ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਪੱਤਣ ਦੀ ਇੱਕ ਹੋਰ ਵਚਿੱਤਰ ਗਾਥਾ

ਅਖੰਡ ਪਾਠ ਸਾਹਿਬ ਨੂੰ ਗੋਦ ਲੈਣ ਦੀ ਨਵੀਂ ਅਨੋਖੀ ਪ੍ਰਥਾ ਸ਼ੁਰੂ: ਬੀਰਦਵਿੰਦਰ ਸਿੰਘ ਨੇ ਉੱਚ ਪੱਧਰ ਦੀ ਜਾਂਚ ਮੰਗੀ

ਸ਼ਹੀਦੀ ਜੋੜ ਮੇਲ ਮੌਕੇ ਹੈੱਡ ਗ੍ਰੰਥੀ, ਮੈਨੇਜਰ ਤੇ ਸ਼੍ਰੋਮਣੀ ਕਮੇਟੀ ਦੇ ਸਥਾਨਕ ਪ੍ਰਬੰਧਕ ’ਤੇ ਮੁੱਖ ਮੰਤਰੀ ਦੀ ਚਮਚੀ ਮਾਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਅਖੰਡ ਪਾਠ ਸਾਹਿਬ ਗੋਦ ਲੈਣ ਦੀ ਨਵੀਂ ਤੇ ਅਨੋਖੀ ਪਿਰਤ ਪਾਉਣ ਦਾ ਨੋਟਿਸ ਲੈਂਦਿਆਂ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਉੱਚ ਪੱਧਰ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਰਿਆਦਾਹੀਣਤਾ ਦੇ ਮਾਮਲੇ ਸਬੰਧੀ ਸਮੂਹ ਸਿੱਖ ਸੰਗਤ, ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਾਗਦੀ ਜ਼ਮੀਰ ਵਾਲੇ ਮੈਂਬਰ ਸਾਹਿਬਾਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਗਿਰਦੋਨਵਾਹ ਦੀਆਂ ਸਿੱਖ ਸੰਗਤਾਂ ਇਹ ਸਵਾਲ ਕਰ ਰਹੀਆਂ ਹਨ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਸਿਮ੍ਰਿਤੀ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਹਰ ਵਰ੍ਹੇ 11 ਪੋਹ ਨੂੰ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਵਿੱਚ ਪ੍ਰਕਾਸ਼ ਕਰਵਾਏ ਜਾਂਦੇ ਸਨ ਅਤੇ 13 ਪੋਹ ਨੂੰ ਭੋਗ ਪਾਏ ਜਾਂਦੇ ਸਨ। ਐਤਕੀਂ ਇਹ ਅਖੰਡ ਪਾਠ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਜਸਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਪ੍ਰਬੰਧਕ ਸ਼ਹੀਦੀ ਸਿੰਘ ਸਭਾ ਮੌਕੇ ਪ੍ਰਕਾਸ਼ ਕਰਵਾਉਣਾ ਹੀ ਭੱਲ ਗਏ ਹਨ ਅਤੇ ਫਿਰ ਇਸ ਵੱਡੀ ਭੁੱਲ ਦੀ ਖਾਨਾ-ਪੂਰਤੀ ਲਈ ਦਿੱਲੀ ਦੇ ਇੱਕ ਸ਼ਰਧਾਲੂ ਸਿੱਖ ਦਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ 23 ਅਪਰੈਲ ਨੂੰ ਰਸੀਦ ਨੰਬਰ 13282 ਅਨੁਸਾਰ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜਯੋਤੀ ਸਰੂਪ (ਫਤਹਿਗੜ੍ਹ ਸਾਹਿਬ) ਵਿੱਚ ਅਖੰਡ ਪਾਠ ਦਾ ਆਰੰਭ ਕਰਵਾਇਆ ਸੀ। ਜਿਸਦੇ ਭੋਗ ਸ੍ਰੀ ਅਖੰਡ ਪਾਠ ਦੀ ਮਰਿਆਦਾ ਅਨੁਸਾਰ 27 ਦਸੰਬਰ ਨੂੰ ਪਾਏ ਜਾਣੇ ਸਨ ਪ੍ਰੰਤੂ ਇਸ ਅਖੰਡ ਪਾਠ ਨੂੰ ਹੀ ਪ੍ਰਬੰਧਕਾਂ ਨੇ ਆਪਣੀ ਗੋਦ ਲੈ ਕੇ ਅਰਦਾਸ ਕਰ ਦਿੱਤੀ ਅਤੇ ਸਿੱਖ ਸੰਗਤਾਂ ਦੀਆਂ ਅੱਖੀਂ ਘੱਟਾ ਪਾਉਣ ਤੇ ਗੰਭੀਰ ਮਰਿਆਦਾਹੀਣਤਾ ਦਾ ਇੱਕ ਹੋਰ ਭਾਣਾ ਵਰਤਾ ਦਿੱਤਾ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ, ਮੈਨੇਜਰ ਤੇ ਸ਼੍ਰੋਮਣੀ ਕਮੇਟੀ ਦੇ ਸਥਾਨਕ ਪ੍ਰਬੰਧਕ ਨੂੰ ਤਾਂ ਸ਼ਹੀਦੀ ਜੋੜ ਮੇਲ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਠੀ-ਚਾਪੀ ਤੇ ਦਰਬਾਰ ਸਾਹਿਬ ਦੇ ਅੰਦਰ ਮੰਗ-ਪੱਤਰ ਦੇਣ ਦੇ ਫਿਕਰ ਤੋਂ ਹੀ ਵਿਹਲ ਨਹੀਂ ਸੀ, ਫਿਰ ਮਰਿਆਦਾ ਦੀ ਘੋਰ ਅਵੱਗਿਆ ਦਾ ਫਿਕਰ ਹੋਰ ਕਿਸ ਨੇ ਕਰਨਾ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਪੜਤਾਲ ਕਰਨੀ ਬਣਦੀ ਹੈ ਕਿ ਕੀ ਸਥਾਨਕ ਪ੍ਰਬੰਧਕਾਂ ਨੇ ਸ੍ਰੀ ਅਖੰਡ ਪਾਠ ਨੂੰ ਗੋਦ ਲੈਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਐਸਜੀਪੀਸੀ ਦੀ ਪ੍ਰਵਾਨਗੀ ਲੈ ਕੇ ਇਹ ਭਾਣਾਂ ਵਰਤਾਇਆ ਹੈ ਜਾਂ ਆਪਹੁਦਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਮਰਿਆਦਾ ਦੀ ਪ੍ਰਕਿਰਿਆ ਨੂੰ ਬਦਲਿਆ ਗਿਆ ਹੈ। ਜਿਸ ਵਿੱਚ ਸ੍ਰੀ ਅਖੰਡ ਪਾਠ ਦੇ ਆਰੰਭ ਅਤੇ ਮਧ ਦੀ ਅਰਦਾਸ ਕਿਸੇ ਹੋਰ ਵਿਅਕਤੀ ਦੇ ਨਾਂ ’ਤੇ ਕੀਤੀ ਗਈ ਅਤੇ ਸਮਾਪਤੀ ਦੇ ਭੋਗ ਦੀ ਅਰਦਾਸ ਸਮੇਂ ਗੁਰਦੂਆਰਾ ਜਯੋਤੀ ਸਰੂਪ ਦੇ ਪ੍ਰਬੰਧਕਾਂ ਨੇ ਅਖੰਡ ਪਾਠ ਦਾ ਉਤਾਰਾ, ਚਲਾਕੀ ਨਾਲ ਆਪਣੇ ਨਾਂ ’ਤੇ ਤਬਦੀਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਮਰਿਆਦਾ ਨੂੰ ਨਾਂ ਸਿਰਫ਼ ਬਦਲਿਆ ਹੀ ਹੈ ਸਗੋਂ ਇੱਕ ਘੋਰ ਧਾਰਮਿਕ ਅਪਰਾਧ ਕਰਕੇ ਸਮੁੱਚੀ ਮਰਿਆਦਾ ਨੂੰ ਨੀਵਾਂ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦੀ ਇਹ ਗਲਤੀ ਸਾਧਾਰਨ ਮੁਆਫ਼ੀ ਦੇ ਯੋਗ ਨਹੀਂ ਹੈ। ਇਹੀ ਨਹੀਂ ਸੰਗਤ ਨੇ ਇਹ ਸਾਰਾ ਮਾਮਲਾ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਧਿਆਨ ਵਿੱਚ ਮੌਕੇ ’ਤੇ ਹੀ ਲਿਆ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਮਾਮਲੇ ਵਿੱਚ ਹੁਣ ਤੱਕ ਚੁੱਪ ਧਾਰੀ ਹੋਈ ਹੈ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕੇ। ਇਸ ਮਗਰੋਂ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਉਹ ਪ੍ਰੈੱਸ ਨੂੰ ਬਿਆਨ ਦੇਣ ਦੇ ਸਮਰੱਥ ਨਹੀਂ ਹਨ। ਉਂਜ ਐਸਜੀਪੀਸੀ ਦੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਸ਼ਹੀਦ ਜੋੜ ਮੇਲ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਪੰਥ ਦੇ ਨਾਂ ’ਤੇ ਅਰਦਾਸ ਕੀਤੀ ਗਈ ਹੈ। ਇਸ ਮੌਕੇ ਇਲੈਕਟ੍ਰਾਨਿਕ ਮੀਡੀਆ ਅਤੇ ਸੈਂਕੜੇ ਸ਼ਰਧਾਲੂ ਹਾਜ਼ਰ ਸਨ। ਨੁਮਾਇੰਦੇ ਨੇ ਕਿਹਾ ਕਿ ਬੀਰਦਵਿੰਦਰ ਸਿੰਘ ਪਤਾ ਨਹੀਂ ਕਿਹੜੀ ਗੱਲੋਂ ਧਾਰਮਿਕ ਮਾਮਲੇ ਵਿੱਚ ਰਾਜਨੀਤਕ ਦਖ਼ਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਖ਼ੁਦ ਸਮੁੱਚੀ ਦੁਨੀਆ ਨੂੰ ਆਪਣੀ ਗੋਦ ਵਿੱਚ ਬਿਠਾਉਣ ਵਾਲੇ ਹਨ, ਭਲਾ ਉਨ੍ਹਾਂ ਨੂੰ ਕੋਈ ਕਿਵੇਂ ਗੋਦ ਲੈ ਸਕਦਾ ਹੈ। ਰਾਜਸੀ ਆਗੂ ਅਤਿ ਘਟੀਆ ਦਰਜੇ ਦੀ ਬਿਆਨਬਾਜ਼ੀ ਕਰਕੇ ਮਾਮਲੇ ਨੂੰ ਗਲਤ ਰੰਗਤ ਦੇ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…