ਪੰਥਕ ਮੁੱਦਿਆਂ ’ਤੇ ਜਵਾਬ ਦੇਣ ਦੀ ਥਾਂ ਸਵਾਲਾਂ ਤੋਂ ਬਚਦੇ ਰਹੇ ਐਸਜੀਪੀਸੀ ਦੇ ਨਵੇਂ ਪ੍ਰਧਾਨ ਗੋਬਿਦ ਸਿੰਘ ਲੌਂਗੋਵਾਲ

ਪੰਥ ਦੀ ਚੜ੍ਹਦੀ ਕਲਾ ਲਈ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਕੰਮ ਕਰਨ ਦੀ ਗੱਲ ਆਖੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅੱਜ ਆਪਣੀ ਮੁਹਾਲੀ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਥਕ ਮੁੱਦਿਆਂ ਬਾਰੇ ਪੁੱਛੇ ਗਏ ਜਿਆਦਾਤਰ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਸਵਾਲਾਂ ਤੋਂ ਬਚਦੇ ਨਜ਼ਰ ਆਏ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਬਹੁਤੇ ਸਵਾਲ ਟਾਲਣ ਵਿੱਚ ਹੀ ਬਿਹਤਰੀ ਸਮਝੀ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਸੰਗਤਾਂ 25 ਦਸੰਬਰ ਜਾਂ 5 ਜਨਵਰੀ ਨੂੰ ਮਨਾਉਣ ਸਬੰਧੀ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਹਾਲੇ ਕੁਝ ਨਹੀਂ ਕਹਿ ਸਕਦਾ। ਇਸੇ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਵਿੱਚ ਪਾਰਦਸ਼ਤਾ ਲਿਆਉਣ ਅਤੇ ਸ਼੍ਰੋਮਣੀ ਕਮੇਟੀ ਦਾ ਏਕਾਧਿਕਾਰ ਖ਼ਤਮ ਕਰਨ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕੁਝ ਵੀ ਕਹਿਣ ਤੋੱ ਸਪੱਸ਼ਟ ਇਨਕਾਰ ਕਰ ਦਿੱਤਾ। ਸ਼੍ਰੋਮਣੀ ਕਮੇਟੀ ਵਿੱਚ ਚਲਦੇ ਆ ਰਹੇ ਰਿਸ਼ਤੇਦਾਰਾਂ/ਭਾਈ-ਭਤੀਜਿਆਂ ਨੂੰ ਨੌਕਰੀਆਂ ਦੇਣ ਦੇ ਰੁਝਾਨ ਤੇ ਰੋਕ ਲਗਾਉਣ ਬਾਰੇ ਵੀ ਉਹਨਾਂ ਮੁਸਕਰਾ ਕੇ ਕੰਮ ਸਾਰ ਦਿੱਤਾ। ਰਾਗੀਆਂ, ਢਾਡੀਆਂ ਅਤੇ ਪ੍ਰਚਾਰਕਾਂ ਦੀਆਂ ਤਨਖਾਹਾਂ ਅਤੇ ਮਾਨ ਭੇਟਾ ਵਧਾਉਣ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਉਹ ਹੁਣੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ।
ਇਸ ਦੌਰਾਨ ਅਜਿਹਾ ਲੱਗ ਰਿਹਾ ਸੀ ਜਿਵੇੱ ਉਹ ਪੱਤਰਕਾਰਾਂ ਦੇ ਪਹਿਲੇ ਸਵਾਲਾਂ ਤੋਂ ਅਸਹਿਜ ਮਹਿਸੂਸ ਕਰ ਰਹੇ ਸਨ। ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋੱ ਉਹਨਾਂ ਨੂੰ ਪਿਛਲੀਆਂ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣ ਬਦਲੇ ਤਨਖਾਹੀਆਂ ਕਰਾਰ ਦਿਤਾ ਗਿਆ ਸੀ ਅਤੇ ਸ੍ਰੀ ਲੌਂਗੋਵਾਲ ਨੇ ਉਹ ਪੰਥਕ ਸਜਾ ਪ੍ਰਵਾਨ ਕਰਕੇ ਤਨਖਾਹ ਵੀਭੁਗਤੀ ਸੀ। ਇਸ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹ ਕਦੇ ਡੇਰਾ ਸਿਰਸਾ ਨਹੀਂ ਗਏ ਅਤੇ ਨਾ ਹੀ ਕਦੇ ਡੇਰੇ ਵਿੱਚ ਜਾ ਕੇ ਹਮਾਇਤ ਦੀ ਮੰਗ ਕੀਤੀ ਹੈ। ਉਹਨਾਂ ਦੀ ਨਿਯੁਕਤੀ ਤੇ ਕਈ ਪੰਥਕ ਧਿਰਾਂ ਵੱਲੋੱ ਚੁੱਕੇ ਜਾ ਰਹੇ ਸਵਾਲਾਂ ਬਾਰੇ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੰਥਕ ਸਰਗਰਮੀਆਂ ਬਾਰੇ ਉਹਨਾਂ ਕਿਹਾ ਕਿ ਉਹ ਪੰਥਕ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਅਤੇ ਸ੍ਰੋਮਣੀ ਕਮੇਟੀ ਵਲੋੱ ਪਤਿਤ ਹੋ ਰਹੀ ਨੌਜਵਾਨ ਪੀੜ੍ਹੀ ਮੁੜ ਸਾਬਤ ਸੁਰਤ ਸਿੱਖ ਬਣਾਉਣ ਲਈ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਧਰਮ ਪ੍ਰਚਾਰ ਲਈ ਚੰਗੇ ਪ੍ਰਚਾਰਕਾਂ ਅਤੇ ਵਿਦਵਾਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਦੌਰਾਨ ਭਾਈ ਲੌਂਗੋਵਾਲ ਪੱਤਰਕਾਰਾਂ ਦੇ ਸਵਾਲਾਂ ਦੀ ਝੜੀ ਅੱਗੇ ਅਸਹਿਜ ਮਹਿਸੂਸ ਕਰਨ ਲੱਗੇ ਭਾਵੇਂ ਇਸ ਮੌਕੇ ਮੌਜੂਦ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿਤੇ ਪਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਮਿਲਣੀ ਨੂੰ ਤੁਰੰਤ ਸਮੇਟਣਾ ਹੀ ਬਿਹਤਰ ਸਮਝਿਆ।
ਇਸ ਮੌਕੇ ਹਲਾਕ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ, ਬਲਜੀਤ ਸਿੰਘ ਕੁੰਬੜਾ, ਪਰਮਜੀਤ ਕੌਰ ਲਾਂਡਰਾਂ, ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ, ਜਸਵਿੰਦਰ ਸਿੰਘ ਵਿਰਕ, ਪਰਵਿੰਦਰ ਸਿੰਘ ਸੋਹਾਣਾ, ਹਰਮਨਪ੍ਰੀਤ ਸਿੰਘ ਪ੍ਰਿੰਸ ਕੰਵਲਜੀਤ ਸਿੰਘ ਰੂਬੀ, ਸੁਰਿੰਦਰ ਸਿੰਘ ਰੋਡਾ, ਜਸਬੀਰ ਕੌਰ, ਮਨਜੀਤ ਸਿੰਘ ਮਾਨ, ਅਮਰਜੀਤ ਸਿੰਘ ਗਿੱਲ, ਮੈਨੇਜਰ ਗੁਰਦੁਆਰਾ ਅੰਬ ਸਾਹਿਬ, ਪਰਮਜੀਤ ਸਿੰਘ ਗਿੱਲ, ਪ੍ਰਧਾਨ ਗੁਰਦੁਆਰਾ ਸਾਚਾ ਧਨੁ, ਤੇਜਿੰਦਰ ਸਿੰਘ ਉਬਰਾਏ, ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ, ਗੁਰਮੇਲ ਸਿੰਘ ਮੋਜੇਵਾਲ, ਚਰਨਜੀਤ ਸਿੰਘ ਕਾਲੇਵਾਲ, ਅਜਮੇਰ ਸਿੰਘ, ਮਨਜੀਤ ਸਿੰਘ ਮੁੰਧੋਂ ਸੰਗਤੀਆਂ, ਕੌਂਸਲਰ ਪਰਮਿੰਦਰ ਸਿੰਘ ਤਸਿੰਬਲੀ ਅਤੇ ਅਵਤਾਰ ਸਿੰਘ ਵਾਲੀਆ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…