Nabaz-e-punjab.com

ਸਿੱਖਿਆ ਸੁਧਾਰਾਂ ਲਈ ਵਿਦਿਆਰਥੀਆਂ ਦੇ ਮਾਪਿਆਂ ਤੇ ਮੋਹਤਬਰਾਂ ਨਾਲ ਗੱਲ ਸਾਂਝੀ ਕਰਨ ’ਤੇ ਜ਼ੋਰ

ਪੰਜਾਬ ਦੇ 50 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਮੀਟਿੰਗ ਵਿੱਚ ਆਪੋ-ਆਪਣੇ ਬਲਾਕਾਂ ਦੇ ਸਫ਼ਲ ਤਜ਼ਰਬੇ ਸਾਂਝੇ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਸੁਧਾਰ ਸਬੰਧੀ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ 50 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਸਿੱਖਿਆ ਸੁਧਾਰ ਲਈ ਚੰਗੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਖੁੱਲ੍ਹ ਕੇ ਸਿੱਖਿਆ ਦੇ ਗੁਣਾਤਮਿਕ ਸੁਧਾਰਾਂ ਸਬੰਧੀ ਵਿਚਾਰ ਚਰਚਾ ਕੀਤੀ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਮਾਰਟ ਸਕੂਲਾਂ ਦਾ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵੀ ਸੋਹਣਾ ਅਤੇ ਆਕਰਸ਼ਿਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਬਲਾਕ ਸਿੱਖਿਆ ਅਫ਼ਸਰ ਆਪਣੇ ਬਲਾਕ ਦੇ ਸਾਰੇ ਹੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸੁਹਿਰਦ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲਾਂ ਲਈ ਸੋਹਣੀ ਇਮਾਰਤ ਤੇ ਪ੍ਰਾਜੈਕਟਰ ਹੋਣ ਦੇ ਨਾਲ-ਨਾਲ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ, ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ, ਪੀਣ ਵਾਲਾ ਸਾਫ਼ ਪਾਣੀ, ਸਾਫ਼ ਸੁਥਰੇ ਪਖਾਨੇ, ਸੋਹਣਾ ਰੀਡਿੰਗ ਸੈੱਲ, ਪ੍ਰਭਾਵਸ਼ਾਲੀ ਸਵੇਰ ਦੀ ਸਭਾ, ਸਿੱਖਣ ਪ੍ਰਕਿਰਿਆ ਵਿੱਚ ਸਹਾਇਕ ਬਾਲਾ ਦਾ ਕੰਮ ਅਤੇ ਈ-ਕੰਟੈਂਟ ਨਾਲ ਪੜ੍ਹਾਈ ਆਦਿ ਸਮਾਰਟ ਸਕੂਲਾਂ ਦੀਆਂ ਕਸਵੱਟੀਆਂ ਹਨ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਪੂਰੀ ਲਗਨ ਨਾਲ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਸਿੱਖਿਆ ਵਿਭਾਗ ਵੱਲੋਂ ਹਮੇਸ਼ਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਬਲਾਕਾਂ ਵਿੱਚ ਬਣਾਏ ਗਏ ਸਮਾਰਟ ਸਕੂਲਾਂ ਵਿੱਚ ਸਮਾਜ ਦੀ ਵਿੱਤੀ ਭਾਗੀਦਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਆਂਗਣਵਾੜੀ ਵਰਕਰਾਂ, ਮਿੱਡ ਡੇਅ ਮੀਲ ਵਰਕਰਾਂ, ਮਾਪਿਆਂ ਅਤੇ ਪੰਚਾਇਤਾਂ ਨਾਲ ਬਣਾਇਆ ਸਹਿਯੋਗ ਦਾਖ਼ਲਾ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਕਾਰਗਰ ਸਾਬਤ ਹੋਇਆ ਹੈ। ਇਸ ਮੌਕੇ ਡੀਪੀਆਈ (ਐਲੀਮੈਂਟਰੀ) ਡਾ. ਇੰਦਰਜੀਤ ਸਿੰਘ, ਡਾ. ਜਰਨੈਲ ਸਿੰਘ ਕਾਲੇਕੇ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਵੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…