
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਨਾਂ ਦੀ ਪਛਾਣ ਦਾ ਸ਼ਬਦ ‘ਟਕਸਾਲੀ’ ਤਖੱਲਸ ਨਹੀਂ ਸਗੋਂ ਤਖੱਯਲ ਹੈ: ਬੀਰਦਵਿੰਦਰ
ਬੀਰਦਵਿੰਦਰ ਦੀ ਡਿਟੇਲ ਬਹਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਦਿੱਤੀ ਸੀ ਖੇਤਰੀ ਪਾਰਟੀ ਵਜੋਂ ਮਾਨਤਾ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 26 ਜੂਨ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਵੱਖਰੀ ਪਹਿਚਾਣ ਨਾਲ ਜੁੜਿਆ ਸ਼ਬਦ ‘ਟਕਸਾਲੀ’ ਤਖੱਲਸ ਨਹੀਂ ਸਗੋਂ ਤਖੱਯਲ ਹੈ। ਅੱਜ ਪੰਜਾਬੀ ਦੇ ਕੁੱਝ ਅਖ਼ਬਾਰਾਂ ਵਿੱਚ ‘ਟਕਸਾਲੀ’ ਸ਼ਬਦ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਤਖ਼ੱਲਸ ਵਜੋਂ ਵਰਤਿਆ ਗਿਆ ਹੈ ਜੋ ਕਿ ਗਲਤ ਹੈ। ਕਿਉਂਕਿ ਜੋ ਸ਼ਬਦ ਲੇਖਕਾਂ ਜਾਂ ਸ਼ਾਇਰਾਂ ਦੇ ਤਖੱਲਸ ਵੱਜੋਂ ਵਰਤੇ ਜਾਂਦੇ ਹਨ, ਉਹ ਸ਼ਬਦ ਬਣਾਉਟੀ, ਫਰਜ਼ੀ ਜਾਂ ਉਨ੍ਹਾਂ ਦੀ ਆਪਣੀ ਮਨੋਬਿਰਤੀ ਦੀ ਕਲਪਨਾ ਦੇ ਕਲਪਿਤ ਨਾਂ ਹੁੰਦੇ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਵੱਖਰੀ ਪਹਿਚਾਣ ਵਜੋਂ ਵਰਤਿਆ ਸ਼ਬਦ ‘ਟਕਸਾਲੀ’ ਤਖੱਲਸ ਨਹੀਂ ਸਗੋਂ ਤਖੱਯਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਕਮਿਸ਼ਨਰ ਬੀਰ ਦਵਿੰਦਰ ਸਿੰਘ ਨੇ ਆਪਣੀ ਟਿੱਪਣੀ ਵਿੱਚ ਕੀਤਾ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਤਖੱਯਲ ਤੋਂ ਭਾਵ ਹੈ: ਇੱਕ ਖ਼ਿਆਲ ਦੀ ਧਾਰਨਾ ਰੱਖਣਾ, ਇੱਕ ਸੋਚ ਤੇ ਇਰਾਦੇ ਨੂੰ ਦ੍ਰਿਸ਼ਟਮਾਨ ਕਰਦਾ ਬੁੱਧੀ ਵਿਵੇਕ ਜਾਂ ਇਹ ਕਹਿ ਲਵੋ ਕਿ ਇੱਕ ਵਿਸ਼ੇਸ਼ ਸੰਕਲਪ ਦੀ ਨਿਰੂਪਣ ਸ਼ਕਤੀ ਦਾ ਤਸੱਵਰ ਅਤੇ ਇੱਕ ਵਿਸ਼ੇਸ਼ ਲਿਵ ਨਾਲ ਜੁੜਨ ਦੀ ਧਾਰਨਾ ਜੁੜਿਆ ਸਮੂਹ ਆਦੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਭਾਰਤੀ ਚੋਣ ਕਮਿਸ਼ਨ ਪਾਸ, ਖੇਤਰੀ ਪਾਰਟੀ ਵਜੋਂ ਸੂਚੀ-ਦਰਜ ਕਰਵਾਉਣ ਸਮੇਂ ਵੀ ਸਾਨੂੰ ਬੜੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ‘ਟਕਸਾਲੀ’ ਸ਼ਬਦ ਨੂੰ ਸਿੱਖ-ਆਤੰਕਵਾਦ ਦੇ ਅਭਿਵਿਅੰਜਨ ਅਤੇ ਉਸ ਦੇ ਪ੍ਰਗਟ ਜ਼ਹੂਰ ਵਜੋਂ ਦੇਖ ਰਹੇ ਸਨ, ਇਸ ਲਈ ਭਾਰਤੀ ਚੋਣ ਕਮਿਸ਼ਨ ਨੇ ਸਾਨੂੰ, ਸਾਡੀ ਖੇਤਰੀ ਪਾਰਟੀ ਦਾ ਕੋਈ ਹੋਰ ਨਾਮ ਚੁਨਣ ਦਾ ਇਖ਼ਤਿਆਰ ਦਿੱਤਾ ਸੀ। ਪਰ ਅਸੀਂ ਉਨ੍ਹਾਂ ਦੀ ਧਾਰਨਾ ਨੂੰ ਚੁਣੌਤੀ ਦਿੱਤੀ ਅਤੇ ਕਈ ਸ਼ਬਦਕੋਸ਼ ਅਤੇ ਡਿਕਸਨਰੀਆਂ ਦੇ ਹਵਾਲਿਆਂ ਨਾਲ ਡਿਟੇਲ ਬਹਿਸ ਕਰਨੀ ਪਈ ਤਾਂ ਕਿਤੇ ਜਾ ਕੇ ਚੋਣ ਕਮਿਸ਼ਨ ਦੇ ਖਾਨੇ ਵਿੱਚ ਗੱਲ ਵੜੀ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਆਪਣੀ ਇੱਕ ਵੱਖਰੀ ਪਹਿਚਾਣ ਨਾਲ ਖੇਤਰੀ ਪਾਰਟੀ ਵਜੋਂ ਭਾਰਤੀ ਚੋਣ ਕਮਿਸ਼ਨ ਪਾਸ ਸੂਚੀਬਧ ਹੋਇਆ ਹੈ।
ਉਨ੍ਹਾਂ ਕਿਹਾ ਕਿ ਇੱਥੇ ਇਹ ਦੱਸਣਾਯੋਗ ਹੋਵੇਗਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਨਾਮਕਰਨ ਦੀ ਤਫ਼ਸੀਲੀ ਬਹਿਸ ਤੋਂ ਪਹਿਲਾਂ ਤਾਂ ਭਾਰਤੀ ਚੋਣ ਕਮਿਸ਼ਨ ਦੀ ਪੰਥਕ ਟਕਸਾਲਾਂ ਬਾਰੇ ਵੀ ਏਹੋ ਧਾਰਨਾ ਸੀ ਕਿ ਇਹ ਸਿੱਖ-ਆਤੰਕਵਾਦੀ ਪੈਦਾ ਕਰਨ ਵਾਲੀਆਂ ਸੰਸਥਾਵਾਂ ਹਨ। ਭਾਰਤੀ ਚੋਣ ਕਮਿਸ਼ਨ, ਇਹ ਜਾਣ ਕੇ ਹੱਕਾ-ਬੱਕਾ ਰਹਿ ਗਿਆ ਜਦੋਂ ਉਨ੍ਹਾਂ ਨੂੰ ਇਹ ਸਮਝਾਇਆ ਗਿਆ ਕਿ ਸਿੱਖਾਂ ਦੀਆਂ ਪੰਥਕ ਟਕਸਾਲਾਂ ਤਾਂ ਸ਼ਬਦ ਦੇ ਬੋਧ ਅਤੇ ਸਿੱਖ ਸੁਰਤੀ ਦੀ ਜੀਵਨ ਪ੍ਰਣਾਲੀ ਨੂੰ ਨਿਯਮਤ ਕਰਨ ਦੀਆਂ ਪਾਠਸ਼ਾਲਾਵਾਂ ਹਨ। ਇੱਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਭਾਰਤੀ ਚੋਣ ਕਮਿਸ਼ਨ ਪਾਸ ਇਹ ਸਾਰੇ ਭਰਮ ਭੁਲੇਖੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਇੱਕ ਖੇਤਰੀ ਪਾਰਟੀ ਵੱਜੋਂ ਨਾ ਦਰਜ ਕਰਨ ਦੇ ਇਤਰਾਜ਼ ਦੇ ਤੌਰ ਤੇ ਦਰਜ ਕਰਵਾਏ ਗਏ ਸਨ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਆਖਰ ਨੂੰ ਦੋ ਅਲੱਗ-ਅਲੱਗ ਲੰਬੀਆਂ ਸੁਣਵਾਈਆਂ ਤੋਂ ਬਾਅਦ ਹੀ ਚੋਣ ਕਮਿਸ਼ਨ ਦੀ ਸੰਤੁਸ਼ਟੀ ਹੋਈ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ, ਖੇਤਰੀ ਪਾਰਟੀ ਵਜੋਂ ਸੂਚੂਬੱਧ ਕਰ ਲਿਆ। ਹੁਣ ਵੀ ਪੰਥਕ ਏਕਤਾ ਕਰਨ ਸਮੇਂ ‘ਟਕਸਾਲੀ’ ਸ਼ਬਦ ਦੇ ਤਖੱਯਲ ਦੇ ਵਜੂਦ ਅਤੇ ਉਸ ਦੀ ਧਾਰਨਾ ਨੂੰ ਸਮੁੱਚਤਾ ਵਿੱਚ ਸਮਝਣਾ ਹੋਵੇਗਾ ਤਦ ਹੀ ਪੰਥਕ ਏਕਤਾ ਲਈ ਕੋਈ ਸੁਚੱਜਾ ਤੇ ਮੁਸਬਤ ਰਸਤਾ ਨਿਕਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਾਰੇ ਹੀ ਆਗੂ ਅਤੇ ਵਰਕਰ ਪੰਥਕ ਏਕਤਾ ਦੇ ਹੱਕ ਵਿੱਚ ਹਨ ਪਰ ‘ਟਕਸਾਲੀ’ ਸ਼ਬਦ ਦਾ ਵਜੂਦ ਮਿਟਾ ਦੇਣ ਨਾਲ, ਭਰਮ-ਭੁਲੇਖਿਆਂ ਦੀ ਇੱਕ ਗ਼ਲਤ ਧਾਰਨਾ ਪੈਦਾ ਹੋ ਜਾਵੇਗੀ, ਜਿਸ ਤੋਂ ਵਡੇਰੇ ਪੰਥਕ ਹਿੱਤਾਂ ਦੇ ਮੱਦੇਨਜ਼ਰ, ਹਰ ਹਾਲਤ ਵਿੱਚ ਬਚਣਾ ਚਾਹੀਦਾ ਹੈ।