ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਸ਼ਿਵ ਸੈਨਾ ਆਗੂਆਂ ਨੂੰ ਰੋਪੜ ਜੇਲ੍ਹ ਭੇਜਿਆ

ਖਰੜ ਪੁਲੀਸ ਨੇ ਭੜਕਾਊ ਭਾਸ਼ਣ ਦੀ ਵੀਡੀਓ ਵਾਇਰਲ ਹੋਣ ’ਤੇ ਦਰਜ ਕੀਤਾ ਸੀ 36 ਜਣਿਆਂਵਿਰੁੱਧ ਕੇਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਬੀਤੇ ਕੱਲ ਖਰੜ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਿਵ ਸੈਨਾ (ਹਿੰਦ) ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਾਸੀ ਖਰੜ ਅਤੇ ਪਾਰਟੀ ਆਗੂ ਅਰਵਿੰਦ ਗੌਤਮ ਵਾਸੀ ਮੁਹਾਲੀ ਨੂੰ ਅੱਜ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਆਗੂਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਰੋਪੜ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਹਿੰਦੂ ਆਗੂਆਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।
ਖਰੜ ਪੁਲੀਸ ਵੱਲੋਂ ਕੱਟੜ ਹਿੰਦੂਵਾਦੀ ਨੇਤਾ ਅਤੇ ਸ਼ਿਵ ਸੈਨਾ (ਹਿੰਦ) ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵੱਲੋਂ ਜਲੰਧਰ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਨਿਹੰਗ ਸਿੰਘਾਂ ਦੇ ਖ਼ਿਲਾਫ਼ ਭੜਕਾਊ ਭਾਸ਼ਣ ਦੀ ਵੀਡੀਓ ਵਾਇਰਲ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਨਿਸ਼ਾਨ ਸ਼ਰਮਾ ਸਮੇਤ ਸ਼ਿਵ ਸੈਨਾ (ਹਿੰਦ) ਦੇ 36 ਕਾਰਕੁੰਨਾਂ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਧਾਰਾ 295ਏ, 298, 153ਏ, 153ਬੀ, 505, 149, 124ਏ, 120ਬੀ ਤਹਿਤ ਅਪਰਾਧਿਕ ਪਰਚਾ ਦਰਜ ਕੀਤਾ ਗਿਆ। ਪੁਲੀਸ ਨੇ ਬੀਤੇ ਕੱਲ੍ਹ ਹੀ ਨਿਸ਼ਾਂਤ ਸ਼ਰਮਾ ਅਤੇ ਅਰਵਿੰਦ ਗੌਤਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਕੀ ਫਰਾਰ ਕਾਰਕੁਨਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਿਸ਼ਾਂਤ ਸ਼ਰਮਾ ਦੇ ਖ਼ਿਲਾਫ਼ ਵਾਇਰਲ ਹੋਈ ਵੀਡੀਓ, ਭੜਕਾਊ ਭਾਸ਼ਣ ਦੇਣ, ਵਿਸ਼ੇਸ਼ ਵਰਗ ਨੂੰ ਬਦਨਾਮ ਕਰਨ ਅਤੇ ਦੇਸ਼ ਦੀ ਅਖੰਡਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਭੰਗ ਕਰ ਕੇ ਅਰਾਜਕਤਾ ਦਾ ਮਾਹੌਲ ਪੈਦਾ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਦੰਗੇ ਭੜਕਾਉਣ ਵਰਗਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਖਰੜ ਦੇ ਐਸਐਚਓ ਦਲਜੀਤ ਸਿੰਘ ਗਿੱਲ ਦੀ ਸ਼ਿਕਾਇਤ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਹੈ।
ਖਰੜ ਸਰਕਲ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਐਸਐਚਓ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡਿਊਟੀ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਲਿੱਪ ਦੇਖੀ ਗਈ ਸੀ। ਜਿਸ ਵਿੱਚ ਸ਼ਿਵ ਸੈਨਾ (ਹਿੰਦ) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਭੜਕਾਊ ਭਾਸ਼ਣ ਦੇ ਰਹੇ ਸਨ। ਪੁਲੀਸ ਅਨੁਸਾਰ ਇਸ ਵੀਡੀਓ ਵਿੱਚ ਦੰਗੇ ਭੜਕਾਉਣ ਅਤੇ ਇਕ ਵਿਸ਼ੇਸ਼ ਵਰਗ ਨੂੰ ਨਿਸ਼ਾਨਾ ਬਣਾ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੇ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਮਾਮਲੇ ਵਿੱਚ ਨਿਸ਼ਾਂਤ ਸ਼ਰਮਾ ਸਮੇਤ ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਹੋਰਨਾਂ ਆਗੂਆਂ ਅਮਿਤ ਘਈ, ਇਸ਼ਾਂਤ ਸ਼ਰਮਾ, ਅਰਵਿੰਦ ਗੌਤਮ, ਭਾਰਤੀ ਅੰਗਰਾ, ਰਵੀ ਸ਼ਰਮਾ, ਸੁੰਦਰ ਰਾਠੌਰ, ਰਾਹੁਲ ਦੁਆ, ਸ਼ਿਵਾ ਜੋਸ਼ੀ, ਹਰਕੀਰਤ ਖੁਰਾਣਾ, ਜਤੇਂਦਰ ਛਾਬੜਾ, ਸੁੰਦਰ ਸ਼ਰਮਾ, ਅਰਜੁਨ ਗੁਪਤਾ, ਗੌਤਮ ਸ਼ਰਮਾ, ਅਜੈ ਸ਼ਰਮਾ, ਅਸ਼ੋਕ ਕੁਮਾਰ ਪਾਸੀ, ਜਗਸੀਰ ਸਿੰਘ, ਕੇਵਲ ਕ੍ਰਿਸ਼ਨ, ਸ਼ਿਵਦੱਤ ਢੀਂਗਰਾ, ਸੰਜੇ ਕੁਮਾਰੀਆ, ਰਾਹੁਲ ਸਹਿਦੇਵ, ਕਾਲਾ ਭਾਦੀ, ਬੰਟੀ ਜੋਗੀ, ਸੋਨੂੰ ਰਾਣਾ, ਸੰਦੀਪ ਬਾਵਾ, ਸੰਦੀਪ ਵਰਮਾ, ਜੋਗਿੰਦਰ ਪਾਲ, ਸੁਭਾਸ਼ ਮਹਾਜਨ, ਸੁੰਦਰ ਸ਼ਰਮਾ, ਸੰਦੀਪ ਸ਼ਰਮਾ, ਸੋਨੂੰ ਸਿੰਘ, ਅਮਿਤ ਪੁੰਜਰ, ਅਸ਼ੋਕ ਸ਼ਰਮਾ, ਰਾਜਿੰਦਰ ਧਾਲੀਵਾਲ ਅਤੇ ਰਾਹੁਲ ਮਨਚੰਦਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …