਗ ਸੱਦੀ ਗਈ ਸੀ ਪ੍ਰੰਤੂ ਹਰਦੀਪ ਸਿੰਘ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਮੀਟਿੰਗ ਰੱਦ ਕਰ ਦਿੱਤੀ ਗਈ ਸੀ ਪਰ ਹੁਣ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਉਕਤ ਜ਼ਮੀਨ ਵੇਚਣ ਲਈ ਯੋਜਨਾ ਉਲੀਕੀ ਗਈ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਹਰਦੀਪ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਉਨ੍ਹਾਂ ਨੇ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕਰਕੇ ਇਸ ਕਾਰਵਾਈ ਨੂੰ ਰੋਕਣ ਅਤੇ ਉਕਤ ਜ਼ਮੀਨ ਵਿੱਚ ਲੋਕਹਿੱਤ ਵਿੱਚ ਹਸਪਤਾਲ ਜਾਂ ਇਲਾਕੇ ਦੀ ਬਿਹਤਰੀ ਲਈ ਕੋਈ ਪ੍ਰਾਜੈਕਟ ਲਗਾਉਣ ਦੀ ਸਲਾਹ ਦਿੱਤੀ ਗਈ ਸੀ ਬੀਬੀ ਜਗੀਰ ਕੌਰ ਨੇ ਇਸ ਬਾਰੇ ਸਹਿਮਤੀ ਵੀ ਦਿੱਤੀ ਸੀ ਪਰ ਅੰਦਰਖਾਤੇ ਕਾਰਵਾਈ ਪੂਰੀ ਕਰਕੇ ਸ਼੍ਰੋਮਣੀ ਕਮੇਟੀ ਪੈਸੇ ਵੱਟਣ ਦੀ ਮਨਸ਼ਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਵੱਲੋਂ ਜ਼ਮੀਨ ਗਮਾਡਾ ਨੂੰ ਦੇਣ ਦਾ ਮਤਾ ਤਿਆਰ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ੍ਰ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਆਪਣਾ ਵਿਰੋਧ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਅੰਬ ਸਾਹਿਬ ਦੀ ਫੇਜ਼ 8 ਵਿਚਲੇ 14.5 ਏਕੜ ਤੋਂ ਇਲਾਵਾ ਪਿੰਡ ਪੇ੍ਰਮਗੜ੍ਹ (ਸੈਣੀ ਮਾਜਰਾ) ਹੁਣ ਮੌਜੂਦਾ ਐਰੋਸਿਟੀ ਵਿੱਚ 23.5 ਏਕੜ ਜ਼ਮੀਨ ਸੀ। ਜਿਸ ’ਚੋਂ ਤਤਕਾਲੀ ਪ੍ਰਧਾਨ ਜਥੇਦਾਰ ਮੱਕੜ ਦੀ ਪ੍ਰਧਾਨਗੀ ਸਮੇਂ ਸੰਗਤ ਦੇ ਵਿਰੋਧ ਦੇ ਬਾਵਜੂਦ ਹਾਈ ਪਾਵਰ ਕਮੇਟੀ ਬਣਾ ਕੇ 11 ਏਕੜ ਜ਼ਮੀਨ ਗਮਾਡਾ ਨੂੰ 19.36 ਕਰੋੜ ਰੁਪਏ ਵਿੱਚ ਦੇ ਦਿੱਤੀ ਸੀ। ਜਿਸ ਦੀ ਕੀਮਤ ਅੱਜ 66 ਕਰੋੜ ਹੈ ਅਤੇ ਆਉਂਦੇ ਸਮੇਂ ਲਈ ਬਹੁਤ ਕੀਮਤੀ ਹੋਵੇਗੀ। ਪਰ ਜੋ ਜ਼ਮੀਨ ਉਸ ਪੈਸੇ ਨਾਲ ਸ਼੍ਰੋਮਣੀ ਕਮੇਟੀ ਨੇ ਮਲੇਰਕੋਟਲਾ ਨੇੜੇ ਖਰੀਦੀ ਸੀ। ਉਸ ਦੀ ਅੱਜ ਕੀਮਤ 9 ਕਰੋੜ ਦ। ਕਰੀਬ ਹੈ। ਸੋ ਉਸ ਸਮੇਂ ਕੀਤੀ ਗਲਤੀ ਕਰਕੇ ਕਰੀਬ 57 ਕਰੋੜ ਦਾ ਨੁਕਸਾਨ ਗੁਰਦੁਆਰਾ ਅੰਬ ਸਾਹਿਬ ਨੂੰ ਹੋ ਚੁੱਕਾ ਹੈ ਅਤੇ ਇਲਾਕੇ ਵਿੱਚ ਕੋਈ ਪ੍ਰਾਜੈਕਟ ਨਹੀਂ ਬਣਾਇਆ ਗਿਆ।
ਭਾਈ ਹਰਦੀਪ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਇਸ 23.5 ਏਕੜ ਜ਼ਮੀਨ ਨੂੰ ਇਕ ਥਾਂ ਇਕੱਠਾ ਕਰਕੇ ਹਸਪਤਾਲ ਬਣਾਇਆ ਜਾਵੇ ਜੇਕਰ ਜ਼ਮੀਨ ਦਾ ਤਬਾਦਲਾ ਹੋਵੇ ਭਾਵ ਜ਼ਮੀਨ ਦੇ ਬਦਲੇ ਪੂਰੀ ਜ਼ਮੀਨ ਪ੍ਰਾਪਤ ਕੀਤੀ ਜਾਵੇ ਤਾਂ ਪੈਸੇ ਦੇ ਲੈਣ ਦੇਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਜੇਕਰ ਸਰਕਾਰਾਂ ਵੱਲੋਂ ਰਾਧਾ ਸੁਆਮੀ ਸੰਸਥਾ ਦੇ 200 ਏਕੜ ਦੇ ਕਰੀਬ ਇਕੱਠੇ ਕੀਤੇ ਜਾ ਸਕਦੇ ਹਨ ਤਾਂ ਗੁਰਦੁਆਰਾ ਅੰਬ ਸਾਹਿਬ ਦੇ ਕਿਉਂ ਨਹੀਂ? ਪ੍ਰੰਤੂ ਸ਼੍ਰੋਮਣੀ ਕਮੇਟੀ ਅੱਜ ਫੇਰ ਪੁਰਾਣੀ ਗਲਤੀ ਦੁਹਰਾ ਰਹੀ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਖ਼ੁਰਦ ਬੁਰਦ ਨਾ ਕੀਤਾ ਜਾਵੇ ਬਲਕਿ ਇਸ ਜ਼ਮੀਨ ਉੱਪਰ ਇਲਾਕੇ ਲਈ ਹਸਪਤਾਲ ਬਣਨਾ ਚਾਹੀਦਾ ਹੈ।
ਗੁਰਦੁਆਰਾ ਅੰਬ ਸਾਹਿਬ ਵਿੱਚ ਤਾਇਨਾਤ ਐਸਜੀਪੀਸੀ ਦੇ ਮੈਨੇਜਰ ਰਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਸਿਰਿਓਂ ਕੋਈ ਜ਼ਮੀਨ ਨਹੀਂ ਵੇਚੀ ਜਾ ਰਹੀ ਹੈ ਸਗੋਂ ਕਾਫ਼ੀ ਸਮਾਂ ਪਹਿਲਾਂ (ਫਰਵਰੀ 2019) ਪੁੱਡਾ ਨੇ ਮੁਹਾਲੀ ਨੇੜਲੇ ਪਿੰਡਾਂ ਦੀ ਕਰੀਬ 5500 ਏਕੜ ਜ਼ਮੀਨ ਐਕਵਾਇਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਦੋਂ ਕਿਸੇ ਆਗੂ ਜਾਂ ਐਸਜੀਪੀਸੀ ਸਟਾਫ਼ ਨੇ ਪੁੱਡਾ ਕੋਲ ਇਤਰਾਜ ਦਰਜ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਦੇ ਮੀਤ ਸਕੱਤਰ ਅਤੇ ਪਟਵਾਰੀ ਲਗਾਤਾਰ ਪੁੱਡਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕਿਹਾ ਗਿਆ ਹੈ ਕਿ ਜੇਕਰ ਜ਼ਮੀਨ ਐਕਵਾਇਰ ਨਾ ਕੀਤੀ ਜਾਵੇ। ਪੁੱਡਾ ਕੋਲ ਇਹ ਵੀ ਪ੍ਰਸਤਾਵ ਰੱਖਿਆ ਗਿਆ ਹੈ ਕਿ ਐਸਜੀਪੀਸੀ ਇੱਥੇ ਸਕੂਲ, ਕਾਲਜ ਜਾਂ ਹਸਪਤਾਲ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲੇ ਤੱਕ ਐਸਜੀਪੀਸੀ ਨੇ ਜ਼ਮੀਨ ਬਦਲੇ ਪੁੱਡਾ ਤੋਂ ਕੋਈ ਪੈਸੇ ਵਸੂਲ ਨਹੀਂ ਕੀਤਾ ਹੈ।