ਸ਼ਹੀਦ ਮੇਜਰ ਐਚਪੀ ਸਿੰਘ ਦੇ ਬੇਟੇ ਨੂੰ ਭਾਰਤੀ ਫੌਜ ਵਿੱਚ ਲੈਫ਼ਟੀਨੈਂਟ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਇੱਥੋਂ ਦੇ ਸੈਕਟਰ-70 ਸਥਿਤ ਮਕਾਨ ਨੰਬਰ-22 ਵਿੱਚ ਰਹਿੰਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਬੇਟੇ ਨਵਤੇਸਵਰ ਸਿੰਘ ਨੇ ਆਪਣੇ ਪਿਤਾ ਅਤੇ ਦਾਦਾ ਜੀ ਦੇ ਰਾਹ ’ਤੇ ਚੱਲਦਿਆਂ ਦੇਸ਼ ਦੀ ਸੇਵਾ ਲਈ ਫੌਜ ਵਿੱਚ ਭਰਤੀ ਹੋ ਗਿਆ ਹੈ। ਭਾਰਤੀ ਸੈਨਾ ਵਿੱਚ ਉਸ ਨੂੰ ਲੈਫ਼ਟੀਨੈਂਟ ਚੁਣਿਆ ਗਿਆ ਹੈ, ਜੋ ਆਪਣੇ ਦਾਦਾ ਕੈਪਟਨ ਹਰਪਾਲ ਸਿੰਘ ਮੁੰਡੀ ਖਰੜ ਦਾ ਅਸ਼ੀਰਵਾਦ ਲੈ ਕੇ 1 ਸਾਲ ਦੀ ਵਿਸ਼ੇਸ਼ ਟਰੇਨਿੰਗ ਲਈ ਮਦਰਾਸ ਰਵਾਨਾ ਹੋ ਗਿਆ।
ਦੱਸ ਦਈਏ ਨਵਤੇਸਵਰ ਦੇ ਪਿਤਾ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਨੇ 13 ਅਪਰੈਲ 1999 ਨੂੰ ਕਾਰਗਿੱਲ ਦੀ ਲੜਾਈ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਦਿਆਂ ਖ਼ੁਦ ਵੀ ਸ਼ਹਾਦਤ ਦਾ ਜਾਮ ਪੀ ਲਿਆ ਸੀ। ਪਹਿਲਾਂ ਇਹ ਪਰਿਵਾਰ ਮੁੰਡਾ ਖਰੜ ਵਿੱਚ ਰਹਿੰਦਾ ਸੀ ਪਰ ਕਾਫ਼ੀ ਸਮੇਂ ਤੋਂ ਸੈਕਟਰ-70 ਵਿੱਚ ਆ ਕੇ ਰਹਿਣ ਲੱਗ ਪਿਆ ਹੈ। ਉਂਜ ਉਨ੍ਹਾਂ ਦਾ ਜੱਦੀ ਪਿੰਡ ਖ਼ਿਜ਼ਰਾਬਾਦ (ਮੁਹਾਲੀ) ਹੈ।
ਕੈਪਟਨ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਸ਼ਹਾਦਤ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੌਰਿਆ ਚੱਕਰ ਵਿਜੇਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਮੁੰਡੀ ਖਰੜ ਦਾ ਨਾਮ ਸ਼ਹੀਦ ਮੇਜਰ ਹਰਮਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਰੱਖਿਆ ਗਿਆ ਸੀ ਅਤੇ ਪਿਛਲੀ ਸਰਕਾਰ ਨੇ ਮੁਹਾਲੀ ਦੇ ਇੱਕੋ-ਇੱਕ ਸਰਕਾਰੀ ਕਾਲਜ ਫੇਜ਼-6 ਦਾ ਨਾਂ ਵੀ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਨਾਮ ’ਤੇ ਰੱਖ ਕੇ ਸੱਚੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਤਿੰਨ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ। ਹੁਣ ਉਸ ਦਾ ਪੋਤਾ ਨਵਤੇਸਵਰ ਸਿੰਘ ਵੀ ਫੌਜ ਵਿੱਚ ਲੈਫ਼ਟੀਨੈਂਟ ਚੁਣਿਆ ਗਿਆ ਹੈ।
ਉਸ ਨੇ ਦੱਸਿਆ ਕਿ ਨਵਤੇਸਵਰ ਨੇ ਪੰਜਾਬ ਇੰਜੀਨੀਅਰ ਕਾਲਜ ਚੰਡੀਗੜ੍ਹ ’ਚੋਂ ਬੀ-ਟੈੱਕ ਦੀ ਡਿਗਰੀ ਕੀਤੀ ਸੀ। ਜਦੋਂਕਿ ਸੇਵਾਮੁਕਤ ਅਧਿਕਾਰੀ ਰੂਪਨ ਦਿਊਲ ਬਜਾਜ ਨੇ ਆਪਣੀ ਮਿਨਰਵਾ ਅਕੈਡਮੀ ਦਾਊਂ ਵਿੱਚ ਮੁਫ਼ਤ ਕੋਚਿੰਗ ਦਿੱਤੀ ਗਈ ਹੈ ਅਤੇ ਇਸੇ ਅਕੈਡਮੀ ਤੋਂ ਉਸ ਦੇ ਪਿਤਾ ਨੇ ਵੀ ਕੋਚਿੰਗ ਲਈ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਦੇਸ਼ ਸੇਵਾ ਦੀ ਭਾਵਨਾ ਨੂੰ ਦੇਖਦੇ ਹੋਏ ਸ੍ਰੀਮਤੀ ਬਜਾਜ ਹੁਰਾਂ ਨੇ ਪਿਊ-ਪੁੱਤ ਨੂੰ ਆਪਣੀ ਅਕੈਡਮੀ ਵਿੱਚ ਮੁਫ਼ਤ ਕੋਚਿੰਗ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…