
ਸ਼੍ਰੋਮਣੀ ਅਕਾਲੀ ਦਲ ਝੂਠ ਬੋਲਣ ਵਾਲੀ ਤੇ ਦਗਾਬਾਜ਼ ਪਾਰਟੀ: ਬਲਬੀਰ ਸਿੱਧੂ
ਸਿਹਤ ਵਿਭਾਗ, ਪੰਜਾਬ ਤੇ ਮੁਹਾਲੀ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ
ਮੁਹਾਲੀ ਸੂਬੇ ਦੀ ਮੈਡੀਕਲ ਹੱਬ ਵਜੋਂ ਸਥਾਪਿਤ ਕੀਤਾ ਜਾ ਰਿਹਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਦੀਆਂ ਤੱਥ ਰਹਿਤ ਟਿੱਪਣੀਆਂ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਝੂਠ ਬੋਲਣ ਵਾਲੀ ਅਤੇ ਕਿਸਾਨਾਂ ਨਾਲ ਦਗਾ ਕਰਨ ਵਾਲੀ ਪਾਰਟੀ ਕਿਹਾ ਹੈ ਕਿ ਇਨ੍ਹਾਂ ਨੇ ਪੰਜਾਬ ਨੂੰ 10 ਸਾਲ ਲੁੱਟਿਆ ਅਤੇ ਵਪਾਰ ਦੇ ਹਰ ਖੇਤਰ ਵਿਚ ਧੱਕੇ ਨਾਲ ਆਪਣਾ ਕਬਜ਼ਾ ਕੀਤਾ। ਸ. ਸਿੱਧੂ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਵਿਚਾਰਧਾਰਕ ਤੌਰ ’ਤੇ ਪੂਰੀ ਤਰ੍ਹਾਂ ਕੰਗਾਲ ਹੋ ਚੁੱਕੀ ਹੈ ਅਤੇ ਇਸ ਨੇ ਆਪਣੇ ਸਿਧਾਂਤ ਕੇਂਦਰ ਦੀ ਭਾਜਪਾ ਸਰਕਾਰ ਕੋਲ ਗਹਿਣੇ ਰੱਖੇ ਹੋਏ ਹੈ, ਜਿਨ੍ਹਾਂ ਦੇ ਇਸ਼ਾਰਿਆਂ ’ਤੇ ਇਹ ਆਪਣਾ ਹਰ ਫੈਸਲਾ ਲੈਂਦੇ ਹਨ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸ. ਸਿੱਧੂ ਨੇ ਕਿਹਾ, “ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੇਰੇ ’ਤੇ ਤੱਥ ਰਹਿਤ ਇਲਜ਼ਾਮ ਲਾਏ ਜਾ ਰਹੇ ਹਨ, ਜਦੋਂ ਕਿ ਮੈਂ ਸਿਹਤ ਵਿਭਾਗ, ਪੰਜਾਬ ਦੇ ਨਾਲ-ਨਾਲ ਆਪਣੇ ਮੁਹਾਲੀ ਹਲਕੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਉਨ੍ਹਾਂ ਜਿੰਨੀਂ ਗ੍ਰਾਂਟ ਹਲਕੇ ਨੂੰ ਦਿੱਤੀ ਕਿਸੇ ਅਕਾਲੀ ਵਿਧਾਇਕ ਨੇ ਨਹੀਂ ਦਿੱਤੀ। ਚੰਦੂਮਾਜਰਾ ਨੇ ਆਪਣੇ ਸਮੇਂ ਵਿੱਚ ਸਾਰੀ ਗ੍ਰਾਂਟ ਆਪਣਿਆਂ ਨੂੰ ਹੀ ਦਿੱਤੀ। ਮੇਰੇ ਉਤੇ ਉਂਗਲ ਚੁੱਕਣ ਦਾ ਮਕਸਦ ਅਕਾਲੀਆਂ ਵਿੱਚ ਬੁਖਲਾਹਟ ਹੈ। ਮੇਰੇ ਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਲਾਏ ਦੋਸ਼ ਹਵਾ ਵਿੱਚ ਡਾਂਗ ਮਾਰਨ ਵਾਲੇ ਹਨ, ਜੇ ਚੰਦੂਮਾਜਰਾ ਸਹੀ ਹੈ ਤਾਂ ਸਾਬਿਤ ਕਰੇ। ਜਦਕਿ ਆਪ ਚੰਦੂਮਾਜਰਾ ਨੇ ਖੁਦ ਗਲਤ ਢੰਗ ਨਾਲ ਜਾਇਦਾਦ ਬਣਾਈ ਹੈ।
ਉਨ੍ਹਾਂ ਕਿਹਾ ਕਿ ਮੇਰਾ ਮਕਸਦ ਤਾਂ ਸਿਰਫ਼ ਤੇ ਸਿਰਫ਼ ਹਲਕੇ ਦਾ ਵਿਕਾਸ ਕਰਨਾ ਹੈ, ਜਦੋਂ ਕਿ ਅਕਾਲੀਆਂ ਦਾ ਮਕਸਦ ਟਰਾਂਸਪੋਰਟ ਤੋਂ ਲੈ ਕੇ ਹਰ ਵਪਾਰ ਸਭ ਕੁੱਝ ਉਤੇ ਕਬਜ਼ਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਅਹਿਮ ਮੁੱਦਿਆਂ ’ਤੇ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ ਅਤੇ ਮੁਲਕ ਦੀ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਤੋੜਨ ਵਾਲੀ ਭਾਜਪਾ ਨਾਲ ਭਾਈਵਾਲੀ ਦੌਰਾਨ ਅਕਾਲੀ ਦਲ ਨੇ ਤਿੰਨ ਖੇਤੀ ਬਿੱਲ ਪਾਸ ਕਰਵਾ ਕੇ ਦੇਸ਼ ਤੇ ਪੰਜਾਬ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਸ. ਸਿੱਧੂ ਨੇ ਕਿਹਾ ਅੱਜ ਸੁਖਬੀਰ ਸਿੰਘ ਬਾਦਲ ਪੰਜਾਬ ਵਾਸੀਆਂ ਨੂੰ ਮੈਡੀਕਲ ਸਿੱਖਿਆ ਦਾ ਸੁਪਨਾ ਦਿਖਾ ਰਿਹਾ ਹੈ, ਜਦੋਂ ਕਿ ਸੱਤਾ ਵਿੱਚ ਰਹਿੰਦੇ ਹੋਏ ਇਨ੍ਹਾਂ ਨੇ ਜਾਣ ਬੁੱਝ ਕੇ ਮੈਡੀਕਲ ਕਾਲਜ ਮੁਹਾਲੀ ਨੂੰ ਅਣਗੋਲਿਆ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਮੁਹਾਲੀ ਵਿੱਚ ਮੈਡੀਕਲ ਕਾਲਜ, ਨਰਸਿੰਗ ਕਾਲਜ, ਨਵਾਂ ਜ਼ਿਲ੍ਹਾ ਹਸਪਤਾਲ ਤੇ ਇਲਾਕੇ ਦਾ ਸਰਬਪੱਖੀ ਵਿਕਾਸ ਹੈ, ਜਿਸ ਨੂੰ ਉਨ੍ਹਾਂ ਪੂਰਾ ਕੀਤਾ ਅਤੇ ਉਹ ਦਿਨ ਦੂਰ ਨਹੀਂ, ਜਦੋਂ ਮੁਹਾਲੀ ਨੂੰ ਮੈਡੀਕਲ ਹੱਬ ਵਜੋਂ ਜਾਣਿਆ ਜਾਵੇਗਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਉੱਘੇ ਉਦਯੋਗਪਤੀ ਨਰੇਸ਼ ਕਾਂਸਲ ਅਤੇ ਕਾਂਗਰਸੀ ਆਗੂ ਜੀ.ਐਸ. ਰਿਆੜ ਵੀ ਮੌਜੂਦ ਰਹੇ।