ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ
ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰਤਿਮ ਅਰਦਾਸ 11 ਜਨਵਰੀ ਨੂੰ
ਨਬਜ਼-ਏ-ਪੰਜਾਬ, ਮੁਹਾਲੀ, 10 ਜਨਵਰੀ:
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਪਤਨੀ ਅਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਮਾਤਾ ਬੀਬੀ ਜਰਨੈਲ ਕੌਰ ਗਿੱਲ, ਰਾਮੂਵਾਲੀਆ (86) ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵਰਗਵਾਸੀ ਸ੍ਰ. ਖ਼ੁਸ਼ਹਾਲ ਸਿੰਘ ਅਤੇ ਸਰਦਾਰਨੀ ਬਸੰਤ ਕੌਰ (ਗੁਰਸਿੱਖ ਕਿਸਾਨ ਪਰਿਵਾਰ) ਦੇ ਘਰ ਪਿੰਡ ਜੰਡਾਲੀ ਕਲਾਂ (ਅਹਿਮਦਗੜ੍ਹ ਮੰਡੀ) ਵਿੱਚ 3 ਜੂਨ 1939 ਨੂੰ ਜਨਮ ਲਿਆ। ਉਨ੍ਹਾਂ ਦਾ ਪਰਿਵਾਰ ਭਾਵੇਂ ਵੱਡਾ ਸੀ ਪਰ ਹਰ ਪੱਖੋਂ ਸ਼ੱੁਭ ਇਹ ਸੀ ਕਿ ਚਾਰੇ ਭਰਾ ਲੰਬੀ ਚੌੜੀ ਖੇਤੀ ਦੇ ਮਾਲਕ ਹੋਣ ਦੇ ਬਾਵਜੂਦ ਇੱਕ ਰਹੇ। ਸਾਰੇ ਭਰਾਵਾਂ ਵੱਲੋਂ ਮਾ-ਬਾਪ ਦੀ ਸੰਪੂਰਨ ਜ਼ਿੰਮੇਵਾਰੀ ਛੋਟੇ ਭਰਾ ਜਸਵੰਤ ਸਿੰਘ ਦੇ ਹਿੱਸੇ ਪਾਈ ਗਈ। ਬੀਬੀ ਜੀ ਗੁਰਮੁੱਖ ਪਰਿਵਾਰ ਦੇ ਸੰਸਕਾਰਾਂ ਨੂੰ ਆਖ਼ਰੀ ਸਵਾਸਾਂ ਤੱਕ ਪੂਰਾ ਕਰਦੇ ਰਹੇ।
ਉਨ੍ਹਾਂ ਸਮਿਆਂ ਵਿੱਦਿਆ ਰੁਝਾਨ ਅਨੁਸਾਰ ਗਿਆਨੀ ਡਿਪਲੋਮਾ ਪ੍ਰਾਪਤ ਕੀਤਾ। ਕੁਝ ਸਮਾਂ ਅਧਿਆਪਕ ਵਜੋਂ ਸੇਵਾ ਵੀ ਨਿਭਾਈ। ਅੱਗੋਂ ਧੀਆਂ ਪੁੱਤਰ ਨੂੰ ਯੋਗਤਾ-ਵਾਨ ਬਣਾਇਆ। ਪਿਤਾ ਖ਼ੁਸ਼ਹਾਲ ਸਿੰਘ ਨੇ ਆਪਣੇ ਪਰਮ ਮਿੱਤਰ ਕਰਨੈਲ ਸਿੰਘ ਪਾਰਸ ਸ਼੍ਰੋਮਣੀ ਕਵੀਸ਼ਰ ਦੇ ਪੁੱਤਰ ਬਲਵੰਤ ਸਿੰਘ ਰਾਮੂਵਾਲੀਆ ਨਾਲ ਰਿਸ਼ਤਾ ਪੱਕਾ ਕਰ ਦਿੱਤਾ। ਬੀਬੀ ਜੀ 22 ਸਾਲ ਦੀ ਉਮਰ ਵਿੱਚ ਬਲਵੰਤ ਸਿੰਘ ਰਾਮੂਵਾਲੀਆ (ਜੋ ਉਸ ਵੇਲੇ 11ਵੀਂ ਕਲਾਸ ਵਿੱਚ ਪੜ੍ਹਦੇ ਸਨ) ਨਾਲ ਵਿਆਹ ਦੀ ਸਦੀਵੀ ਜੀਵਨ ਸਾਂਝ ਵਿੱਚ ਬੱਝ ਗਏ ਅਤੇ ਕਿਸਾਨ ਪਰਿਵਾਰ ਦੀ ਹਿੰਮਤੀ-ਅਣਥੱਕ ਨੂੰਹ ਬਣਕੇ ਸਹੁਰੇ ਪਰਿਵਾਰ ਨੂੰ ਪੇਕੇ ਪਰਿਵਾਰ ਵਾਂਗ ਅਪਨਾ ਲਿਆ। ਆਂਢ-ਗੁਆਂਢ ਅਤੇ ਸਾਰੇ ਪਿੰਡ ਧੀਆਂ ਅਤੇ ਆਪਣੇ ਪਤੀ ਦੀਆਂ ਚਾਚੀਆਂ-ਤਾਈਆਂ ਨਾਲ ਮਿੱਠੀ ਸਾਂਝ ਬਣਾਈ ਰੱਖੀ।
ਉਸ ਨੇ ਆਪਣੇ ਇੱਕੋ ਇੱਕ ਪੁੱਤਰ ਨਵਤੇਜ ਸਿੰਘ ਗਿੱਲ ਅਤੇ ਦੋ ਧੀਆਂ ਅਮਨਜੋਤ ਕੌਰ ਅਤੇ ਨਵਜੋਤ ਕੌਰ ਨੂੰ ਰੀਜ ਨਾਲ ਪਾਲਿਆ ਅਤੇ ਪੜ੍ਹਨ ਦੀ ਪ੍ਰੇਰਨਾ ਦਿੱਤੀ। ਆਪਣੇ ਬੱਚਿਆਂ ਨੂੰ ਹਮੇਸ਼ਾ ਅਣਥੱਕ ਮਿਹਨਤ, ਹੱਕ-ਸੱਚ ਦੀ ਕਮਾਈ ਕਰਨ ਦੀ ਸਿੱਖਿਆ ਦੇ ਕੇ ਵਾਹਿਗੁਰੂ ਸਿਮਰਨ ਦੀ ਪ੍ਰੇਰਨਾ ਵੀ ਦਿੱਤੀ। ਸਿੱਟਾ ਇਹ ਹੈ ਕਿ ਅੱਜ ਪੁੱਤਰ ਨਵਤੇਜ ਸਿੰਘ ਉੱਚ ਦਰਜੇ ਦਾ ਕਿਸਾਨ ਅਤੇ ਵਿਸ਼ਾਲ ਡੇਅਰੀ ਫਾਰਮ ਦਾ ਮਾਲਕ ਹੈ।
ਧੀ ਅਮਨਜੋਤ ਕੌਰ ਰਾਮੂਵਾਲੀਆ ਭਾਜਪਾ ਵਿੱਚ ਉੱਚ ਰਾਜਨੀਤੀਵਾਨ ਵਜੋਂ ਸੇਵਾ ਨਿਭਾ ਰਹੇ ਹਨ। ਛੋਟੀ ਧੀ ਨਵਜੋਤ ਕੌਰ ਵੀ ਕਮਰਸ਼ਲ ਪਾਇਲਟ ਵਜੋਂ ਸਥਾਪਿਤ ਹੋ ਚੁੱਕੀ ਹੈ। ਬੀਬੀ ਜੀ ਨੇ ਆਪਣੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਦੀ ਸਿਆਸਤ ਦੇ ਲੰਮੇ ਸੰਘਰਸ਼ ਵੇਲੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਘਰ ਅਤੇ ਬੱਚੇ ਬੜੀ ਹਿੰਮਤ ਨਾਲ ਸੰਭਾਲੇ ਅਤੇ ਪਾਲਣ-ਪੋਸਣ ਕੀਤਾ। ਐਮਰਜੰਸੀ ਵਰਗੇ ਸਮੇਂ ਵਿੱਚ ਜਦੋਂ ਰਾਮੂਵਾਲੀਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਿ ਰਹੇ ਸਨ ਤਾਂ ਬੀਬੀ ਜੀ ਨੇ ਘਰ ਦੀ ਖੇਤੀ ਆਪਣੀ ਸੁਹਿਰਦ ਸੱਸ ਨਾਲ ਮਿਲ ਕੇ ਸਫਲ ਕੀਤੀ।
ਉਪਰੰਤ ਆਪਣੇ ਪਤੀ ਬਲਵੰਤ ਸਿੰਘ ਰਾਮੂਵਾਲੀਆ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਸਮੇਂ ਬੀਬੀ ਜੀ ਨੇ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਜਿਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਦੇ ਪਤੀ ਚੋਣ ਜਿੱਤਣ ਵਿੱਚ ਸਫਲ ਹੋਏ। ਫਿਰ ਪਰਿਵਾਰ ’ਤੇ ਇੱਕ ਵਾਰ ਮਾੜਾ ਸਮਾਂ ਵੀ ਆਇਆ ਜਦੋਂ ਧਰਮ-ਯੁੱਧ ਮੋਰਚਾ ਲੱਗਿਆ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਆਉਣ ਲੱਗੀਆਂ। ਪੁੱਤਰ ਨਵਤੇਜ ਸਿੰਘ ਅਤੇ ਛੋਟੀ ਧੀ ਨਵਜੋਤ ਕੌਰ ਨੂੰ ਕੈਨੇਡਾ ਵਿਖੇ ਪੜਨ ਲਈ ਭੇਜ ਦਿੱਤਾ। ਬੀਬੀ ਜੀ ਨੇ ਤੰਗੀਆਂ ਦੇ ਸਮੇਂ ਵਿੱਚ ਮਿਹਨਤ ਅਤੇ ਵਾਹਿਗੁਰੂ ਉੱਤੇ ਭਰੋਸਾ ਨਹੀਂ ਛੱਡਿਆ ਦਸ ਮੱਝਾਂ ਦਾ ਦੁੱਧ ਵੇਚ ਕੇ ਆਪਣੇ ਧੀਆਂ ਪੁੱਤਰਾਂ ਨੂੰ ਪੜਾਇਆ। ਦੂਜੇ ਪਾਸੇ ਅਪਰੇਸ਼ਨ ਸਾਕਾ ਨੀਲਾ ਤਾਰਾ ਵਾਪਰਿਆ ਅਤੇ ਉਨ੍ਹਾਂ ਦੇ ਪਤੀ ਬਲਵੰਤ ਸਿੰਘ ਰਾਮੂਵਾਲੀਆ ਇੱਕ ਮਹੀਨੇ ਲਈ (ਜਿਨ੍ਹਾਂ ਜਿੰਦਾ ਹੋਣ ਜਾਂ ਨਾ ਹੋਣ ਬਾਰੇ ਕੋਈ ਖ਼ਬਰ ਨਹੀਂ ਸੀ) ਲਾਪਤਾ ਰਹੇ।
ਇਸ ਭੈੜੇ ਸਮੇਂ ਵਿੱਚ ਵੀ ਬੀਬੀ ਜੀ ਨੇ ਹਿੰਮਤ ਨਹੀਂ ਹਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਪਿੰਡ ਵਾਲੇ ਅਤੇ ਸਕੇ ਸਬੰਧੀਆਂ ਨੂੰ ਨਾਲ ਲੈ ਕੇ ਪੈਦਲ ਤੁਰ ਕੇ ਅੰਮ੍ਰਿਤਸਰ ਵੱਲ ਆਪਣੇ ਪਤੀ ਨੂੰ ਲੱਭਣ ਲਈ ਚਲੇ ਗਏ, ਜਿੱਥੇ ਉਨ੍ਹਾਂ ਨੂੰ ਰਾਮੂਵਾਲੀਆ ਬਾਰੇ ਕੁਝ ਪਤਾ ਨਹੀਂ ਲੱਗਣ ਦੀ ਮਾਯੂਸੀ ਦੇ ਬਾਅਦ ਵੀ ਬੀਬੀ ਜੀ ਨੇ ਦਿਲ ਨਹੀਂ ਛੱਡਿਆ ਅਤੇ ਸਾਬਕਾ ਵਿੱਤ ਮੰਤਰੀ ਸਰਦਾਰ ਬਲਵੰਤ ਸਿੰਘ ਨੂੰ ਚਿੱਠੀ ਲਿਖੀ। ਜਿਸ ਤੋਂ ਬਾਅਦ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਪਤੀ ਬਲਵੰਤ ਸਿੰਘ ਰਾਮੂਵਾਲੀਆ ਜਿਉਂਦੇ ਹਨ। ਬੀਬੀ ਜੀ ਜੀਵਨ ਭਰ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਲਾ ਕੇ ਦਲੇਰੀ ਨਾਲ ਉਨ੍ਹਾਂ ਦਾ ਸਾਥ ਨਿਭਾਉਂਦੇ ਰਹੇ, ਪ੍ਰਮਾਤਮਾ ਨੇ ਮਿਹਰ ਕੀਤੀ ਸਮਾਂ ਚੰਗਾ ਆਇਆ। ਉਨ੍ਹਾਂ ਦੇ ਪਤੀ ਕੇਂਦਰ ਸਰਕਾਰ ਵਿੱਚ ਸੀਨੀਅਰ ਮੰਤਰੀ ਬਣ ਗਏ, ਫਿਰ ਬੀਬੀ ਜੀ ਨੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨਾਲ ਬੈਠ ਕੇ ਚਾਹਾਂ ਪੀਤੀਆਂ, ਖਾਣੇ ਖਾਧੇ, ਕਈ ਦੇਸ਼ਾਂ ਵਿੱਚ ਆਪਣੇ ਪਤੀ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲਗਪਗ ਅੱਧੀ ਦੁਨੀਆ ਵੀ ਘੁੰਮੀ।
ਆਪਣੇ ਜੀਵਨ ਵਿੱਚ ਉਨ੍ਹਾਂ ਨੇ ਚੰਗੇ ਅਤੇ ਮਾੜੇ ਹਰ ਤਰ੍ਹਾਂ ਦੇ ਦਿਨ ਅਡੋਲ ਰਹਿ ਕੇ ਦੇਖੇ ਪਰ ਹਮੇਸ਼ਾ ਹੌਸਲੇ ਵਿੱਚ ਰਹੇ, ਨਾ ਹੀ ਉਹ ਬਹੁਤੇ ਖ਼ੁਸ਼ ਹੁੰਦੇ ਸਨ ਅਤੇ ਨਾ ਹੀ ਉਦਾਸ, ਉਹ ਹਮੇਸ਼ਾ ਹੀ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦੇ ਸਵਾਸ ਸਵਾਸ ਬਾਣੀ ਪੜ੍ਹਨ ਵਾਲੇ ਸਨ। ਤਾਕਤ ਦਾ ਨਸ਼ਾ ਵੀ ਉਨ੍ਹਾਂ ਦੇ ਸਿਰ ’ਤੇ ਕਦੇ ਨਹੀਂ ਚੜਿਆ, ਜਦੋਂ ਜਦੋਂ ਕਿਸੇ ਨੇ ਮਦਦ ਲਈ ਉਨ੍ਹਾਂ ਦਾ ਬੂਹਾ ਖੜਕਾਇਆ ਤਾਂ ਉਨ੍ਹਾਂ ਹਮੇਸ਼ਾ ਹੀ ਉਸਦੇ ਸਿਰ ਉੱਤੇ ਹੱਥ ਰੱਖਿਆ ਉਨ੍ਹਾਂ ਦੇ ਪਤੀ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਫਸੇ ਭਾਰਤੀਆਂ ਨੂੰ ਛੁਡਵਾ ਕੇ ਲੈ ਕੇ ਆਉਂਦੇ ਸਨ ਅਤੇ ਬੀਬੀ ਜੀ ਹਮੇਸ਼ਾ ਹੀ ਉਨ੍ਹਾਂ ਦਾ ਆਦਰ ਸਤਿਕਾਰ ਅਤੇ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਅਤੇ ਖਿੜੇ ਮੱਥੇ ਮਿਲਦੇ ਸਨ। ਉਹ ਦੁਖੀ ਧੀਆਂ ਅਤੇ ਵਿਦੇਸ਼ ਜਾਣ ਦੇ ਨਾਮ ਉੱਤੇ ਲੁੱਟੇ ਨੌਜਵਾਨਾਂ ਦੇ ਦੁੱਖੜਿਆਂ ਨੂੰ ਹੱਲ ਕਰਵਾਉਣ ਨੂੰ ਸੱਚੀ ਸਿੱਖੀ ਸੇਵਾ ਮੰਨਦੇ ਸਨ।
ਜ਼ਿੰਦਗੀ ਨੇ ਇੱਕ ਵਾਰ ਮੁਸ਼ਕਲਾਂ ਅਤੇ ਸੰਨ 2000 ਵਿੱਚ ਉਹ ਬਲੱਡ ਕੈਂਸਰ ਤੋਂ ਪੀੜਤ ਹੋ ਗਏ, ਫਿਰ ਵੀ ਬੀਬੀ ਜੀ ਨੇ ਹੌਸਲਾ ਨਹੀਂ ਛੱਡਿਆ ਅਤੇ ਖ਼ੁਸ਼ੀ ਖ਼ੁਸ਼ੀ ਜੀਵਨ ਦਾ ਹਰ ਪਲ ਬਤੀਤ ਕਰਦਿਆਂ ਭਿਆਨਕ ਬਿਮਾਰੀ ਦਾ ਮੁਕਾਬਲਾ ਕੀਤਾ। ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਕਦੇ ਵੀ ਮਾਂ ਦੀ ਮਮਤਾ ਦੇ ਅਸ਼ੀਰਵਾਦ ਤੋਂ ਬਿਨਾਂ ਵਾਪਸ ਨਹੀਂ ਮੁੜਿਆ। ਬੀਬੀ ਜਰਨੈਲ ਕੌਰ ਰਾਮੂਵਾਲੀਆ ਜੀ ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ, ਜਿਨ੍ਹਾਂ ਨੇ ਕਦੇ ਵੀ ਜ਼ਿੰਦਗੀ ਵਿੱਚ ਮਿਹਨਤ ਸਬਰ ਸਿਦਕ ਅਤੇ ਪ੍ਰਮਾਤਮਾ ਤੋਂ ਯਕੀਨ ਨਹੀਂ ਛੱਡਿਆ ਉਹ ਕਦੇ ਵੀ ਕਿਸੇ ਦੀ ਕਿਸੇ ਹਾਲਾਤ ਵਿੱਚ ਗੁੱਸਾ ਨਹੀਂ ਸੀ ਕਰਦੇ ਅਤੇ ਹਰ ਇੱਕ ਨੂੰ ਮੁਆਫ਼ ਕਰਨਾ ਤਾਂ ਇਕੱਲੇ ਉਨ੍ਹਾਂ ਨੂੰ ਹੀ ਆਉਂਦਾ ਸੀ। ਅੰਤ 5 ਜਨਵਰੀ 2025 ਨੂੰ ਦੁਖੀਆਂ ਦੀ ਰੂਹ ਬਣ ਕੇ ਜਨਮ ਸਫਲਾ ਕਰਕੇ ਆਪਣੇ ਆਖਰੀ ਸਵਾਸ ਲੈਂਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹ ਆਪਣੇ ਪਿੱਛੇ ਪੁੱਤਰ ਨਵਤੇਜ ਸਿੰਘ ਗਿੱਲ, ਦੋ ਧੀਆਂ ਅਮਨਜੋਤ ਕੌਰ ਰਾਮੂਵਾਲੀਆ ਤੇ ਪਾਇਲਟ ਨਵਜੋਤ ਕੌਰ ਦੇ ਇਲਾਵਾ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ, 1 ਪੜੋਤਾ ਅਤੇ ਪੜਦੋਹਤੇ-ਪੜਦੋਹਤੀਆਂ ਨੂੰ ਛੱਡ ਗਏ ਹਨ। ਅੱਜ ਮਿਤੀ 11 ਜਨਵਰੀ 2025 ਨੂੰ ਬੀਬੀ ਜਰਨੈਲ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਅੰਗੀਠਾ ਸਾਹਿਬ ਫੇਜ਼-8, ਲੰਬਿਆਂ (ਮੁਹਾਲੀ) ਵਿਖੇ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਹੋਵੇਗੀ।