ਸ਼ਿਵ ਸੈਨਾ ਹਿੰਦੂਸਤਾਨ ਵੱਲੋਂ 30 ਸੀਟਾਂ ’ਤੇ ਚੋਣ ਲੜਨ ਦਾ ਫੈਸਲਾ, 5 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਸ਼ਿਵ ਸੈਨਾ ਹਿੰਦੂਸਤਾਨ ਯੁਵਾ ਵਿੰਗ ਦੇ ਪ੍ਰਧਾਨ ਅਮਿਤ ਸ਼ਰਮਾ ਨੂੰ ਮੁਹਾਲੀ ਤੋਂ ਉਮੀਦਵਾਰ ਘੋਸ਼ਿਤ ਕੀਤਾ

ਐਸ.ਏ.ਐਸ. ਨਗਰ (ਮੁਹਾਲੀ), 24 ਦਸੰਬਰ
ਸ਼ਿਵ ਸੈਨਾ ਹਿੰਦੂਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੂਸਤਾਨ ਸ਼ਕਤੀ ਸੈਨਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਅਤੇ ਅਤਿਵਾਦ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਮੁੱਦਿਆਂ ’ਤੇ ਪੰਜਾਬ ਵਿੱਚ 30 ਸੀਟਾਂ ’ਤੇ ਚੋਣ ਲੜੇਗੀ। ਇਹ ਗੱਲ ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਨੇ ਅੱਜ ਇੱਥੋਂ ਦੇ ਸੈਕਟਰ-58 ਸਥਿਤ ਸ਼ਾਹੀ ਮਾਜਰਾ ਮਾਰਕੀਟ ਵਿੱਚ ਜ਼ਿਲ੍ਹਾ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖੀ। ਇਸ ਮੌਕੇ ਸਿਵ ਸੈਨਾ ਨੇ 5 ਉਮੀਦਵਾਰਾਂ ਦਾ ਐਲਾਨ ਵੀ ਕੀਤਾ। ਜਿਨ੍ਹਾਂ ਵਿੱਚ ਜਥੇਬੰਦੀ ਦੇ ਪੰਜਾਬ ਯੁਵ ਵਿੰਗ ਦੇ ਸੂਬਾਈ ਪ੍ਰਧਾਨ ਅਮਿਤ ਸ਼ਰਮਾ ਨੂੰ ਮੁਹਾਲੀ ਹਲਕੇ ਤੋਂ ਚੋਣ ਲੜਾਉਣ ਦਾ ਫੈਸਲਾ ਲਿਆ ਹੈ। ਜਦੋਂ ਕਿ ਸ੍ਰੀ ਸੰਜੀਵ ਕੁਮਾਰ ਪਾਇਲਟ ਨੂੰ ਅਮਲੋਹ, ਸ੍ਰੀਮਤੀ ਕਿਰਨ ਬਾਲਾ ਨੂੰ ਪਠਾਨਕੋਟ ਸ਼ਹਿਰੀ, ਸ੍ਰੀ ਨਰਿੰਦਰ ਭਾਰਦਵਾਜ਼ ਨੂੰ ਸਾਹਨੇਵਾਲ ਦਿਹਾਤੀ ਅਤੇ ਸ੍ਰੀਮਤੀ ਰੇਖਾ ਕਪੂਰ ਨੂੰ ਮੋਗਾ ਸ਼ਹਿਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 12 ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਬਾਕੀ ਉਮੀਦਵਾਰਾਂ ਦੀ ਘੋਸ਼ਣਾ ਵੀ ਬਹੁਤ ਜਲਦੀ ਕਰ ਦਿੱਤੀ ਜਾਵੇਗੀ। ਅੌਰਤਾਂ ਸਮੇਤ ਨੌਜਵਾਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੋਹੜੀ ਤੋਂ ਪਹਿਲਾਂ 10 ਜਨਵਰੀ ਨੂੰ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ ਅਤੇ ਨਾਰੀਅਲ ਚੋਣ ਨਿਸਾਨ ’ਤੇ ਚੋਣ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਪਣੀ ਕੁਰਸੀ ਬਚਾਉਣ ਲਈ ਅਤਿਵਾਦ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੀ ਬਜਾਏ ਬਾਦਲਾਂ ਦੀ ਗੁਲਾਮੀ ਕਬੂਲ ਲਈ ਹੈ, ਜੋ ਦੇਸ਼ ਅਤੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ 35 ਹਜ਼ਾਰ ਅਤਿਵਾਦ ਪੀੜਤ ਪਰਿਵਾਰਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਪੀੜਤਾਂ ਵਿੱਚ ਹਿੰਦੂਆਂ ਸਮੇਤ ਸਿੱਖ ਅਤੇ ਹੋਰਨਾਂ ਧਰਮਾਂ ਅਤੇ ਵਰਗਾਂ ਦੇ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੇ 10 ਸਾਲਾਂ ਦੇ ਰਾਜ ਵਿੱਚ ਲੋਕਾਂ ਲਈ ਕੁੱਝ ਨਹੀਂ ਕੀਤਾ ਹੈ ਹੁਣ ਜਦੋਂ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਸਰਕਾਰ ਨੇ ਵਿਕਾਸ ਕਾਰਜਾਂ ਅਤੇ ਨੌਕਰੀਆਂ ਦੇਣ ਦੀ ਝੜੀ ਲਗਾ ਦਿੱਤੀ ਹੈ। ਉਨ੍ਹਾਂ ਰਾਜ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹ ਸਭ ਕੁੱਝ ਚੋਣ ਸਟੰਟ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਅੱਜ ਜਿਹੜੇ ਕੈਪਟਨ ਐਸਵਾਈਐਲ ਨਹਿਰ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਕੈਪਟਨ ਹਨ ਜਿਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਹਿਰ ਦੀ ਉਸਾਰੀ ਲਈ ਚਾਂਦੀ ਦੀ ਕਹੀ ਦਿੱਤੀ ਹੈ। ਇਸੇ ਤਰ੍ਹਾਂ ਸ੍ਰੀ ਕੇਜਰੀਵਾਲ ਵੀ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਜਦੋਂ ਉਹ ਪੰਜਾਬ ਵਿੱਚ ਹੁੰਦੇ ਹਨ ਤਾਂ ਪੰਜਾਬ ਦੀ ਗੱਲ ਕਰਕੇ ਲੋਕਾਂ ਦਾ ਬੁੱਧੂ ਬਣਾ ਕੇ ਚਲੇ ਜਾਂਦੇ ਹਨ ਅਤੇ ਹਰਿਆਣਾ ਵਿੱਚ ਐਂਟਰ ਹੁੰਦੇ ਹੀ ਉਹ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪਿੱਛੇ ਹੀ ਛੱਡ ਆਉਂਦੇ ਹਨ। ਪੰਜਾਬ ਕਾਂਗਰਸ ਵੱਲੋਂ ਨੌਜਵਾਨਾਂ ਨੂੰ ਲੁਭਾਉਣ ਲਈ ਨੌਕਰੀਆਂ ਦੇਣ ਲਈ ਫਾਰਮ ਭਰੇ ਜਾਣ ’ਤੇ ਤਿੱਖੀ ਪ੍ਰਕਿਰਿਆ ਪ੍ਰਗਟ ਕਰਦਿਆਂ ਸ੍ਰੀ ਗੁਪਤਾ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸੁਆਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਸਗੋਂ ਕੈਪਟਨ ਨੇ ਨੌਕਰੀਆਂ ਖੋਹੀਆਂ ਹਨ। ਇੱਥੋਂ ਤੱਕ ਕਿ ਹੁਣ ਤੱਕ ਸਰਕਾਰਾਂ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਵੀ ਦੇਣਾ ਜਰੂਰੀ ਨਹੀਂ ਸਮਝਾ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਕੈਪਟਨ ਸਾਹਿਬ ਹੁਣ ਚੋਣ ਕਾਰਨ ਲੋਕਾਂ ਵਿੱਚ ਜਾ ਰਹੇ ਹਨ ਪ੍ਰੰਤੂ ਸੱਤਾ ਹੱਥ ਲੱਗਦੇ ਹੀ ਉਨ੍ਹਾਂ ਦੇ ਦਰਸ਼ਨ ਮਹਿੰਗੇ ਹੋ ਜਾਣਗੇ। ਪਿਛਲਾ ਇਤਿਹਾਸ ਗਵਾਹ ਹੈ ਕਿ ਕੈਪਟਨ ਆਪਣੇ ਨਜ਼ਦੀਕੀ ਤਿੰਨ ਚਾਰ ਕੈਬਨਿਟ ਮੰਤਰੀਆਂ ਅਤੇ ਅਰੂਸਾ ਆਲਮ ਨੂੰ ਛੱਡ ਕੇ ਕਿਸੇ ਨੂੰ ਨਹੀਂ ਮਿਲਦੇ ਸੀ ਅਤੇ ਵਿਧਾਇਕ ਤੱਕ ਵੀ ਮਿਲਣ ਨੂੰ ਤਰਸਦੇ ਰਹੇ ਹਨ। ਲਿਹਾਜ਼ਾ ਲੋਕਾਂ ਨੂੰ ਹੁਣ ਕੈਪਟਨ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ।
ਇਸ ਮੌਕੇ ਸ਼ਿਵ ਸੈਨਾ ਮੁਹਾਲੀ ਦੇ ਪ੍ਰਧਾਨ ਗਗਨ ਸੰਧੂ, ਰਾਮ ਚੌਹਾਨ, ਨਵੇਸ਼ ਰਾਜਪੂਤ, ਵਰੁਣ ਰਾਜਪੂਤ, ਬਿਕਰਮ ਸ਼ਰਮਾ, ਹਨੀ ਸ਼ਰਮਾ, ਸੌਰਵ ਕੁਮਾਰ, ਅਨੂਪ ਸ਼ਰਮਾ ਅਤੇ ਰਿਆਤ ਐਂਡ ਬਾਹਰਾ ਕਾਲਜ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਨਵਦੀਪ ਠਾਕਰ ਤੇ ਮੀਤ ਪ੍ਰਧਾਨ ਰਾਜਬੀਨ ਗਿੱਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਸਿਵ ਸੈਨਾ ਦੇ ਕਾਰਕੁੰਨ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…