
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਵਰਕੌਮ ਦੇ ਜੂਨੀਅਰ ਇੰਜੀਨੀਅਰਾਂ ਦੇ ਸੰਘਰਸ਼ ਦੀ ਹਮਾਇਤ, ਐਨਕੇ ਸ਼ਰਮਾ ਧਰਨੇ ’ਤੇ ਬੈਠੇ
ਮੁੱਖ ਮੰਤਰੀ ਦਾ ਇੱਕ ਵੀ ਐਲਾਨ ਲੋਕਾਂ ਨੂੰ ਵਫ਼ਾ ਨਹੀਂ ਹੋਇਆ: ਐਨਕੇ ਸ਼ਰਮਾ
ਸਰਕਾਰ ’ਤੇ ਪਿਛਲੇ 5 ਸਾਲਾਂ ਵਿੱਚ ਮੁਲਾਜ਼ਮ ਵਰਗ ਦਾ ਕੋਈ ਮਸਲਾ ਹੱਲ ਨਾ ਕਰਨ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ ਵਿਖੇ ਚੱਲ ਰਹੇ ਪਾਵਰਕੌਮ ਦੇ ਜੂਨੀਅਰ ਇੰਜੀਨੀਅਰਾਂ ਦੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਅੱਜ ਇੱਥੇ ਅਕਾਲੀ ਵਿਧਾਇਕ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨਕੇ ਸ਼ਰਮਾ ਆਪਣੇ ਸਾਥੀਆਂ ਸਮੇਤ ਜੂਨੀਅਰ ਇੰਜੀਨੀਅਰਾਂ ਨਾਲ ਧਰਨੇ ’ਤੇ ਬੈਠੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੜਕਾਂ ਉੱਤੇ 100 ਮੀਟਰ ਦੀ ਦੂਰੀ ’ਤੇ ਫੌਕੇ ਸਰਕਾਰੀ ਐਲਾਨਾਂ ਦੇ ਮਸ਼ਹੂਰੀ ਬੋਰਡ ਤਾਂ ਲਗਵਾ ਦਿੱਤੇ ਗਏ ਹਨ ਪ੍ਰੰਤੂ ਹੁਣ ਤੱਕ ਇੱਕ ਵੀ ਐਲਾਨ ਲੋਕਾਂ ਨੂੰ ਵਫ਼ਾ ਨਹੀਂ ਹੋਇਆ ਹੈ।
ਐਨਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਾਵਰਕੌਮ ਦੀ ਇਹ ਹਾਲਤ ਕਰ ਦਿੱਤੀ ਹੈ ਕਿ ਜਿਹੜਾ ਮੁਲਾਜ਼ਮ ਸੇਵਾਮੁਕਤ ਹੋ ਜਾਵੇ ਜਾਂ ਹੋ ਰਿਹਾ ਹੈ, ਉਸ ਦੀ ਥਾਂ ਨਵੀਂ ਭਰਤੀ ਕਰਨ ਦੀ ਥਾਂ ਸਬੰਧਤ ਪੋਸਟ ਹੀ ਖ਼ਤਮ ਕੀਤੀ ਜਾ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਇਹੀ ਨਹੀਂ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਮੁਲਾਜ਼ਮ ਨੂੰ ਤਰੱਕੀ ਵੀ ਨਹੀਂ ਦਿੱਤੀ। ਜਿਸ ਕਾਰਨ ਹੁਣ ਤੱਕ ਸੈਂਕੜੇ ਮੁਲਾਜ਼ਮ ਬਿਨਾਂ ਤਰੱਕੀ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 36000 ਮੁਲਾਜ਼ਮ ਪੱਕੇ ਕਰਨ ਦਾ ਐਲਾਨ ਸਿਰਫ਼ ਅਖ਼ਬਾਰਾਂ ਦੀ ਹੈੱਡਲਾਈਨ ਬਣ ਕੇ ਰਹਿ ਗਿਆ ਹੈ, ਹੁਣ ਤੱਕ ਸਰਕਾਰ ਨੇ ਕਿਸੇ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਹੈ। ਮੁਹਾਲੀ ਸਮੇਤ ਮੁੱਖ ਮੰਤਰੀ ਦੇ ਸ਼ਹਿਰ ਖਰੜ ਅਤੇ ਚਮਕੌਰ ਸਾਹਿਬ ਹਲਕੇ ਵਿੱਚ ਧਰਨਿਆਂ ’ਤੇ ਬੈਠੇ ਮੁਲਾਜ਼ਮ ਇਸ ਦਾ ਪ੍ਰਤੱਖ ਸਬੂਤ ਹਨ।
ਉਧਰ, ਜੇਈ ਕੌਂਸਲ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਨੇ ਕਿਹਾ ਕਿ ਪਾਵਰਕੌਮ ਜੂਨੀਅਰ ਇੰਜੀਨੀਅਰਾਂ ਵੱਲੋਂ ਬੀਤੀ 27 ਅਕਤੂਬਰ ਤੋਂ ਸ਼ੁਰੂ ਕੀਤਾ ਲੜੀਵਾਰ ਸੰਘਰਸ਼ ਅੱਜ 53ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਲੇਕਿਨ ਹੁਣ ਤੱਕ ਪਾਵਰਕੌਮ ਮੈਨੇਜਮੈਂਟ ਅਤੇ ਹੁਕਮਰਾਨਾਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਜਿਸ ਨਾਲ ਬਿਜਲੀ ਦੀਆਂ ਲਾਈਨਾਂ, ਟਰਾਂਸਫ਼ਾਰਮਰਾਂ ਅਤੇ ਸਬੰਧਤ ਬੁਨਿਆਦੀ ਢਾਂਚੇ ਦੇ ਰੱਖ-ਰਖਾਓ ਨਾਲ ਸਬੰਧਤ ਸਾਰੇ ਕੰਮ ਠੱਪ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਾਵਰਕੌਮ ਜੂਨੀਅਰ ਇੰਜੀਨੀਅਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ 21 ਦਸੰਬਰ ਨੂੰ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਸਾਹਮਣੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਮੈਨੇਜਮੈਂਟ ਨੇ ਮੰਗਾਂ ਨਾ ਮੰਨੀਆਂ ਤਾਂ ਜੂਨੀਅਰ ਇੰਜੀਨੀਅਰਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸੇ ਦੌਰਾਨ ਪਾਵਰਕੌਮ ਟਰਾਂਸਮਿਸ਼ਨ ਐਂਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਵੀ ਜੂਨੀਅਰ ਇੰਜੀਨੀਅਰਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।