
ਸ਼ਿਵ ਸੈਨਾ ਵੱਲੋਂ 26 ਜਨਵਰੀ ਨੂੰ ਪੰਜਾਬ ਭਰ ਵਿੱਚ ਤਿਰੰਗਾ ਯਾਤਰਾ ਕੱਢਣ ਦਾ ਐਲਾਨ
ਸੋਸ਼ਲ ਮੀਡੀਆ ’ਤੇ ਗੁਰਪਤਵੰਤ ਪੰਨੂ ਦੇ ਹੱਕ ਵਿੱਚ ਭੜਕਾਊ ਪੋਸਟ ਪਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਸ਼ਿਵ ਸੈਨਾ (ਹਿੰਦ) ਵੱਲੋਂ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ 26 ਜਨਵਰੀ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਹ ਐਲਾਨ ਅੱਜ ਇੱਥੇ ਫੇਜ਼-2 ਸਥਿਤ ਮੀਡੀਆ ਸੈਂਟਰ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ (ਹਿੰਦ) ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਪਰਮਿੰਦਰ ਭੱਟੀ, ਲੀਗਲ ਸੈੱਲ ਦੇ ਪ੍ਰਧਾਨ ਕੇਤਨ ਸ਼ਰਮਾ, ਬੁਲਾਰੇ ਕੀਰਤ ਸਿੰਘ ਮੁਹਾਲੀ ਨੇ ਕੀਤਾ। ਇਸ ਮੌਕੇ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਸੋਨੂ ਰਾਣਾ, ਰਾਹੁਲ ਮਨਚੰਦਾ ਅਤੇ ਕੁਲਵਿੰਦਰ ਗੋਲੀ ਵੀ ਹਾਜ਼ਰ ਸਨ।
ਪਰਮਿੰਦਰ ਭੱਟੀ ਨੇ ਕਿਹਾ ਕਿ ਉਹ ਖਾੜਕੂਆਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਖਜ਼ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਪੰਨੂ ਰਾਸ਼ਟਰੀ ਝੰਡੇ ਬਾਰੇ ਭੜਕਾਊ ਬਿਆਨਬਾਜ਼ੀ ਕਰਕੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਨੂ ਨੇ ਇੱਕ ਵੀਡੀਓ ਰਾਹੀਂ ਨੌਜਵਾਨਾਂ ਨੂੰ ਤਿਰੰਗਾ ਝੰਡਾ ਨਾ ਲਹਿਰਾਉਣ ਦੀ ਅਪੀਲ ਕਰਕੇ ਰਾਸ਼ਟਰ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰਮਖ਼ਿਆਲੀਆਂ ਦੀਆਂ ਅਜਿਹੀਆਂ ਧਮਕੀਆਂ ਨੂੰ ਸ਼ਿਵ ਸੈਨਾ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਡਰੇਗੀ। ਉਨ੍ਹਾਂ ਐਲਾਨ ਕੀਤਾ ਕਿ 26 ਜਨਵਰੀ ਨੂੰ ਹਰ ਹਾਲ ਵਿੱਚ ਪੰਜਾਬ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ ਅਤੇ ਜੋ ਕੋਈ ਵੀ ਤਿਰੰਗਾ ਯਾਤਰਾ ਨੂੰ ਰੋਕਣ ਜਾਂ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਨੂ ਸਾਡੇ ਦੇਸ਼ ਹਿੰਦੁਸਤਾਨ ਬਾਰੇ ਹਮੇਸ਼ਾ ਗਲਤ ਬੋਲਦਾ ਹੈ, ਕਦੇ 2020 ਰੈਫਰੈਂਡਮ ਦੇ ਨਾਂ ’ਤੇ ਸਾਡੇ ਪੰਜਾਬ ਵਿੱਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਕਦੇ ਨੌਜਵਾਨਾਂ ਨੂੰ ਭੜਕਾ ਕੇ ਦੇਸ਼ ਤੋਂ ਵੱਖ ਹੋਣ ਦੀ ਗੱਲ ਕਰਦਾ ਹੈ। ਪਰ ਸਾਡੇ ਦੇਸ਼ ਨੂੰ ਬਰਬਾਦ ਕਰਨ ਦੇ ਇਰਾਦੇ ਦਾ ਲੋਕਾਂ ਨੇ ਪੰਨੂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ,ਇਸ ਦੇ ਬਾਵਜੂਦ ਪੰਨੂ ਹਮੇਸ਼ਾ ਪਾਕਿਸਤਾਨ ਦੇ ਇਸ਼ਾਰੇ ‘ਤੇ ਅਤੇ ਆਪਣੇ ਆਕਾਵਾਂ ਦੇ ਹੁਕਮਾਂ ’ਤੇ ਭਾਰਤ ਵਿਰੁੱਧ ਜ਼ਹਿਰ ਉਗਲਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਨੂ ਦੇ ਹੱਕ ਵਿੱਚ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਵਾਲਿਆਂ ਵਿਰੁੱਧ ਤੁਰੰਤ ਅਪਰਾਧਿਕ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।