ਐਸਜੀਪੀਸੀ ਸਟਾਫ਼ ਨੇ ਮਹਿਲਾ ਸ਼ਰਧਾਲੂ ਨੂੰ ਵਾਪਸ ਕੀਤਾ ਸੋਨੇ ਦਾ ਹਾਰ
ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ ਨੇ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਇੱਕ ਮਹਿਲਾ ਸ਼ਰਧਾਲੂ ਨੂੰ ਗੁੰਮ ਹੋਇਆ ਸੋਨੇ ਦਾ ਹਾਰ ਲੱਭ ਕੇ ਉਸ ਦੇ ਹਵਾਲੇ ਕੀਤਾ। ਮਿਲੀ ਜਾਣਕਾਰੀ ਅਨੁਸਾਰ ਬੀਬਾ ਪ੍ਰੀਤ ਕੌਰ ਪੁੱਤਰੀ ਅਮਨਦੀਪ ਸਿੰਘ ਵਾਸੀ ਫੇਜ਼-10, ਮੁਹਾਲੀ ਬੀਤੇ ਕੱਲ੍ਹ ਮੰਗਲਵਾਰ ਸ਼ਾਮ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਵਿਖੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਆਏ ਸੀ। ਇਸ ਦੌਰਾਨ ਬੀਬਾ ਪ੍ਰੀਤ ਕੌਰ ਦਾ ਸੋਨੇ ਦਾ ਹਾਰ ਗੁੰਮ ਹੋ ਗਿਆ।
ਇਸ ਸਬੰਧੀ ਉਸ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ ਅਤੇ ਹੋਰਨਾਂ ਸਟਾਫ਼ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਗੁੰਮ ਹੋਏ ਗਹਿਣੇ ਬਾਰੇ ਜਾਣਕਾਰੀ ਦਿੱਤੀ। ਮੈਨੇਜਰ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਜਿਵੇਂ ਹੀ ਬੀਬੀ ਪ੍ਰੀਤ ਕੌਰ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਮਗਰੋਂ ਉੱਠ ਕੇ ਵਾਪਸ ਜਾਣ ਲੱਗੀ ਤਾਂ ਉਸ ਦਾ ਸੋਨੇ ਦਾ ਹਾਰ ਉੱਥੇ ਹੀ ਡਿੱਗ ਗਿਆ। ਇਸ ਦੌਰਾਨ ਗੁਰੂਘਰ ’ਚੋਂ ਬਾਹਰ ਆਉਂਦੇ ਸਮੇਂ ਇੱਕ ਛੋਟੀ ਬੱਚੀ ਨੇ ਸੋਨੇ ਦਾ ਹਾਰ ਚੁੱਕ ਲਿਆ ਅਤੇ ਐਸਜੀਪੀਸੀ ਦੇ ਦਫ਼ਤਰ ਵਿੱਚ ਬੈਠੇ ਕਿਸਾਨ ਆਗੂ ਤੇਜਿੰਦਰ ਸਿੰਘ ਪੂਨੀਆ ਅਤੇ ਸਟਾਫ਼ ਨੂੰ ਸੌਂਪ ਦਿੰਦਿਆਂ ਕਿਹਾ ਕਿ ਇਹ ਹਾਰ ਉਸ ਨੂੰ ਗੁਰੂਘਰ ਦੇ ਅੰਦਰੋਂ ਮਿਲਿਆ ਹੈ। ਇਸ ਤਰ੍ਹਾਂ ਅੱਜ ਸਵੇਰੇ ਬੀਬਾ ਪ੍ਰੀਤ ਕੌਰ ਨੂੰ ਗੁਰਦੁਆਰਾ ਸਾਹਿਬ ਸੱਦ ਕੇ ਉਸ ਨੂੰ ਸੋਨੇ ਦਾ ਹਾਰ ਵਾਪਸ ਦਿੱਤਾ ਗਿਆ।
ਇਸ ਮੌਕੇ ਕਿਸਾਨ ਆਗੂ ਤੇਜਿੰਦਰ ਸਿੰਘ ਪੂਨੀਆ, ਐਸਜੀਪੀਸੀ ਦੇ ਲੇਖਾ ਅਫ਼ਸਰ ਜਗਜੀਤ ਸਿੰਘ ਸਿੱਧੂ ਤੇ ਹੋਰ ਪਤਵੰਤੇ ਮੌਜੂਦ ਸਨ। ਸੋਨੇ ਦਾ ਹਾਰ ਪ੍ਰਾਪਤ ਕਰਨ ਤੋਂ ਬਾਅਦ ਬੀਬਾ ਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਿਤਾ ਅਮਨਦੀਪ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ, ਕਿਸਾਨ ਆਗੂ ਅਤੇ ਸਟਾਫ਼ ਦਾ ਧੰਨਵਾਦ ਕੀਤਾ।