
ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਬਣੇ ਅਖਿਲ ਭਾਰਤ ਹਿੰਦੂ ਮਹਾਂਸਭਾ ਪੰਜਾਬ ਦੇ ਪ੍ਰਧਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਨਾਲ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੂੰ ਅਖਿਲ ਭਾਰਤ ਹਿੰਦੂ ਮਹਾਂਸਭਾ ਵੱਲੋਂ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਸਬੰਧੀ ਅੱਜ ਇੱਥੇ ਕਰੋਨਾ ਦੇ ਚੱਲਦਿਆਂ ਸਾਧਾਰਨ ਜਿਹਾ ਤਾਜਪੋਸ਼ੀ ਸਮਾਰੋਹ ਕੀਤਾ ਗਿਆ। ਇਸ ਮੌਕੇ ਹਿੰਦੂ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਪੰਡਿਤ ਬਾਬਾ ਨੰਦ ਕਿਸ਼ੋਰ ਮਿਸ਼ਰਾ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਪ੍ਰਧਾਨ ਸੰਦੀਪ ਕਾਲੀਆ, ਰਾਸ਼ਟਰੀ ਦਫ਼ਤਰ ਮੰਤਰੀ ਵਿਪਨ ਖੁਰਾਣਾ ਅਤੇ ਰਾਸ਼ਟਰੀ ਐਡਵੋਕੇਟ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਵਿਕਰਾਂਤ ਸ਼ਰਮਾ ਦੀ ਪ੍ਰਧਾਨਗੀ ਹੇਠ ਇਹ ਤਾਜਪੋਸ਼ੀ ਕੀਤੀ ਗਈ।
ਤਾਜਪੋਸ਼ੀ ਸਮਾਗਮ ਮੌਕੇ ਵਿਸ਼ਾਲ ਨਈਅਰ ਨੇ ਇਹ ਸਹੁੰ ਚੁੱਕੀ ਕਿ ਉਹ ਆਪਣੇ ਵਡੇਰਿਆਂ ਦੀ ਤਰ੍ਹਾਂ ਦੇਸ਼ ਦੀ ਸੇਵਾ ਉਸੇ ਤਰ੍ਹਾਂ ਤਨ ਮਨ ਤੇ ਧਨ ਨਾਲ ਕਰਦੇ ਰਹਿਣਗੇ, ਜਿਸ ਤਰ੍ਹਾਂ ਨਾਲ ਸ਼ਹੀਦ ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਸਨਮਾਨ ਦਿੱਤਾ ਗਿਆ ਹੈ ਉਸ ਨੂੰ ਉਹ ਬਾਖ਼ੂਬੀ ਨਿਭਾਉਣਗੇ।
ਇਸ ਮੌਕੇ ਬੋਲਦਿਆਂ ਪੰਡਿਤ ਬਾਬਾ ਨੰਦ ਕਿਸ਼ੋਰ ਮਿਸ਼ਰਾ ਨੇ ਕਿਹਾ ਕਿ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਇਨ੍ਹਾਂ ਤਿੰਨਾਂ ਦੋਸਤਾਂ ਨੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਹਿੰਦੂ ਮਹਾਂਸਭਾ ਨੇ ਇਸੇ ਲਈ ਇਨ੍ਹਾਂ ਨੂੰ ਪੰਜਾਬ ਪ੍ਰਦੇਸ਼ ਦੀ ਵਾਗਡੋਰ ਸੰਭਾਲੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਵਿਸ਼ਾਲ ਨਜ਼ਰ ਇਸ ਕੰਮ ਨੂੰ ਬਾਖ਼ੂਬੀ ਨਿਭਾਉਣਗੇ। ਇਸ ਮੌਕੇ ਸ੍ਰੀਮਤੀ ਟੀਨਾ ਨਈਅਰ ਨੂੰ ਪੰਜਾਬ ਪ੍ਰਦੇਸ਼ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਕੇਸ਼ ਗਰਗ, ਪ੍ਰਵੀਨ ਬਹਿਲ, ਗੌਰਵ ਜੈਨ, ਬਾਲ ਕ੍ਰਿਸ਼ਨ ਤਿਵਾੜੀ, ਗੋਪਾਲ ਸ਼ਰਮਾ, ਰਾਜਿੰਦਰ ਬੱਬੀ, ਅਮਿਤ ਗੋਇਲ, ਇੰਦਰ ਬੱਬਰ, ਅਮਿਤ ਵਰਮਾ, ਹਰਮਿੰਦਰ ਸਲੂਜਾ, ਰਾਜੀਵ ਅਗਰਵਾਲ, ਰਾਜਿੰਦਰ ਪਾਲ ਗੋਰਾ, ਰਾਜਿੰਦਰ ਸਿੰਘ ਰਾਵਤ, ਅਤੁਲ ਜਿੰਦਲ, ਸੁਧੀਰ ਗੋਇਲ, ਹਰੀਸ਼ ਸਿੰਗਲਾ, ਪੁਨੀਤ ਕਨੌਜੀਆ ਵੀ ਸ਼ਾਮਲ ਸਨ।