ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ
ਵਿਰੋਧੀ ਧਿਰ ਦੀਆਂ ਬੀਬੀਆਂ ਵੱਲੋਂ ਮੇਅਰ ਖ਼ਿਲਾਫ਼ ਧਰਨਾ, ਨਾਅਰੇਬਾਜ਼ੀ ਕੀਤੀ
ਪਸ਼ੂ ਪਾਲਕਾਂ ਨੂੰ 3.54 ਏਕੜ ਜ਼ਮੀਨ ਕਿਰਾਏ ’ਤੇ ਦੇਣ ਦਾ ਮਤਾ ਬਹੁਸੰਮਤੀ ਨਾਲ ਪਾਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ ਹੋਈ। ਵਿਰੋਧੀ ਧਿਰ ਦੀਆਂ ਮਹਿਲਾ ਕੌਂਸਲਰਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ’ਤੇ ਨਿਗਮ ਦੀ ਜ਼ਮੀਨ ਆਪਣੇ ਚਹੇਤਿਆਂ ਨੂੰ ਦੇਣ ਲਈ ਮਤਾ ਲਿਆਉਣ ਦਾ ਦੋਸ਼ ਲਾਇਆ ਜਦੋਂਕਿ ਹਾਊਸ ਵਿੱਚ ਮੌਜੂਦ ਕਾਬਜ਼ ਧਿਰ ਦੀਆਂ ਬੀਬੀਆਂ ਨੇ ਸ਼ਹਿਰ ਵਿੱਚ ਘੁੰਮਦੇ ਫਿਰਦੇ ਪਾਲਤੂ ਪਸ਼ੂਆਂ ਦੀਆਂ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਵਿਕਾਸ ਦੇ ਰਾਹ ਵਿੱਚ ਰੋੜ੍ਹੇ ਖੜੇ ਕਰ ਰਹੀ ਹੈ।
ਮੇਅਰ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਸ਼ਹਿਰ ’ਚੋਂ ਪਸ਼ੂਆਂ ਨੂੰ ਬਾਹਰ ਕੱਢਣ ਲਈ ਪਸ਼ੂ ਪਾਲਕਾਂ ਨੂੰ 3.54 ਏਕੜ ਜ਼ਮੀਨ ਕਿਰਾਏ ’ਤੇ ਦੇਣ ਦਾ ਮਤਾ ਪੇਸ਼ ਕੀਤਾ ਗਿਆ। ਵਿਰੋਧੀ ਧਿਰ ਦੀ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਨੇ ਕਿਹਾ ਕਿ ਇਸ ਨਾਲ ਪਿੰਡਾਂ ਵਿੱਚ ਰੱਖੇ ਪਾਲਤੂ ਪਸ਼ੂਆਂ ਦੀ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ, ਇਹ ਸਿਰਫ਼ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਸ਼ੂ ਪਾਲਕਾਂ ਨੂੰ ਕਿਰਾਏ ’ਤੇ ਨਹੀਂ ਬਲਕਿ ਪੱਕੇ ਤੌਰ ’ਤੇ ਢੁਕਵੀਂ ਜ਼ਮੀਨ ਅਲਾਟ ਕੀਤੀ ਜਾਵੇ। ਇੰਜ ਹੀ
ਵਿਰੋਧੀ ਧਿਰ ਦੀ ਹੀ ਗੁਰਮੀਤ ਕੌਰ, ਰਮਨਪ੍ਰੀਤ ਕੌਰ, ਅਰੁਣਾ ਵਸ਼ਿਸ਼ਟ ਅਤੇ ਗੁਰਪ੍ਰੀਤ ਕੌਰ ਬੈਦਵਾਨ ਨੇ ਵੀ ਇਸ ਮਤੇ ਦਾ ਸਖ਼ਤ ਵਿਰੋਧ ਕਰਦਿਆਂ ਉਨ੍ਹਾਂ ਦੇ ਵਾਰਡਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ। ਬਾਅਦ ਇਹ ਬੀਬੀਆਂ ਮੇਅਰ ਦੇ ਦਫ਼ਤਰ ਬਾਹਰ ਧਰਨੇ ’ਤੇ ਬੈਠ ਗਈਆਂ ਅਤੇ ਨਾਅਰੇਬਾਜ਼ੀ ਕੀਤੀ।
ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ ਅਤੇ ਹੋਰਨਾਂ ਨੇ ਕਿਹਾ ਕਿ ਸ਼ਹਿਰ ਤੋਂ ਪਸ਼ੂਆਂ ਨੂੰ ਬਾਹਰ ਕੱਢਣ ਲਈ ਜ਼ਮੀਨ ਕਿਰਾਏ ’ਤੇ ਦੇਣਾ ਕਿਸੇ ਵੀ ਪੱਖੋਂ ਗਲਤ ਨਹੀਂ ਹੈ। ਇਸ ਨਾਲ ਸੜਕ ਹਾਦਸਿਆਂ ਨੂੰ ਠੱਲ੍ਹ ਪਏਗੀ ਅਤੇ ਗੰਦਗੀ ਤੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਵੀ ਮੁਕਤੀ ਮਿਲੇਗੀ। ਰੌਲੇ ਗੌਲੇ ਵਿੱਚ ਹੀ ਬਹੁਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ। ਕਮਿਸ਼ਨਰ ਕਮਲ ਗਰਗ ਨੇ ਇਸ ਮਤੇ ਵਿੱਚ ਲੀਜ਼ ਦੀ ਥਾਂ ਜ਼ਮੀਨ ਕਿਰਾਏ ’ਤੇ ਦੇਣ ਦੀ ਸੋਧ ਪੇਸ਼ ਕੀਤੀ ਗਈ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਇੰਜ ਹੀ ਅਮਿਰੁਤ ਮਿਸ਼ਨ ਤਹਿਤ ਸਨਅਤੀ ਖੇਤਰ ਫੇਜ਼-9 ਅਤੇ ਜੇਸੀਟੀ ਨੇੜੇ ਪਾਰਕ ਵਿਕਸਿਤ ਕਰਨ ਦੇ ਮਤੇ ਵੀ ਪਾਸ ਕੀਤੇ ਗਏ। ਰੌਲਾ ਸੁਣ ਕੇ ਮੇਅਰ ਜੀਤੀ ਸਿੱਧੂ ਵੀ ਦਫ਼ਤਰ ’ਚੋਂ ਬਾਹਰ ਆ ਗਏ ਅਤੇ ਹਾਊਸ ਵਿੱਚ ਕਹੀ ਗੱਲ ਬਾਰੇ ਸਪੱਸ਼ਟੀਕਰਨ ਦਿੰਦਿਆਂ ਮਹਿਲਾ ਕੌਂਸਲਰ ਨੂੰ ਗੁਰਦੁਆਰੇ ਚੜ੍ਹ ਕੇ ਸਹੁੰ ਚੁੱਕਣ ਲਈ ਕਿਹਾ। ਲੇਕਿਨ ਬਾਅਦ ਵਿੱਚ ਇਹ ਮਾਮਲਾ ਸ਼ਾਂਤ ਹੋ ਗਿਆ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਵਿੱਚ ਵਿਰੋਧੀ ਧਿਰ ਦੇ ਵਾਰਡਾਂ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਹੈ ਅਤੇ ਸਾਰੇ ਦੋਸ਼ ਬੇਬੁਨਿਆਦ ਹਨ। ਮੀਟਿੰਗ ਦੀ ਅਰੰਭਤਾ ਪਿਛਲੀ ਮੀਟਿੰਗ ਅਤੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਨਾਲ ਹੋਈ। ਇਸ ਤੋਂ ਪਹਿਲਾਂ ਸਾਬਕਾ ਡਿਪਟੀ ਮੇਅਰ ਤੇ ਮੌਜੂਦਾ ਕੌਂਸਲਰ ਮਨਜੀਤ ਸਿੰਘ ਸੇਠੀ ਦੀ ਪਤਨੀ ਬੀਬੀ ਅਮਰਪਾਲ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਵਿਛੜੀ ਆਤਮਾ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਸੰਯੁਕਤ ਕਮਿਸ਼ਨਰ ਹਰਜੀਤ ਸਿੰਘ ਢਿੱਲੋਂ, ਐਸਈ ਸੰਜੇ ਕੰਵਰ ਵੀ ਹਾਜ਼ਰ ਸਨ।