
ਸ਼ਹੀਦ ਊਧਮ ਸਿੰਘ ਦਾ ਬੁੱਤ ਪਾਰਲੀਮੈਂਟ ਗੈਲਰੀ ਵਿੱਚ ਲਗਾਇਆ ਜਾਵੇ: ਬੌਬੀ ਕੰਬੋਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਜੱਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਦੇ ਖੂਨੀ ਸਾਕੇ ਦਾ ਬਦਲਾ ਲੈਣ ਤੋੱ ਬਾਅਦ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਸੂਰਬੀਰ ਸ਼ਹੀਦ ਊਧਮ ਸਿੰਘ ਦੇ 78ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਸ਼ਹੀਦ ਊਧਮ ਸਿੰਘ ਭਵਨ ਮੁਹਾਲੀ ਵਿੱਚ 29 ਜੁਲਾਈ ਨੂੰ ਹੋ ਰਿਹਾ ਹੈ। ਇਸ ਸ਼ਰਧਾਂਜਲੀ ਸਮਾਗਮ ਮੌਕੇ ਭਵਨ ਵਿੱਚ ਸਥਾਪਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਉਪਰੋੱ ਪਰਦਾ ਹਟਾਉਣ ਦੀ ਰਸਮ ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਲਾਲ ਸਿੰਘ ਕਰਨਗੇ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਹੰਸ ਰਾਜ ਜੋਸਨ ਤੋੱ ਇਲਾਵਾ ਹੋਰ ਵੀ ਪਤਵੰਤੇ ਪੁੱਜ ਰਹੇ ਹਨ।
ਇਸ ਸਬੰਧੀ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਐੱਡ ਚੈਰੀਟੇਬਲ ਟਰੱਸਟ ਮੁਹਾਲੀ ਦੇ ਅਹੁਦੇਦਾਰਾਂ ਵੱਲੋਂ ਅੱਜ ਕੀਤੀ ਕਾਨਫਰੰਸ ਮੌਕੇ ਕਿਹਾ ਗਿਆ ਕਿ ਸ਼ਹੀਦ ਦੀ ਯਾਦਗਾਰ ਨੂੰ ਸਮਰਪਿਤ ਅਜੇ ਵੀ ਹੋਣ ਵਾਲੇ ਕੰਮ ਬਾਕੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਬੁੱਤ ਪਾਰਲੀਮੈਂਟ ਗੈਲਰੀ ਵਿੱਚ ਲਗਾਇਆ ਜਾਵੇ। ਸ਼ਹੀਦ ਊਧਮ ਸਿੰਘ ਦੇ ਨਾਮ ਤੇ ਯੂਨੀਵਰਸਿਟੀਆਂ ਵਿੱਚ ਚੇਅਰ ਸਥਾਪਤ ਕੀਤੀਆਂ ਜਾਣ। ਜੱਲਿਆਂਵਾਲਾ ਬਾਗ ਹੱਤਿਆਕਾਂਡ ਦੇ 100 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਬਰਤਾਨੀਆ ਸਰਕਾਰ ਵੱਲੋਂ ਇਸ ਸਬੰਧੀ ਮੁਆਫ਼ੀ ਮੰਗੀ ਜਾਵੇ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਿਸੇ ਰਾਸ਼ਟਰੀ ਮਾਰਗ ਦਾ ਨਾਮ ਸ਼ਹੀਦ ਉਧਮ ਸਿੰਘ ਦੇ ਨਾਮ ਤੇ ਰੱਖਿਆ ਜਾਵੇ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਰੱਖਿਆ ਜਾਵੇ।
ਲੰਡਨ ਵਿੱਚ ਸ਼ਹੀਦ ਊਧਮ ਸਿੰਘ ਉੱਪਰ ਚੱਲੇ ਮੁਕੱਦਮੇ ਦੇ ਦਸਤਾਵੇਜ਼, ਸ਼ਹੀਦ ਦਾ ਲੰਡਨ ਵਿੱਚ ਪਿਆ ਪਿਸਟਲ, ਸ਼ਹੀਦ ਦੀ ਹੱਥ ਲਿਖਤ ਡਾਇਰੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਭਾਰਤ ਮੰਗਾਏ ਜਾਣ। ਇਸ ਮੌਕੇ ਦੱਸਿਆ ਗਿਆ ਕਿ ਸ਼ਹੀਦ ਊਧਮ ਸਿੰਘ ਭਵਨ ਦਾ ਪਲਾਟ 1999 ਵਿੱਚ ਅਲਾਟ ਕੀਤਾ ਗਿਆ ਸੀ ਜਿਸ ਦਾ ਰੇਟ 1540 ਰੁਪਏ ਪ੍ਰਤੀ ਵਰਗ ਗਜ ਸੀ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਕਾਰਜਕਾਲ ਦੌਰਾਨ 2002 ਵਿੱਚ ਹੁਕਮ ਕੀਤਾ ਸੀ ਕਿ ਸ਼ਹੀਦ ਦੇ ਨਾਮ ਤੇ ਬਣੇ ਇਸ ਭਵਨ ਦਾ ਰੇਟ ਘਟਾ ਕੇ 540 ਰੁਪਏ ਕੀਤਾ ਜਾਂਦਾ ਹੈ। ਭਵਨ ਦੇ ਟਰੱਸਟੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਇਹ ਹੁਕਮ ਦੀ ਇੰਨਬਿੰਨ ਪਾਲਣਾ ਨਹੀਂ ਹੋ ਸਕੀ। ਇਹ ਹੁਕਮ ਨੂੰ ਇੰਨ ਬਿੰਨ ਲਾਗੂ ਕਰ ਕੇ ਜਮ੍ਹਾਂ ਹੋਈ ਰਕਮ ਰਿਫੰਡ ਕੀਤੀ ਜਾਵੇ ਤਾਂ ਜੋ ਭਵਨ ਦੀ ਚੱਲ ਰਹੀ ਉਸਾਰੀ ਮੁਕੰਮਲ ਹੋ ਸਕੇ। ਇਸ ਮੌਕੇ ਹਾਜ਼ਰ ਟਰੱਸਟੀਆਂ ਵਿੱਚ ਰਾਜ ਬਖ਼ਸ਼ ਕੰਬੋਜ, ਹਰਮੀਤ ਕੰਬੋਜ ਪੰਮਾ, ਸ਼ਿੰਦਰਪਾਲ ਸਿੰਘ ਬੌਬੀ ਕੰਬੋਜ, ਜੋਗਿੰਦਰਪਾਲ ਭਾਟਾ, ਇਕਬਾਲ ਚੰਦ ਪਾਲਾ ਬੱਟੀ, ਨੰਬਰਦਾਰ ਜਗਦੀਸ਼ ਥਿੰਦ, ਦੌਲਤ ਰਾਮ ਪਟਵਾਰੀ, ਸੋਨੂੰ ਸਿਰਸਾ, ਰੋਹਿਤ ਕੰਬੋਜ ਵੀ ਮੌਜੂਦ ਸਨ।