Share on Facebook Share on Twitter Share on Google+ Share on Pinterest Share on Linkedin ਸ਼ੈਮਰਾਕ ਸਕੂਲ ਵਿੱਚ ਦੇਸ਼ ਦੇ ਭਖਦੇ ਮੁੱਦਿਆਂ ’ਤੇ ਨਕਲੀ ਪਾਰਲੀਮੈਂਟ ਸੈਸ਼ਨ ਦਾ ਆਯੋਜਨ ਵੱਖ-ਵੱਖ ਮੁੱਦਿਆਂ ’ਤੇ ਬਹਿਸ ਅਤੇ ਸੰਸਦ ’ਚ ਬਿੱਲ ਪਾਸ ਕਰਨ ਦੀ ਚਰਚਾ ਬਣੀ ਖਿੱਚ ਦਾ ਕੇਂਦਰ ਨਕਲੀ ਪਾਰਲੀਮੈਂਟ ਦਾ ਆਯੋਜਨ ਵਿਦਿਆਰਥੀਆਂ ਨੂੰ ਲੋਕਤੰਤਰੀ ਪ੍ਰਣਾਲੀ ਤੋਂ ਜਾਣੂ ਕਰਾਉਣਾ: ਪ੍ਰਨੀਤ ਸੋਹਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ: ਇੱਥੋਂ ਦੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿੱਚ ਵਿਦਿਆਰਥੀਆਂ ਅੰਦਰ ਚੰਗੀ ਲੀਡਰਸ਼ਿਪ ਦੇ ਗੁਣਾ ਪੈਦਾ ਕਰਨ ਦੇ ਮੰਤਵ ਨਾਲ ਨਕਲੀ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ। ਪਾਰਲੀਮੈਂਟ ਦੇ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਦੇਸ਼ ਦੇ ਭਖਦੇ ਵੱਖ ਵੱਖ ਮੁੱਦਿਆਂ ਅਤੇ ਸੰਸਦ ਵਿੱਚ ਬਿੱਲ ਪਾਸ ਕਰਨ ਲਈ ਬਹਿਸ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਸਾਰੀਆਂ ਜਮਾਤਾਂ ਵਿੱਚ ਵੋਟ ਦੇ ਅਧਿਕਾਰ ਤਹਿਤ ਹਰੇਕ ਕਲਾਸ ’ਚੋਂ 1-1 (ਸੰਸਦ ਮੈਂਬਰ) ਲੀਡਰ ਚੁਣਿਆ ਗਿਆ। ਇਸ ਉਪਰੰਤ ਇਨ੍ਹਾਂ ਚੁਣੇ ਹੋਏ ਵਿਦਿਆਰਥੀ ਨੁਮਾਇੰਦਿਆਂ ’ਚੋਂ ਵੋਟਾਂ ਰਾਹੀਂ ਪ੍ਰਧਾਨ ਮੰਤਰੀ, ਸਪੀਕਰ, ਕੈਬਨਿਟ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਆਗੂ ਦੀ ਚੋਣ ਕੀਤੀ ਗਈ। ਇਸ ਤੋਂ ਬਾਅਦ ਸਹੁੰ ਚੁੱਕ ਸਮਾਰੋਹ ਕਰਵਾਇਆ। ਉਪਰੰਤ ਪਾਰਲੀਮੈਂਟ ਸੈਸ਼ਨ ਦੀ ਸ਼ੁਰੂਆਤ ਹੋਈ। ਜਿਸ ਵਿੱਚ ਵੱਖ-ਵੱਖ ਮੁੱਦਿਆਂ ’ਤੇ ਬਹਿਸ ਅਤੇ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਨੂੰ ਬਖ਼ੂਬੀ ਪੇਸ਼ ਕੀਤਾ ਗਿਆ। ਇਸ ਨਕਲੀ ਪਾਰਲੀਮੈਂਟ ਦੇ ਸੈਸ਼ਨ ਨੂੰ ਦੋ ਹਿੱਸਿਆ ਵਿੱਚ ਵੰਡਿਆ ਗਿਆ। ਜਿਸ ’ਚੋਂ ਪਹਿਲਾਂ ਸੈਸ਼ਨ ਸਵਾਲ-ਜਵਾਬ ਲਈ ਰੱਖਿਆ ਗਿਆ। ਇਸ ਸੈਸ਼ਨ ਵਿੱਚ ਨਕਲੀ ਸੰਸਦ ਮੈਂਬਰਾਂ ਨੇ ਨਾਗਰਿਕਤਾ ਸੋਧ ਕਾਨੂੰਨ, ਧਾਰਾ-370ਏ, ਦਿੱਲੀ ਹਿੰਸਕ ਘਟਨਾਵਾਂ, ਤਾਲਿਬਾਨ ਅਤੇ ਅਮਰੀਕਾ ਦੀ ਸੰਧੀ ਦੇ ਅਸਰ, ਲਿੰਗ-ਅਨੁਪਾਤ ਅਤੇ ਅੌਰਤਾਂ ਦੀ ਸੁਰੱਖਿਆ ਆਦਿ ਮੁੱਦੇ ਵਿਚਾਰੇ ਗਏ। ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਮਨੁੱਖੀ ਤਸਕਰੀ ਜਿਹੇ ਮੁੱਦਿਆਂ ’ਤੇ ਭਖਵੀਂ ਬਹਿਸ ਹੋਈ। ਮੋਟਰ ਵਹੀਕਲ ਐਕਟ ਵੀ ਸਦਨ ਵਿੱਚ ਵੋਟਿੰਗ ਤੋਂ ਬਾਅਦ ਪਾਸ ਕੀਤਾ ਗਿਆ। ਨਕਲੀ ਸੰਸਦ ਮੈਂਬਰਾਂ ਨੇ ਇਕ ਦੂਜੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼, ਨਾਅਰੇਬਾਜ਼ੀ, ਰੋਚਕ ਟਿੱਪਣੀਆਂ ਅਤੇ ਸ਼ੋਰ-ਸ਼ਰਾਬੇ ਦਾ ਪ੍ਰਦਰਸ਼ਨ ਕਰਕੇ ਸੰਸਦ ਦਾ ਪ੍ਰਤੱਖ ਰੂਪ ਪੇਸ਼ ਕੀਤਾ। ਦੂਜੇ ਸੈਸ਼ਨ ਵਿੱਚ ਬੇਭਰੋਸਗੀ ਦਾ ਮਤਾ ਸੰਸਦ ਵਿੱਚ ਪੇਸ਼ ਕੀਤਾ ਗਿਆ ਅਤੇ ਕਾਬਜ਼ ਧਿਰ ਅਤੇ ਵਿਰੋਧੀ ਧਿਰ ਨੇ ਬਿੱਲ ’ਤੇ ਚਰਚਾ ਕਰਦਿਆਂ ਵੋਟਾਂ ਪਾਈਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਲੋਕਤੰਤਰ ਦਾ ਅਹਿਮ ਹਿੱਸਾ ਹੈ। ਇਹੀ ਵਿਦਿਆਰਥੀ ਸਾਡੇ ਭਵਿੱਖ ਦੇ ਲੀਡਰ, ਪ੍ਰਸ਼ਾਸਨਿਕ ਅਧਿਕਾਰੀ ਅਤੇ ਵਧੀਆਂ ਸ਼ਹਿਰੀ ਬਣਨਗੇ ਅਤੇ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਨਕਲੀ ਪਾਰਲੀਮੈਂਟ ਰਾਹੀਂ ਜਿੱਥੇ ਵਿਦਿਆਰਥੀਆਂ ਨੂੰ ਦੇਸ਼ ਦੇ ਅਹਿਮ ਮਸਲਿਆਂ ਤੋਂ ਜਾਣੂ ਕਰਵਾਇਆ ਗਿਆ, ਉੱਥੇ ਭਵਿੱਖ ਦੀਆਂ ਚੁਨੌਤੀਆਂ ਨੂੰ ਨਜਿੱਠਣ ਦੇ ਤਰੀਕੇ ਦੱਸੇ ਗਏ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਦੇਸ਼ ਦੇ ਭਖਦੇ ਮਸਲਿਆਂ ਨੂੰ ਨੇੜੇ ਤੋਂ ਸਮਝਿਆ ਅਤੇ ਰਾਜਨੀਤੀ ਦੇ ਚੰਗੇ ਅਤੇ ਬੁਰੇ ਚਿਹਰਿਆਂ ਤੋਂ ਵੀ ਜਾਣੂ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ