ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੰਦਰੋਂ ਤੇ ਬਾਹਰੋਂ ਅਨੇਕਾਂ ਵੱਡੀਆਂ ਚੁਨੌਤੀਆਂ: ਧਾਮੀ

ਚੱਪੜਚਿੜੀ ਤੋਂ ਸਰਹਿੰਦ ਫਤਿਹ ਮਾਰਚ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ, ਨਿਹੰਗ ਸਿੰਘ ਤੇ ਘੋੜ ਸਵਾਰ ਵੀ ਸ਼ਾਮਲ

ਅਕਾਲੀ ਸਰਕਾਰ ਨੇ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਸਥਾਪਿਤ ਕਰਕੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫਤਿਹ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ‘ਸਰਹਿੰਦ ਫਤਿਹ ਮਾਰਚ’ ਅੱਜ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋਇਆ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਂਝੇ ਤੌਰ ’ਤੇ ਰਵਾਨਾ ਕੀਤਾ। ਇਸ ਮੌਕੇ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਮਪੁਰੀ, ਮੀਤ ਪ੍ਰਧਾਨ ਅਵਤਾਰ ਸਿੰਘ ਰੀਅ, ਸਾਬਕਾ ਸਕੱਤਰ ਅਵਤਾਰ ਸਿੰਘ ਸੈਂਪਲਾਂ, ਮੈਂਬਰ ਪਰਮਜੀਤ ਕੌਰ ਲਾਂਡਰਾਂ ਤੇ ਚਰਨਜੀਤ ਸਿੰਘ ਕਾਲੇਵਾਲ, ਅਜਮੇਰ ਸਿੰਘ ਖੇੜਾ, ਸਾਬਕਾ ਮੈਂਬਰ ਜਗਜੀਤ ਸਿੰਘ ਰਤਨਗੜ੍ਹ, ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਐਸਜੀਪੀਸੀ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ ਨੇ ਹਾਜ਼ਰੀ ਭਰੀ।
ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਚੱਪੜਚਿੜੀ ਵਿੱਚ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਦਾ ਪੂਰਾ ਪ੍ਰਸੰਗ ਢਾਡੀ ਵਾਰਾਂ ’ਚ ਸੁਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਅਲੌਕਿਕ ਫਤਿਹ ਮਾਰਚ ਵਿੱਚ ਰਵਾਇਤੀ ਬਾਣੇ ਅਤੇ ਸ਼ਾਸਤਰਾਂ ਨਾਲ ਸਜੇ ਘੋੜ ਸਵਾਰ ਨਿਹੰਗ ਸਿੰਘਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਦੂਰ-ਦੁਰਾਡੇ ਦੀਆਂ ਸੰਗਤਾਂ ਸ਼ਾਮਲ ਹੋਈਆਂ। ਰਸਤੇ ਵਿੱਚ ਥਾਂ-ਥਾਂ ਸੰਗਤ ਨੇ ਸਵਾਗਤ ਕੀਤਾ।
ਇਸ ਮੌਕੇ ਬੋਲਦਿਆਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੰਦਰੋਂ ਅਤੇ ਬਾਹਰੋਂ ਅਨੇਕਾਂ ਹੀ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਧਾਰਮਿਕ ਸੰਸਥਾ ਨੂੰ ਖੋਰਾ ਲਾਉਣ ਦੀਆ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕੌਮ ਇਕ ਸੂਰਤ ਵਿੱਚ ਆਵੇ ਅਤੇ ਜਥੇਬੰਦੀਆਂ ਨੂੰ ਇੱਕ ਦੂਜੇ ਨਾਲ ਲੜਾਈ ਛੱਡ ਕੇ ਗੁਰੂ ਸਿਧਾਂਤ ’ਤੇ ਪਹਿਰਾ ਦੇਣਾ ਚਾਹੀਦਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਤਿੰਨ ਧਮਾਕੇ ਹੋਣਾ ਬਹੁਤ ਚਿੰਤਾ ਵਾਲੀ ਗੱਲ ਹੈ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਪੁੱਛੇ ਜਾਣ ’ਤੇ ਧਾਮੀ ਨੇ ਕਿਹਾ ਕਿ 18 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 11 ਵਜੇ ਅਰਦਾਸ ਕਰਕੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਲਈ ਜਥਾ ਰਵਾਨਾ ਹੋਵੇਗਾ। ਇਸ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਜਾਰੀ ਰਹਿਣਗੇ।
ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਮੁਗਲ ਫੌਜਾਂ ਦਾ ਖ਼ਾਤਮਾ ਕਰਕੇ ਅਸਲ ਵਿੱਚ ਚੱਪੜਚਿੜੀ ਦੇ ਮੈਦਾਨ ’ਚੋਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਆਰੰਭੀ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਰਾ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ 700 ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿੱਤੇ ਗਏ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਸਿੱਖ ਲੀਡਰਸ਼ਿਪ ਦੀ ਯੋਗ ਅਗਵਾਈ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਕੁਰਬਾਨੀ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼ਹਿਰਾਂ ਅਤੇ ਪਿੰਡ ਪੱਧਰ ’ਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਫਤਿਹ ਦਿਵਸ ਦੀ ਵਧਾਈ ਦਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਵੀ ਚਾਨਣਾ ਪਾਇਆ।

ਪਰਮਜੀਤ ਕੌਰ ਲਾਂਡਰਾਂ ਅਤੇ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਸਥਾਪਤ ਕਰਕੇ ਸੰਗਤ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਬਹੁਤ ਵੱਡਾ ਤੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਦਲ ਦੇ ਸਹਿਯੋਗ ਨਾਲ ਹਰੇਕ ਸਾਲ ਸਰਹਿੰਦ ਫਤਿਹ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਹਨ।

ਇਸ ਮੌਕੇ ਐਸਜੀਪੀਸੀ ਦੇ ਸਾਬਕਾ ਮੈਨੇਜਰ ਅਮਰਜੀਤ ਸਿੰਘ ਗਿੱਲ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਸਿਮਰਨਜੀਤ ਸਿੰਘ ਚੰਦੂਮਾਜਰਾ, ਕਮਲਜੀਤ ਸਿੰਘ ਰੂਬੀ, ਕਰਮ ਸਿੰਘ ਬਬਰਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਮਨਜੀਤ ਸਿੰਘ ਮਾਨ, ਸਰਬਜੀਤ ਸਿੰਘ ਪਾਰਸ, ਗੁਰਮੀਤ ਸਿੰਘ ਸ਼ਾਮਪੁਰ, ਸੁਰਿੰਦਰ ਸਿੰਘ ਕਿਸ਼ਨਪੁਰਾ, ਜਗਜੀਤ ਸਿੰਘ ਸਿੱਧੂ, ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਤੇ ਸੋਹਨ ਸਿੰਘ, ਗੁਰਮੇਲ ਸਿੰਘ, ਬਲਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਚੱਪੜਚਿੜੀ, ਸਤਵੰਤ ਕੌਰ ਜੌਹਲ, ਜਰਨਲ ਪ੍ਰਬੰਧਕ ਭਗਵੰਤ ਸਿੰਘ ਧੰਗੇੜਾ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਨਰਿੰਦਰਜੀਤ ਸਿੰਘ, ਕਥਾਵਾਚਕ ਗਿਆਨੀ ਅਜਮੇਰ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਕਾਰਸੇਵਾ ਵਾਲੇ ਬਾਬੇ ਮੌਜੂਦ ਸਨ।

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…