ਨਮੋਸ਼ੀ ਭਰੀ ਹਾਰ: ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਸਿਆਸੀ ਜੀਵਨ ’ਤੇ ਇਕ ਝਾਤ

ਬਲਬੀਰ ਸਿੱਧੂ ਨੇ ਮੁਹਾਲੀ ਦੇ ਲੋਕਾਂ ਦੇ ਫਤਵੇ ਨੂੰ ਪੂਰੀ ਇੱਜ਼ਤ ਨਾਲ ਕੀਤਾ ਪ੍ਰਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਣ ਤੱਕ ਅਹਿਮ ਅਹੁਦਿਆਂ ’ਤੇ ਰਹੇ ਹਨ। ਜੇਕਰ ਉਨ੍ਹਾਂ ਸਿਆਸੀ ਜੀਵਨ ’ਤੇ ਇੱਕ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸ਼ੁਰੂ ਤੋਂ ਲੋਕਾਂ ਵਿੱਚ ਹਰਮਨ ਪਿਆਰੇ ਆਗੂ ਵਜੋਂ ਵਿਚਰਦੇ ਰਹੇ ਹਨ। ਪਿੱਛੋਂ ਉਹ ਤਪਾ ਨਾਲ ਸਬੰਧਤ ਹਨ ਪਰ ਕਾਫ਼ੀ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਹੇ ਹਨ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਸਮੇਂ ਉਹ ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸਨ। ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਕਾਰਨ ਉਨ੍ਹਾਂ ਦਾ ਨਾਮ ਭੋਗਾਂ ਵਾਲਾ ਸਿੱਧੂ ਪੈ ਗਿਆ ਸੀ। ਉਹ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਸਿੱਧੂ ਨੇ ਆਪਣੇ ਪਰਿਵਾਰ ਨੂੰ ਵਧੇਰੇ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਪੁਰਾਣੇ ਸਾਥੀ ਉਨ੍ਹਾਂ ਦੇ ਕਾਫ਼ਲੇ ਤੋਂ ਦੂਰ ਹੋਣੇ ਸ਼ੁਰੂ ਹੋ ਗਏ। ਚੋਣਾਂ ਦੇ ਐਨ ਮੌਕੇ ਸਿੱਧੂ ਦੀ ਸੱਜੀ ਬਾਂਹ ਸਮਝੇ ਜਾਣ ਵਾਲੇ ਛੱਜਾ ਸਿੰਘ ਕੁਰੜੀ ਸਮੇਤ ਕਈ ਹੋਰ ਉਨ੍ਹਾਂ ਦਾ ਸਾਥ ਛੱਡ ਗਏ। ਕਈ ਆਗੂਆਂ ਨੇ ਅੰਦਰਖਾਤੇ ‘ਆਪ’ ਦੀ ਮਦਦ ਕੀਤੀ। ਉਧਰ, ਸਿਹਤ ਮੰਤਰੀ ਹੁੰਦਿਆਂ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਅਤੇ ਉਨ੍ਹਾਂ ਕਈ ਗੰਭੀਰ ਦੋਸ਼ਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਜਿੱਥੋਂ ਉਨ੍ਹਾਂ ਦਾ ਗਣਿਤ ਵਿਗੜਨਾ ਸ਼ੁਰੂ ਹੋ ਗਿਆ।
ਉਂਜ ਇਸ ਤੋਂ ਪਹਿਲਾਂ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ 27 ਹਜ਼ਾਰ 873 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸ੍ਰੀ ਸਿੱਧੂ ਨੂੰ 66 ਹਜ਼ਾਰ 844 ਵੋਟਾਂ ਪਈਆਂ ਜਦੋਂ ਕਿ ਆਪ ਦੇ ਸ਼ੇਰਗਿੱਲ ਨੂੰ 38 ਹਜ਼ਾਰ 971 ਵੋਟਾਂ ਅਤੇ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ 30 ਹਜ਼ਾਰ 31 ਵੋਟਾਂ ਪਈਆਂ ਸਨ।
ਇੰਜ ਹੀ 2012 ਵਿੱਚ ਬਲਬੀਰ ਸਿੱਧੂ ਨੇ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ 16 ਹਜ਼ਾਰ 752 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸ੍ਰੀ ਸਿੱਧੂ ਨੂੰ 63 ਹਜ਼ਾਰ 975 ਅਤੇ ਸ੍ਰੀ ਰਾਮੂਵਾਲੀਆ ਨੂੰ 47 ਹਜ਼ਾਰ 223 ਵੋਟਾਂ ਮਿਲੀਆ ਸਨ। ਜਦੋਂਕਿ ਸਾਲ 2007 ਵਿੱਚ ਸ੍ਰੀ ਸਿੱਧੂ ਨੇ ਸਾਬਕਾ ਵਿੱਤ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬਨੀ ਨੂੰ 13 ਹਜ਼ਾਰ 615 ਵੋਟਾਂ ਨਾਲ ਹਰਾਇਆ ਸੀ ਪਰ ਇਸ ਵਾਰ ਉਹ ਆਪਣੇ ਉਸ ਵਿਰੋਧੀ ਉਮੀਦਵਾਰ ਕੁਲਵੰਤ ਸਿੰਘ ਤੋਂ ਵੱਡੇ ਫਰਕ ਨਾਲ ਚੋਣ ਹਾਰ ਗਏ। ਜਿਸ ਨੂੰ ਉਹ ਆਪਣੇ ਮੁਕਾਬਲੇ ਵਿੱਚ ਵੀ ਨਹੀਂ ਸੀ ਗਿਣਦੇ।
ਉਧਰ, ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਬਲਬੀਰ ਸਿੱਧੂ ਨੇ ਪੂਰੀ ਇੱਜ਼ਤ ਨਾਲ ਇਲਾਕੇ ਦੇ ਲੋਕਾਂ ਦੇ ਇਸ ਫਤਵੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਮੂਹ ਵਰਕਰਾਂ, ਕੌਂਸਲਰਾਂ, ਪੰਚਾਂ-ਸਰਪੰਚਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਦਿਨ ਰਾਤ ਸਖ਼ਤ ਮਿਹਨਤ ਕਰ ਕੇ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਈਆਂ ਅਤੇ ਪੁਆਈਆਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਕੇ ਚੋਣਾਂ ਦੌਰਾਨ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਪ੍ਰਵਾਨ ਕਰਦੇ ਹਨ ਅਤੇ ਲੋਕਾਂ ਦੇ ਇਸ ਫੈਸਲੇ ਦੀ ਪੂਰੀ ਇੱਜ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਮੁਹਾਲੀ ਹਲਕੇ ਦੇ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਹੈ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਮੁਹਾਲੀ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜ੍ਹੇ ਰਹਿਣਗੇ।

Load More Related Articles

Check Also

AAP government has done nothing but fooled the people in the last three years: Sidhu

AAP government has done nothing but fooled the people in the last three years: Sidhu Congr…