ਖ਼ਾਕੀ ’ਤੇ ਲੱਗਿਆ ਦਾਗ: ਮੁੱਖ ਮੰਤਰੀ ਦੀ ਵੀਆਈਪੀ ਡਿਊਟੀ ’ਤੇ ਤਾਇਨਾਤ ਐਸਐਚਓ ਤੇ ਗੰਨਮੈਨ ਰਿਸ਼ਵਤ ਲੈਂਦੇ ਕਾਬੂ

ਰੇਤੇ ਦਾ ਟਿੱਪਰ ਛੱਡਣ ਬਦਲੇ ਰਿਸ਼ਵਤ ਦੀ ਬਕਾਇਆ ਰਾਸ਼ੀ ਲੈਣ ਲਈ ਟਿੱਪਰਾ ਚਾਲਕਾਂ ਨੂੰ ਕਰ ਰਹੇ ਤੰਗ ਪ੍ਰੇਸ਼ਾਨ

ਪੀੜਤ ਟਿੱਪਰ ਚਾਲਕ ਨੇ ਦਿੱਤੀ ਵਿਜੀਲੈਂਸ ਨੂੰ ਸ਼ਿਕਾਇਤ, ਮੁੱਖ ਮੰਤਰੀ ਦੇ ਸਮਾਗਮ ’ਚੋਂ ਕਾਬੂ ਕੀਤਾ ਥਾਣੇਦਾਰ ਤੇ ਗੰਨਮੈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਖਰੜ ਲੁਧਿਆਣਾ ਹਾਈਵੇਅ ’ਤੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ‘ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਕਨਫੈਡਰੇਸ਼ਨ ਆਫ਼ ਨਿਊਜ਼ ਪੇਪਰਜ਼ ਐਂਡ ਨਿਊਜ਼ ਏਜੰਸੀਜ਼ ਐਂਪਲਾਈਜ਼ ਆਰਗੇਨਾਈਜ਼ੇਸ਼ਨ ਵੱਲੋਂ ਕਰਵਾਈ ਗਈ ਕੌਮੀ ਮੀਟ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਸਬੰਧੀ ਵੀਆਈਵੀ ਡਿਊਟੀ ’ਤੇ ਤਾਇਨਾਤ ਘੜੂੰਆਂ ਥਾਣੇ ਦੇ ਐਸਐਚਓ ਸਾਹਿਬ ਸਿੰਘ ਅਤੇ ਉਸ ਦੇ ਡਰਾਈਵਰ ਹੌਲਦਾਰ ਰਛਪਾਲ ਸਿੰਘ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਨੂੰ ਮੁਹਾਲੀ ਵਿਜੀਲੈਂਸ ਦੇ ਡੀਐਸਪੀ ਤੇਜਿੰਦਰ ਸਿੰਘ ਸੰਧੂ ਅਤੇ ਸੀਨੀਅਰ ਇੰਸਪੈਕਟਰ ਸਤਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਇਸ ਸਬੰਧੀ ਸਥਾਨਕ ਸੈਕਟਰ-71 ਦੇ ਵਸਨੀਕ ਜਰਨੈਲ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਮੁਲਜ਼ਮ ਥਾਣੇਦਾਰ ਅਤੇ ਹੌਲਦਾਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਐਤਵਾਰ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਘੜੂੰਆਂ ਪੁਲੀਸ ਨੇ ਇੱਕ ਰੇਤੇ ਨਾਲ ਭਰਿਆ ਟਿੱਪਰ ਕਾਬੂ ਕੀਤਾ ਗਿਆ ਸੀ। ਚਾਲਕ ਕੋਲ ਲੋੜੀਂਦੇ ਦਸਤਾਵੇਜ਼ ਪੁਰੇ ਨਾ ਹੋਣ ਕਾਰਨ ਥਾਣੇਦਾਰ ਸਾਹਿਬ ਸਿੰਘ ਨੇ ਟਿੱਪਰ ਨੂੰ ਥਾਣੇ ਲਿਆ ਕੇ ਖੜਾ ਕਰ ਦਿੱਤਾ ਅਤੇ ਟਿੱਪਰ ਛੱਡਣ ਬਦਲੇ ਚਾਲਕ ਤੋਂ ਕਥਿਤ ਤੌਰ ’ਤੇ 10 ਹਜ਼ਾਰ ਰੁਪਏ ਰਿਸ਼ਵਤ ਦੇਣ ਦੀ ਮੰਗ ਕੀਤੀ ਗਈ। ਚਾਲਕ ਨੇ ਪੁਲੀਸ ਨੂੰ ਦੱਸਿਆ ਕਿ ਉਸ ਕੋਲ ਸਿਰਫ਼ 7 ਹਜ਼ਾਰ ਰੁਪਏ ਹਨ। ਹਾਲਾਂਕਿ ਚਾਲਕ ਨੇ ਪੁਲੀਸ ਨੂੰ ਮੌਕੇ ’ਤੇ ਹੀ ਆਪਣੀ ਜੇਬ ’ਚੋਂ 7 ਹਜ਼ਾਰ ਰੁਪਏ ਦੇ ਦਿੱਤੇ ਸੀ ਲੇਕਿਨ ਮੁਲਜ਼ਮ ਥਾਣੇਦਾਰ ਚਾਲਕ ਨੂੰ ਰਿਸ਼ਵਤ ਦੀ ਬਕਾਇਆ ਰਾਸ਼ੀ 3 ਹਜ਼ਾਰ ਰੁਪਏ ਜਲਦੀ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਪੁਲੀਸ ਲਗਾਤਾਰ ਚਾਲਕ ਨੂੰ ਫੋਨ ਕਰਕੇ ਪੈਸਿਆਂ ਦਾ ਬੰਦੋਬਸਤ ਕਰਨ ਲਈ ਧਮਕਾ ਰਹੇ ਸੀ। ਜਿਸ ਕਾਰਨ ਪੁਲੀਸ ਵਧੀਕੀਆਂ ਤੋਂ ਤੰਗ ਆਏ ਚਾਲਕ ਨੇ ਪੁਲੀਸ ਨੂੰ ਪੈਸਿਆਂ ਦਾ ਜੁਗਾੜ ਦਾ ਬਹਾਨਾ ਲਗਾ ਕੇ ਸਿੱਧਾ ਮੁਹਾਲੀ ਵਿਜੀਲੈਂਸ ਬਿਊਰੋ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਅਤੇ ਵਿਜੀਲੈਂਸ ਨੂੰ ਸਾਰੀ ਗੱਲ ਦੱਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰੀ ਸੁਰੱਖਿਆ ਅਤੇ ਮੁੱਖ ਮੰਤਰੀ ਦੀ ਆਮਦ ਦੇ ਬਾਵਜੂਦ ਥਾਣੇਦਾਰ ਨੇ ਰਿਸ਼ਵਤ ਦੀ ਬਕਾਇਆ ਰਕਮ 3 ਹਜ਼ਾਰ ਲੈਣ ਲਈ ਟਿੱਪਰ ਚਾਲਕ ਨੂੰ ਵਰਸਿਟੀ ਕੰਪਲੈਕਸ ਵਿੱਚ ਹੀ ਸੱਦ ਲਿਆ। ਜਿੱਥੇ ਵਿਜੀਲੈਂਸ ਦੀ ਟੀਮ ਨੇ ਮੁੱਖ ਮੰਤਰੀ ਦੇ ਆਉਣ ਤੋਂ ਮਹਿਜ਼ 10 ਮਿੰਟ ਪਹਿਲਾਂ ਐਸਐਚਓ ਸਾਹਿਬ ਸਿੰਘ ਅਤੇ ਉਸ ਦੇ ਗੰਨਮੈਨ ਨੂੰ ਕਾਬੂ ਕੀਤਾ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …