
ਕਾਂਗਰਸੀ ਤੇ ਆਪ ਦੇ ਬਿਲਡਰਾਂ ਵੱਲੋਂ ਸ਼ਾਮਲਾਤ ਜ਼ਮੀਨਾਂ ’ਤੇ ਕੀਤੇ ਕਬਜ਼ੇ ਕੌਣ ਕਰਵਾਏਗਾ ਖਾਲੀ? ਅਕਾਲੀ ਆਗੂ
ਨਾਜਾਇਜ਼ ਕਬਜ਼ੇ ਨਾ ਹੋਏ ਗਏ ਸਰਕਾਰ ਤੇ ਭੂ-ਮਾਫ਼ੀਆ ਗੱਠਜੋੜ ਵਿਰੁੱਧ ਸੰਘਰਸ਼ ਸ਼ੁਰੂ ਕਰੇਗਾ ਅਕਾਲੀ ਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਇੰਚਾਰਜ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਆਪ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਨੂੰ ਸਿਰੇ ਦੀ ਡਰਾਮੇਬਾਜ਼ੀ ਦੱਸਦਿਆਂ ਕਿਹਾ ਕਿ ਜੇਕਰ ਸਰਕਾਰ ਸੱਚ ਮੁੱਚ ਹੀ ਸ਼ਾਮਲਾਤ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਲਈ ਸੁਹਿਰਦ ਹੈ ਤਾਂ ਮੁਹਾਲੀ ਹਲਕੇ ਵਿੱਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਬਿਲਡਰਾਂ ਵੱਲੋਂ ਵੱਡੇ ਪੱਧਰ ’ਤੇ ਦੱਬੀਆਂ ਸ਼ਾਮਲਾਤ ਦੀਆਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ।
ਅੱਜ ਇੱਥੇ ਅਕਾਲੀ ਆਗੂ ਪਰਵਿੰਦਰ ਸਿੰਘ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਸਾਂਝੀਆਂ ਜ਼ਮੀਨਾਂ ਅਤੇ ਗੋਹਰਾਂ ਉੱਤੇ ਪਲਾਟ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਟਵਿੱਟਰ ’ਤੇ ‘ਪੁਰਾਣੇ ਖ਼ਰਚੇ ਅਤੇ ਨਵੇਂ ਪਰਚੇ’ ਬਾਰੇ ਐਲਾਨ ਕੀਤਾ ਸੀ ਕਿ ਜੇਕਰ 31 ਮਈ ਤੱਕ ਸ਼ਾਮਲਾਤ ਜ਼ਮੀਨਾਂ ਤੋਂ ਕਬਜ਼ੇ ਨਹੀਂ ਛੱਡੇ ਗਏ ਤਾਂ ਸਬੰਧਤ ਰਸੂਖਵਾਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਘੁਰਕੀ ਦੇ ਬਾਵਜੂਦ ਮੁਹਾਲੀ ਖੇਤਰ ਵਿੱਚ ਕਾਂਗਰਸੀ ਅਤੇ ਆਪ ਦੇ ਬਿਲਡਰਾਂ ਅਤੇ ਕਲੋਨਾਈਜ਼ਰਾਂ ਨੇ ਸ਼ਾਮਲਾਤ ਜ਼ਮੀਨਾਂ ਉੱਤੇ ਕਬਜ਼ੇ ਬਰਕਰਾਰ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਭਗਵੰਤ ਮਾਨ ਇਹ ਦੱਸਣ ਕਿ ਸਬੰਧਤ ਜ਼ਮੀਨਾਂ ਨੂੰ ਕੌਣ ਖਾਲੀ ਕਰਵਾਏਗਾ? ਉਨ੍ਹਾਂ ਕਿਸੇ ਦਾ ਨਾਮ ਲਏ ਬਗੈਰ ਕਿਹਾ ਕਿ ਮੁਹਾਲੀ ਦੇ ਕਈ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਅਜਿਹੇ ਰਾਜਸੀ ਆਗੂਆਂ ਦੀਆਂ ਕੰਪਨੀਆਂ ਦੇ ਕਬਜ਼ੇ ਹੇਠ ਹਨ। ਜਿਨ੍ਹਾਂ ਸਬੰਧੀ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਸ਼ਾਮਲਾਤ ਜ਼ਮੀਨਾਂ ਤੋਂ ਕਬਜ਼ੇ ਦੂਰ ਨਾ ਕਰਵਾਏ ਤਾਂ ਉਹ ਸਬੰਧਤ ਬਿਲਡਰਾਂ ਅਤੇ ਕਲੋਨਾਈਜ਼ਰਾਂ ਦੇ ਨਾਮ ਨਸ਼ਰ ਕਰਕੇ ਉਨ੍ਹਾਂ ਦੇ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਵੇਰਵਿਆਂ ਦੇ ਖੁਲਾਸੇ ਕਰਨਗੇ ਅਤੇ ਅਕਾਲੀ ਦਲ ਸੂਬਾ ਸਰਕਾਰ ਅਤੇ ਭੂ-ਮਾਫੀਆ ਦੇ ਗੱਠਜੋੜ ਵਿਰੁੱਧ ਮੋਰਚਾ ਖੋਲ੍ਹੇਗਾ। ਲੋੜ ਪਈ ਤਾਂ ਕਾਨੂੰਨੀ ਮਾਹਰਾਂ ਤੋਂ ਰਾਇ ਲੈ ਕੇ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ।