
ਘਰਾਂ ਵਿੱਚ ਛੋਟੇ ਬੱਚਿਆਂ ਦੇ ਗੁਰਬਾਣੀ ਕੰਠ ਤੇ ਸ਼ਬਦ ਕੀਰਤਨ ਮੁਕਾਬਲੇ ਕਰਵਾਏ
ਸਮਾਜਿਕ ਚੇਤਨਾ ਲਈ ਨਵੀਂ ਪੀੜ੍ਹੀ ਨੂੰ ਯੋਗ ਅਗਵਾਈ ਦੀ ਸਖ਼ਤ ਲੋੜ: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਬੱਬੀ ਬਾਦਲ ਫਾਊਂਡੇਸ਼ਨ ਦੇ ਬੈਨਰ ਹੇਠ ਅੱਜ ਇੱਥੋਂ ਦੇ ਫੇਜ਼-11 ਵਿੱਚ ਗੁਰਬਾਣੀ ਕੰਠ ਅਤੇ ਸ਼ਬਦ ਕੀਰਤਨ ਮੁਕਾਬਲੇ ਵਿੱਚ ਭਾਗ ਲੈਣ ਅਤੇ ਸੋਸ਼ਲ ਮੀਡੀਆ ’ਤੇ ਆਮ ਲੋਕਾਂ ਨੂੰ ਕਰੋਨਾ ਖ਼ਿਲਾਫ਼ ਜਾਗਰੂਕ ਰਹਿਣ ਦਾ ਸੁਨੇਹਾ ਦੇਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਰਟੀਫਿਕੇਟ, ਪ੍ਰਸੰਸਾ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ਨੇ ਕਰੋਨਾ ਮਹਾਮਾਰੀ ਦੌਰਾਨ ਆਪਣੇ ਘਰਾਂ ਵਿੱਚ ਬੈਠ ਕੇ ਮਾਪਿਆਂ ਦੀ ਸਹਾਇਤਾ ਨਾਲ ਗੁਰਬਾਣੀ ਕੰਠ, ਸ਼ਬਦ ਕੀਰਤਨ ਮੁਕਾਬਲੇ ਵਿੱਚ ਭਾਗ ਲੈਣ ਅਤੇ ਕਰੋਨਾ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਵਿੱਢੀ ਹੋਈ ਹੈ।
ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਇਨ੍ਹਾਂ ਛੋਟੇ ਬੱਚਿਆਂ ਨੇ ਮੂਲ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਕਰੋਨਾ ਸੰਕਟ ਦੌਰਾਨ ਜਿੱਥੇ ਗੁਰਬਾਣੀ ਕੰਠ, ਸ਼ਬਦ ਕੀਰਤਨ ਰਾਹੀਂ ਆਪਣੇ ਜੀਵਨ ਨੂੰ ਤਰੱਕੀ ਦੇ ਰਾਹ ’ਤੇ ਤੋਰਿਆਂ ਹੈ, ਉੱਥੇ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਚੇਤਨਾ ਲਈ ਨਵੀਂ ਪੀੜ੍ਹੀ ਨੂੰ ਯੋਗ ਅਗਵਾਈ ਦੀ ਸਖ਼ਤ ਲੋੜ ਹੈ। ਇਸ ਲਈ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਲਈ ਸਾਰੀ ਜ਼ਿੰਮੇਵਾਰੀ ਅਧਿਆਪਕਾਂ ’ਤੇ ਨਹੀਂ ਸੁੱਟਣੀ ਚਾਹੀਦੀ ਹੈ, ਸਗੋਂ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆਂ ਕਿ ਅਸ਼ਪ੍ਰੀਤ ਕੌਰ, ਚਨਪ੍ਰੀਤ ਕੌਰ, ਇੰਦਰਪ੍ਰੀਤ ਕੌਰ, ਜਸਨੂਰ ਕੌਰ, ਕੋਮਲ ਪੁਰੀ, ਦਿਵਿਆ ਪੁਰੀ, ਲਕਸ਼ ਪੁਰੀ, ਹਰਸ਼ਪ੍ਰੀਤ ਸਿੰਘ, ਕਰੁਨ ਵੈਦ, ਕੇਸ਼ਵ ਵੈਦ, ਭਵਨੀਤ ਕੌਰ, ਪਾਰਥ ਸ਼ਰਮਾ, ਸ਼ਾਕਸ਼ੀ ਕੁਮਾਰੀ, ਸਿੱਪੀ, ਮਨਪ੍ਰੀਤ ਸਿੰਘ, ਕਰਨਵੀਰ ਸਿੰਘ, ਚਰਨਪ੍ਰੀਤ ਸਿੰਘ, ਸ਼ਰੇਆ, ਅੰਸੂਮਨ, ਸਿਦਕਪ੍ਰੀਤ ਸਿੰਘ, ਬਰਮਜੋਤ ਸਿੰਘ, ਹਰਦੀਪ ਸਿੰਘ, ਪਰਮਜੋਤ ਸਿੰਘ ਸਮੇਤ ਹੋਰਨਾਂ ਬੱਚਿਆਂ ਨੇ ਗੁਰਬਾਣੀ ਕੰਠ ਅਤੇ ਸ਼ਬਦ ਕੀਰਤਨ ਮੁਕਾਬਲੇ ਵਿੱਚ ਭਾਗ ਲਿਆ। ਇਸ ਮੌਕੇ ਸੀਨੀਅਰ ਯੂਥ ਆਗੂ ਜਸਰਾਜ ਸਿੰਘ ਸੋਨੂ, ਦਲਜੀਤ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਮੀਤ ਸਿੰਘ, ਜਸਪਿੰਦਰ ਸਿੰਘ, ਗੁਰਪ੍ਰੀਤ ਸਿੰਘ,ਅਰੁਨ ਵੈਦ, ਜਸਵੰਤ ਕੌਰ ਸਰਨਾ, ਸਤਿੰਦਰ ਕੌਰ, ਸੀਮਾ ਪੁਰੀ, ਗਗਨਦੀਪ ਕੌਰ, ਹਾਜ਼ਰ ਸਨ।