Share on Facebook Share on Twitter Share on Google+ Share on Pinterest Share on Linkedin ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਨ ਵਾਲੇ ਸ਼ਿਵ ਸੈਨਾ ਆਗੂ ਖ਼ਿਲਾਫ਼ ਕਾਰਵਾਈ ਮੰਗੀ ਦੇਗ ਤੇਗ ਫਤਹਿ ਹੈਰੀਟੇਜ਼ ਸੁਸਾਇਟੀ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਤੇ ਹੋਰਨਾਂ ਨੇ ਐਸਐਸਪੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ: ਸ਼ਿਵ ਸੈਨਾ ਆਗੂ ਵੱਲੋਂ ਗੁਰੂ ਨਾਨਕ ਦੇਵ ਜੀ ਅਤੇ ਬੇਬੇ ਨਾਨਕੀ ਦੇ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾ ਮਾਮਲਾ ਕਾਫੀ ਭਖ ਗਿਆ ਹੈ। ਦੇਗ ਤੇਗ ਫਤਹਿ ਹੈਰੀਟੇਜ਼ ਸੁਸਾਇਟੀ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਮੁਹਾਲੀ ਵਿੱਚ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ ’ਤੇ ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਕ ਪਾਸੇ ਦੁਨੀਆ ਭਰ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਖ਼ੁਦ ਨੂੰ ਸ਼ਿਵ ਸੈਨਾ ਦਾ ਆਗੂ ਦੱਸਦਿਆਂ ਇਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਉੱਤੇ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਹੀ ਘਟੀਆ ਸ਼ਬਦਾਲਵੀ ਵਰਤੀ ਜਾ ਰਹੀ ਹੈ ਅਤੇ ਭੱਦੀਆਂ ਟਿੱਪਣੀਆਂ ਕਰਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਜਾ ਰਿਹਾ ਹੈ। ਸ੍ਰੀ ਅਬਿਆਣਾ ਨੇ ਕਿਹਾ ਕਿ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਜਿੱਥੇ ਸਿੱਖ ਅਤੇ ਹਿੰਦੂ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਅਜਿਹੀਆਂ ਟਿੱਪਣੀਆਂ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖ਼ਤਰਾ ਪੈ ਹੋ ਸਕਦਾ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਜਦੋਂ ਕੋਈ ਗਰਮ ਸੁਭਾਅ ਦਾ ਸਿੱਖ ਨੌਜਵਾਨ ਗੁੱਸੇ ਵਿੱਚ ਕੁਝ ਬੋਲ ਦਿੰਦਾ ਹੈ ਤਾਂ ਉਹ ਪੁਲੀਸ ਦੀ ਰਡਾਰ ਹੇਠ ਆ ਜਾਂਦਾ ਹੈ ਅਤੇ ਪੁਲੀਸ ਸਿੱਖ ਨੌਜਵਾਨਾਂ ਪ੍ਰਤੀ ਖਾੜਕੂ ਨਜ਼ਰੀਆ ਬਣ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰੂ ਖ਼ਿਲਾਫ਼ ਟਿੱਪਣੀਆਂ ਕਰਨ ਖ਼ਿਲਾਫ਼ ਹਿੰਦੂ ਆਗੂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਿੱਖ ਆਗੂ ਨੇ ਮੌਜੂਦਾ ਸਮੇਂ ਵਿੱਚ ਸ਼ਿਵ ਸੈਨਾ ਅਤੇ ਹੋਰਨਾਂ ਹਿੰਦੂ ਆਗੂਆਂ ਨੂੰ ਵੱਡੀ ਮਾਤਰਾ ਵਿੱਚ ਮੁਹੱਈਆ ਕਰਵਾਈ ਗਈ ਪੁਲੀਸ ਸੁਰੱਖਿਆ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੇ ਆਗੂ ਪੁਲੀਸ ਦੀ ਸੁਰੱਖਿਆ ਛੱਤਰੀ ਹੇਠ ਮੌਜ਼ਾਂ ਮਾਣ ਰਹੇ ਹਨ। ਸਰਕਾਰਾਂ ਅਤੇ ਖੁਫ਼ੀਆ ਵਿੰਗ ਨੂੰ ਚਾਹੀਦਾ ਹੈ ਕਿ ਸੁਰੱਖਿਆ ਲੈਣ ਵਾਲੇ ਆਗੂਆਂ ਦੀਆਂ ਗਤੀਵਿਧੀਆਂ ਦੀ ਨਜਰਸਾਨੀ ਕੀਤੀ ਜਾਵੇ ਅਤੇ ਜੇਕਰ ਕਿਸੇ ਆਗੂ ਨੂੰ ਕੋਈ ਖ਼ਤਰਾ ਹੈ ਤਾਂ ਉਨ੍ਹਾਂ ਨੂੰ ਕਿਸੇ ਸਾਂਝੀ ਸੁਰੱਖਿਅਤ ਥਾਂ ’ਤੇ ਰੱਖਿਆ ਜਾਵੇ ਅਤੇ ਗੰਨਮੈਨ ਵਾਪਸ ਲੈ ਕੇ ਲੋੜ ਅਨੁਸਾਰ ਜਿੱਥੇ ਪੁਲੀਸ ਨਫਰੀ ਦੀ ਘਾਟ ਹੈ, ਉਨ੍ਹਾਂ ਥਾਣਿਆਂ ਵਿੱਚ ਤਾਇਨਾਤ ਕੀਤਾ ਜਾਵੇ। ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰੇਗੀ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਸ ਆਗੂ ਨੇ ਗੁਰੂ ਸਾਹਿਬਾਨ ਖ਼ਿਲਾਫ਼ ਕਿੱਥੇ ਕੋਈ ਭੱਦੀ ਟਿੱਪਣੀ ਕੀਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਸਬੰਧਤ ਥਾਣੇ ਨੂੰ ਕੇਸ ਤਬਦੀਲ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ