ਕੇਸਾਧਾਰੀ ਹਾਕੀ ਮੈਚ: ਸ਼ਾਹਬਾਦ ਅਕੈਡਮੀ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ 2-1 ਗੋਲਾਂ ਨਾਲ ਹਰਾਇਆ

ਸੁਰਜੀਤ ਅਕੈਡਮੀ ਜਲੰਧਰ, ਖਡੂਰ ਸਾਹਿਬ, ਸ਼ਾਹਬਾਦ ਤੇ ਲੁਧਿਆਣਾ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਪੁੱਜੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਇੱਥੋਂ ਦੇ ਪੀਆਈਐਸ ਹਾਕੀ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਅੰਡਰ-19 ਪਹਿਲੇ 5 ਰੋਜ਼ਾ ਕੇਸਾਧਾਰੀ ਗੋਲਕ ਕੱਪ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਵੱਖ ਵੱਖ ਨਾਮੀ ਖੇਡ ਅਕੈਡਮੀਆਂ ਦੇ ਖਿਡਾਰੀਆਂ ਦੇ ਚਾਰ ਮੈਚ ਕਰਵਾਏ ਗਏ। ਜਿਨ੍ਹਾਂ ’ਚੋਂ ਸੁਰਜੀਤ ਅਕੈਡਮੀ ਜਲੰਧਰ, ਖਡੂਰ ਸਾਹਿਬ ਅਕੈਡਮੀ, ਸ਼ਾਹਬਾਦ (ਹਰਿਆਣਾ) ਅਕੈਡਮੀ ਅਤੇ ਪੀਆਈਐਸ ਲੁਧਿਆਣਾ ਦੀਆਂ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀ-ਫਾਈਨਲ ਵਿੱਚ ਪੁੱਜ ਗਈਆਂ ਹਨ।
ਅੱਜ ਤੀਜੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਦਘਾਟਨ ਕੀਤਾ ਅਤੇ ਪ੍ਰਬੰਧਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾ ਦੇ ਅਹੁਦੇਦਾਰਾਂ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਅਜਿਹੀਆਂ ਖੇਡਾਂ ਕਰਵਾਉਣੀਆਂ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕੌਂਸਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਗਰਾਂਟ ਦਿਵਾਉਣ ਦਾ ਐਲਾਨ ਵੀ ਕੀਤਾ।
ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਅੱਜ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਹਬਾਦ (ਹਰਿਆਣਾ) ਅਕੈਡਮੀ ਦੀ ਟੀਮ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ 2-1 ਗੋਲਾਂ ਨਾਲ ਮਾਤ ਦੇ ਕੇ ਸੈਮੀ-ਫਾਈਨਲ ਵਿੱਚ ਪੁੱਜਣ ਲਈ ਰਾਹ ਪੱਧਰਾ ਕੀਤਾ। ਇਸ ਮੈਚ ਵਿੱਚ ਸ਼ਾਹਬਾਦ ਟੀਮ ਦੇ ਲਵਪ੍ਰੀਤ ਸਿੰਘ ਨੇ 9ਵੇਂ ਹੀ ਮਿੰਟ ਵਿੱਚ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ ਪਰ ਮਹਾਰਾਜਾ ਅਕੈਡਮੀ ਵੱਲੋਂ ਪਰਮਪਾਲ ਸਿੰਘ ਨੇ ਮੈਚ ਦੇ 36ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ’ਤੇ ਲੈ ਆਂਦਾ। ਇਸ ਮਗਰੋਂ ਸ਼ਾਹਬਾਦ ਟੀਮ ਦੇ ਤੇਜ਼-ਤਰਾਰ ਖਿਡਾਰੀ ਪ੍ਰਗਟ ਸਿੰਘ ਨੇ ਮੈਚ ਦੇ 39ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ ਮੁੜ ਅੱਗੇ ਕਰ ਦਿੱਤਾ। ਆਖ਼ਰਕਾਰ ਹਰਿਆਣਵੀ ਛੋਰਿਆਂ ਨੇ ਇਸ ਫਸਵੇਂ ਮੈਚ ਵਿੱਚ 2-1 ਗੋਲਾਂ ਨਾਲ ਜਿੱਤ ਹਾਸਲ ਕੀਤੀ। ਸ਼ਾਹਬਾਦ ਦੇ ਮਿਲਨਦੀਪ ਸਿੰਘ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ।
ਦੂਜੇ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ 4-1 ਗੋਲਾਂ ਨਾਲ ਕਰਾਰੀ ਹਾਰ ਦਿੱਤੀ। ਐਸਜੀਪੀਸੀ ਵੱਲੋਂ ਦੇ ਇਕਲੌਤਾ ਗੋਲ ਜਸਸਿਮਰਨ ਸਿੰਘ ਨੇ ਮੈਚ ਦੇ ਚੌਥੇ ਮਿੰਟ ਵਿੱਚ ਕੀਤਾ ਗਿਆ ਜਦੋਂਕਿ ਸੁਰਜੀਤ ਅਕੈਡਮੀ ਵੱਲੋਂ 9ਵੇਂ ਮਿੰਟ ਵਿੱਚ ਸੁਰਦਰਸ਼ਨ ਸਿੰਘ, 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਪ੍ਰਭਸਿਮਰਨਜੀਤ ਸਿੰਘ, 25ਵੇਂ ਮਿੰਟ ਵਿੱਚ ਜਸਪ੍ਰੀਤ ਸਿੰਘ ਅਤੇ 26ਵੇਂ ਮਿੰਟ ਵਿੱਚ ਕੈਪਟਨ ਬਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਕੁੱਲ 4 ਗੋਲ ਠੋਕੇ। ਸੁਰਜੀਤ ਅਕੈਡਮੀ ਦੇ ਸੁਰਦਰਸ਼ਨ ਸਿੰਘ ਨੂੰ ਮੈਨ ਆਫ਼ ਦਾ ਮੈਚ ਦਾ ਖ਼ਿਤਾਬ ਦਿੱਤਾ।
ਤੀਜਾ ਮੈਚ ਵਿੱਚ ਪੀਆਈਐਸ ਮੁਹਾਲੀ ਨੇ ਨਾਮਧਾਰੀ ਇਲੈਵਨ ਭੈਣੀ ਸਾਹਿਬ ਨੂੰ 5-0 ਗੋਲਾਂ ਦੇ ਵੱਡੇ ਫਰਕ ਨਾਲ ਮਾਤ ਦੇ ਕੇ ਹੋਮ ਗਰਾਉਂਡ ਵਿੱਚ ਮੁਹਾਲੀ ਦੀ ਲਾਜ ਰੱਖੀ। ਇਸ ਮੈਚ ਵਿੱਚ ਮੁਹਾਲੀ ਦੇ ਕੈਪਟਨ ਰਣਬੀਰ ਸਿੰਘ ਨੂੰ ਮੈਨ ਆਫ਼ ਦਾ ਮੈਚ ਘੋਸ਼ਿਤ ਕੀਤਾ ਗਿਆ। ਚੌਥਾ ਤੇ ਆਖਰੀ ਮੈਚ ਪੀਆਈਐਸ ਲੁਧਿਆਣਾ ਅਤੇ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਲੁਧਿਆਣਾ ਦੀ ਟੀਮ ਨੇ ਖਡੂਰ ਸਾਹਿਬ ਦੀ ਟੀਮ ਨੂੰ 3-1 ਗੋਲਾਂ ਹਰਾ ਕੇ ਸੈਮੀ-ਫਾਈਨਲ ਵਿੱਚ ਆਪਣੀ ਥਾਂ ਬਣਾਈ। ਲੁਧਿਆਣਾ ਦੇ ਜਸਪ੍ਰੀਤ ਸਿੰਘ ਨੂੰ ਮੈਨ ਆਫ਼ ਦਾ ਮੈਚ ਐਵਾਰਡ ਦਿੱਤਾ ਗਿਆ।
ਪ੍ਰਬੰਧਕਾਂ ਨੇ ਦੱਸਿਆ ਕਿ ਭਲਕੇ ਐਤਵਾਰ ਨੂੰ ਪਹਿਲਾ ਸੈਮੀ ਫਾਈਨਲ ਮੈਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਪੀਆਈਐਸ ਲੁਧਿਆਣਾ ਵਿਚਕਾਰ ਦੁਪਹਿਰ 1 ਵਜੇ ਅਤੇ ਦੂਜਾ ਸੈਮੀ ਫਾਈਨਲ ਮੈਚ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਅਤੇ ਸ਼ਾਹਬਾਦ ਹਰਿਆਣਾ ਦੀਆਂ ਟੀਮਾਂ ਵਿਚਕਾਰ ਬਾਅਦ ਦੁਪਹਿਰ 3 ਵਜੇ ਕਰਵਾਇਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਯੂਥ ਵਿੰਗ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਬੀਸੀ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸੁਰਿੰਦਰ ਸਿੰਘ ਰੋਡਾ, ਪਰਵਿੰਦਰ ਸਿੰਘ ਤਸਿੰਬਲੀ, ਖੂਨਦਾਨੀ ਬੀਬੀ ਜਸਵੰਤ ਕੌਰ, ਫਿਲਮ ਕਲਾਕਾਰ ਨਰਿੰਦਰ ਸਿੰਘ ਨੀਨਾ, ਅੰਮ੍ਰਿਤਪਾਲ ਸਿੰਘ, ਅਲਗੋਜਾ ਵਾਦਕ ਕਰਮਜੀਤ ਸਿੰਘ ਬੱਗਾ, ਜਸਵਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…