
ਸਮਾਜਿਕ ਦੂਰੀ ਦੀ ਪਾਲਣਾ ਕਰ ਮਨਾਇਆ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ
ਸਨੌਰ ਹਲਕਾ ਇੰਚਾਰਜ ਹੈਰੀ ਮਾਨ ਨੇ ਕੀਤੀ ਸ਼ਮੂਲੀਅਤ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 25 ਜੂਨ:
ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਰੋਹ ਪਟਿਆਲਾ ਦੇ ਅਲੀਪੁਰ ਅਰਾਈਆਂ ਵਿਖੇ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰਸੱਟ ਵੱਲੋਂ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਦੇ ਪ੍ਰਬੰਧਾਂ ਹੇਠ ਆਯੋਜਿਤ ਕੀਤਾ ਗਿਆ। ਪ੍ਰਸ਼ਾਸ਼ਨ ਦੀ ਹਦਾਇਤਾਂ ਅਨੁਸਾਰ ਪੁੱਜੀਆਂ ਸੰਗਤਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਵੀ ਸੰਸਥਾ ਵਲੋਂ ਕਰਵਾਈ ਗਈ। ਭਾਈ ਜੈਮਲ ਸਿੰਘ ਦੇ ਕੀਰਤਨੀ ਜੱਥੇ ਵਲੋਂ ਰੱਸਭਿੰਨਾ ਕੀਰਤਨ ਕੀਤਾ ਅਤੇ ਗੁਰਦੁਆਰਾ ਸ਼ਹੀਦ ਬਚਿੱਤਰ ਸਿੰਘ ਅਲੀਪੁਰ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਵਲੋਂ ਸ਼ਹੀਦ ਭਾਈ ਮਨੀ ਸਿੰਘ ਸਬੰਧੀ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਵੇਰ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਰੋਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਗੜੀ ਅਤੇ ਹਲਕਾ ਸਨੌਰ ਦੇ ਕਾਂਗਰਸ ਇੰਚਾਰਜ ਐਚ.ਐਸ. ਹੈਰੀ ਮਾਨ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਨਾਲ ਸਬੰਧਤ ਲੁਧਿਆਣਾ ਦੇ ਢਾਡੀ ਜੱਥੇ ਭਾਈ ਗੁਰਚਰਨ ਸਿੰਘ ਸ਼ਾਹਕੋਟੀ, ਭਾਈ ਰੋਸ਼ਨ ਸਿੰਘ ਸਾਗਰ ਅਤੇ ਭਾਈ ਕਾਬਲ ਸਿੰਘ ਰਾਠੋਰ ਵਲੋਂ ਸ਼ਹੀਦ ਸਿੰਘਾ ਦੀਆਂ ਵਾਰਾਂ ਗਾਈਆਂ ਅਤੇ ਸਿੱਖ ਇਤਿਹਾਸ ਸੁਣਾਇਆ ਗਿਆ। ਇਸ ਦੌਰਾਨ ਕਾਂਗਰਸ ਹਲਕਾ ਇੰਚਾਰਜ ਐਚ.ਐਸ. ਹੈਰੀਮਾਨ ਨੇ ਸ਼ਹੀਦ ਭਾਈ ਮਨੀ ਸਿੰਘ ਦੇ ਸਬੰਧੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਅਰ ਸਥਾਪਤ ਕਰਵਾਉਣ ਲਈ ਟਰੱਸਟ ਨੂੰ ਭਰੋਸਾ ਦਿੱਤਾ।
ਇਸ ਉਪਰੰਤ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਸਬੰਧੀ ਸੰਖੇਪ ਵਿੱਚ ਜੀਵਨੀ ਤਿਆਰ ਕਰ ਪੁਸਤਕਾਂ ਹਿੰਦੀ ਅਤੇ ਪੰਜਾਬੀ ਵਿੱਚ ਛਪਾਈਆਂ ਗਈਆਂ ਹਨ, ਜਿਨ੍ਹਾ ਨੂੰ ਜਲਦ ਹੀ ਘਰ—ਘਰ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਇਹ ਪੁਸਤਕਾਂ ਵੱਖ—ਵੱਖ ਦੇਸ਼ਾਂ ਵਿੱਚ ਵੀ ਮੁਫ਼ਤ ਵੰਡੀਆਂ ਜਾਣਗੀਆਂ। ਇਸ ਸ਼ਹੀਦੀ ਸਮਾਗਮ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਪਰਗਟ ਸਿੰਘ ਸ਼ਬੀ, ਹਰਜਿੰਦਰ ਸਿੰਘ ਜਿੰਦਾ ਸਮਾਣਾ, ਹਰਵਿੰਦਰ ਸਿੰਘ ਮੰਗਾ, ਹੈਰੀ ਅਲੀਪੁਰ, ਬਲਵਿੰਦਰ ਸਿੰਘ ਸਰਪੰਚ ਨੇਪਰਾਂ, ਤਰਲੋਕ ਸਿੰਘ ਸਰਪੰਚ ਘੱਗਰ ਸਰਾਂ, ਜਥੇ: ਕੁਲਦੀਪ ਸਿੰਘ ਆਲਮਪੁਰ, ਲਾਲ ਸਿੰਘ ਪ੍ਰਧਾਨ, ਗੁਰਦੇਵ ਸਿੰਘ ਬੱਬੂ ਅਲੀਪੁਰ, ਸਤਨਾਮ ਸਿੰਘ ਸੱਤਾ ਹਾਜੀਪੁਰ, ਸਤਨਾਮ ਸਿੰਘ ਸੱਤਾ ਮੋਹਲਗੜ੍ਹ, ਲਖਵਿੰਦਰ ਸਿੰਘ ਲੱਕੀ ਅਲੀਪੁਰ, ਗੁਰਨਾਮ ਸਿੰਘ ਅਕਾਲੀ ਪਵਾਰ, ਦੇਸਾ ਸਿੰਘ ਪ੍ਰਧਾਨ, ਗੁਰਚਰਨ ਸਿੰਘ ਨੰਬਰਦਾਰ, ਜਸਵੰਤ ਸਿੰਘ ਕਰਤਾਰਪੁਰੀ, ਪ੍ਰਧਾਨ ਕਸ਼ਮੀਰ ਸਿੰਘ ਅਲੀਪੁਰ, ਮੰਗਤ ਸਿੰਘ ਦਿੱਲੀ ਵਾਲੇ, ਸ਼ੰਟੀ ਚੌਹਾਨ ਰਾਜਪੁਰਾ, ਠੇਕੇਦਾਰ ਦਲਜੀਤ ਸਿੰਘ ਰਾਜਪੁਰਾ, ਪੰਚ ਕਰਨੈਲ ਸਿੰਘ ਅਲੀਪੁਰ, ਜੰਗ ਸਿੰਘ ਬਿਜਲੀ ਬੋਰਡ, ਹੀਰਾ ਸਿੰਘ ਬਿੱਟੂ ਪ੍ਰਧਾਨ, ਸੁਖਦੇਵ ਸਿੰਘ ਨੰਬਰਦਾਰ ਆਦਿ ਹਾਜਰ ਸਨ।