Nabaz-e-punjab.com

ਸ਼ਿਵ ਸੈਨਾ ਤੇ ਸਾਧੂਆਂ ਵੱਲੋਂ ਕੈਬਨਿਟ ਮੰਤਰੀ ਸਿੱਧੂ ’ਤੇ ਮੌਜੂਦਾ ਮਹੰਤ ਤੇ ਸਾਧੂਆਂ ਨੂੰ ਡੇਰੇ ’ਚੋਂ ਖਦੇੜਨ ਦਾ ਦੋਸ਼

ਮੰਤਰੀ ਦੀ ਮੌਜੂਦਗੀ ਵਿੱਚ ਪੁਲੀਸ ਨੇ ਸਾਧੂਆਂ ਨੂੰ ਭਜਾਇਆ, ਕਈ ਸਾਧੂਆਂ ਨੂੰ ਸੱਟਾਂ ਲੱਗੀਆਂ, ਦੋ ਸਾਧੂ ਭੇਦਭਰੀ ਹਾਲਤ ’ਚ ਲਾਪਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਮੁਹਾਲੀ ਨੇੜਲੇ ਪਿੰਡ ਕੰਬਾਲੀ ਵਿੱਚ ਡੇਰੇ ਦੇ ਗੱਦੀ ਨਸ਼ੀਨ ਮਹੰਤ ਅਮਰਪੁਰੀ ਸੰਤ ਦੀ ਮੌਤ ਤੋਂ ਬਾਅਦ ਡੇਰੇ ਦੇ ਪ੍ਰਬੰਧ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਸ਼ਿਵ ਸੈਨਾ ਕਾਰਕੁਨਾਂ ਅਤੇ ਕਾਫੀ ਸਾਧੂਆਂ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪੁਲੀਸ ਨੂੰ ਇਸ਼ਾਰਾ ਕਰਕੇ ਮੌਜੂਦਾ ਮਹੰਤ ਅਤੇ ਹੋਰਨਾਂ ਸਾਧੂਆਂ ਨੂੰ ਡੇਰੇ ’ਚੋਂ ਜ਼ਬਰਦਸਤੀ ਖਦੇੜਿਆਂ ਗਿਆ ਹੈ ਅਤੇ ਡੇਰੇ ਦੀ ਜ਼ਮੀਨ ਦਾ ਕਬਜ਼ਾ ਗਰਾਮ ਪੰਚਾਇਤ ਨੂੰ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਧਰ, ਕੈਬਨਿਟ ਮੰਤਰੀ ਅਤੇ ਗਰਾਮ ਪੰਚਾਇਤ ਨੇ ਸ਼ਿਵ ਸੈਨਾ ਅਤੇ ਸਾਧੂਆਂ ਨੇ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ ਹੈ।
ਅੱਜ ਇੱਥੇ ਮਹੰਤ ਕਸ਼ਮੀਰ ਗਿਰੀ ਅਤੇ ਹੋਰ ਸਾਧੂਆਂ ਨੇ ਕਿਹਾ ਕਿ ਪਿੰਡ ਕੰਬਾਲੀ ਵਿੱਚ 1976 ਤੋਂ ਚੱਲ ਰਹੇ ਡੇਰੇ ਦੀ ਜ਼ਮੀਨ ਗਰਾਮ ਪੰਚਾਇਤ ਨੇ ਮਹੰਤ ਗੁਰੂ ਭਗਵਾਨ ਦਾਸ ਨੂੰ ਦਾਨ ਕੀਤੀ ਸੀ। ਜਿਨ੍ਹਾਂ ਵੱਲੋਂ ਡੇਰੇ ਵਿੱਚ ਸੇਵਾ ਕੀਤੀ ਜਾ ਰਹੀ ਸੀ। ਡੇਰੇ ਦੀ ਰਜਿਸਟਰੀ, ਬਿਜਲੀ ਮੀਟਰ ਅਤੇ ਹੋਰ ਦਸਤਾਵੇਜ਼ ਗੁਰੂ ਭਗਵਾਨ ਦਾਸ ਦੇ ਨਾਂ ’ਤੇ ਹਨ। ਮਹੰਤ ਭਗਵਾਨ ਦਾਸ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਗੱਦੀ ਸੰਤ ਅਮਰਪੁਰੀ ਨੂੰ ਦਿੱਤੀ ਗਈ ਸੀ। ਜਿਨ੍ਹਾਂ ਨੇ 11 ਜੁਲਾਈ ਨੂੰ ਦੇਹ ਤਿਆਗ ਦਿੱਤੀ ਗਈ ਅਤੇ ਉਨ੍ਹਾਂ ਦੀ ਪੂਰੇ ਰੀਤੀ ਰਿਵਾਜਾਂ ਨਾਲ ਸਮਾਧ ਤੇ ਪੂਜਾ ਪਾਠ ਕਰਵਾਏ ਜਾਣ ਮਗਰੋਂ ਬੀਤੇ ਦਿਨੀਂ ਡੇਰੇ ਦੀ ਸੇਵਾ ਲਈ ਨਵਾਂ ਗੱਦੀ ਨਸ਼ੀਨ ਥਾਪਣ ਲਈ ਰਸਮਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਐਨੇ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉੱਥੇ ਪਹੁੰਚ ਗਏ ਅਤੇ ਸਾਧੂਆਂ ਨੂੰ ਡੇਰਾ ਛੱਡ ਕੇ ਜਾਣ ਲਈ ਆਖਿਆ ਗਿਆ। ਜਦੋਂ ਡੇਰੇ ਦੇ ਹੋਰ ਮਹੰਤਾਂ ਨੇ ਡੇਰਾ ਖਾਲੀ ਕਰਨ ਦਾ ਕਾਰਨ ਪੁੱਛਿਆ ਤਾਂ ਮੰਤਰੀ ਦਾ ਕਹਿਣਾ ਸੀ ਕਿ ਡੇਰੇ ਦੀ ਜ਼ਮੀਨ ਗਰਾਮ ਪੰਚਾਇਤ ਦੀ ਹੈ ਅਤੇ ਹੁਣ ਡੇਰੇ ਦੀ ਦੇਖਭਾਲ ਪੰਚਾਇਤ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਪੁਲੀਸ ’ਤੇ ਸਾਧੂਆਂ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਈ ਸਾਧੂਆਂ ਨੂੰ ਪੁਲੀਸ ਆਪਣੇ ਵਾਹਨ ਵਿੱਚ ਬਿਠਾ ਕੇ ਥਾਣੇ ਲੈ ਗਈ ਸੀ। ਜਿਨ੍ਹਾਂ ’ਚੋਂ ਦੋ ਸਾਧੂ ਭੇਦਭਰੀ ਹਾਲਤ ਵਿੱਚ ਲਾਪਤਾ ਹਨ। ਜਦੋਂਕਿ ਕਈ ਜ਼ਖ਼ਮੀ ਹੋ ਗਏ।
ਸ਼ਿਵ ਸੈਨਾ ਆਗੂ ਸੰਜੀਵ ਘਨੌਲੀ ਤੇ ਹੋਰ ਹਿੰਦੂ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨਿੱਜੀ ਦਖ਼ਲ ਦੇਣ ਦੇ ਕੇ ਇਸ ਮਸਲੇ ਦਾ ਹੱਲ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਸਾਧੂਆਂ ਨੂੰ ਜ਼ਬਰਦਸਤੀ ਡੇਰੇ ’ਚੋਂ ਖਦੇੜਿਆ ਗਿਆ ਅਤੇ ਡੇਰੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਭਰ ਵਿੱਚ ਹਿੰਦੂ ਸੰਗਠਨਾਂ ਵੱਲੋਂ ਵੱਡੇ ਪੱਧਰ ’ਤੇ ਰੋਸ ਵਿਖਾਵੇ ਕੀਤੇ ਜਾਣਗੇ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡੇਰੇ ’ਚੋਂ ਸਾਧੂਆਂ ਨੂੰ ਖਦੇੜਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਇਸ ਵਿਵਾਦ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਡੇਰਾ ਪੰਚਾਇਤੀ ਜ਼ਮੀਨ ਵਿੱਚ ਬਣਿਆ ਹੋਇਆ ਹੈ। ਇਹ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਵਿਅਕਤੀ ਨੂੰ ਸੇਵਾ ਸੰਭਾਲਣਗੇ। ਉਨ੍ਹਾਂ ਆਪਣੀ ਮੌਜੂਦਗੀ ਬਾਰੇ ਸਪੱਸ਼ਟ ਕੀਤਾ ਕਿ ਉਹ ਹਰੇਕ ਸਾਲ ਉਕਤ ਡੇਰੇ ਵਿੱਚ ਜਾਂਦੇ ਹਨ ਅਤੇ ਵਿਵਾਦ ਵਾਲੇ ਦਿਨ ਵੀ ਭੰਡਾਰੇ ਵਿੱਚ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਗਏ ਸਨ।
(ਬਾਕਸ ਆਈਟਮ)
ਪਿੰਡ ਕੰਬਾਲੀ ਦੇ ਸਰਪੰਚ ਬੂਟਾ ਸਿੰਘ ਅਤੇ ਸਤਪਾਲ ਸ਼ਰਮਾ ਅਤੇ ਹੋਰਨਾਂ ਨੇ ਸ਼ਿਵ ਸੈਨਾ ਅਤੇ ਸਾਧੂਆਂ ’ਤੇ ਦੋਸ਼ ਲਾਇਆ ਕਿ ਉਹ ਸਾਜ਼ਿਸ਼ ਦੇ ਤਹਿਤ ਉਕਤ ਜ਼ਮੀਨ ’ਤੇ ਪੱਕਾ ਕਬਜ਼ਾ ਕਰਨਾ ਚਾਹੁੰਦੇ ਹਨ। ਸਰਪੰਚ ਨੇ ਦੱਸਿਆ ਕਿ ਪੰਚਾਇਤ ਦੀ ਕਰੀਬ 7 ਕਨਾਲ 4 ਮਰਲੇ ਜ਼ਮੀਨ ਵਿੱਚ ਕਾਫੀ ਅਰਸਾ ਪਹਿਲਾਂ ਸ਼ਿਵ ਮੰਦਰ ਬਣਾਇਆ ਗਿਆ ਸੀ ਅਤੇ ਸਾਂਝਾ ਮਤਾ ਪਾ ਕੇ ਪਿੰਡ ਵਾਸੀਆਂ ਨੇ ਇਕ ਬ੍ਰਹਮਚਾਰੀ ਨੂੰ ਸੇਵਾ ਦਾ ਜ਼ਿੰਮਾ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਨੇ ਕਾਫੀ ਸਮਾਂ ਇੱਥੇ ਸੇਵਾ ਕੀਤੀ ਹੈ ਪ੍ਰੰਤੂ ਜਦੋਂ ਉਹ ਬਿਮਾਰ ਹੋਏ ਤਾਂ ਬ੍ਰਹਮਚਾਰੀ ਨੇ ਖ਼ੁਦ ਗਰਾਮ ਪੰਚਾਇਤ ਨੂੰ ਮੰਦਰ ਦੀ ਸੇਵਾ ਲਈ 11 ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀ। ਇਸ ਕਮੇਟੀ ਵਿੱਚ ਨੰਬਰਦਾਰ ਸਮੇਤ ਹੋਰ ਮੋਹਤਬਰ ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਸਿਵ ਸੈਨਿਕ ਅਤੇ ਸਾਧੂ ਧੱਕੇ ਨਾਲ ਮੰਦਰ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…