Share on Facebook Share on Twitter Share on Google+ Share on Pinterest Share on Linkedin ਗੈਂਗਸਟਰਾਂ ਨਾਲ ਮੁਕਾਬਲਾ ਕਰਨ ਵਾਲੇ ਐਸਐਚਓ ਤੇ ਹੌਲਦਾਰ ਸਮੇਤ ਪੂਰੀ ਟੀਮ ਮਿਲੇਗਾ ਬਹਾਦਰੀ ਪੁਰਸਕਾਰ ਐਸਐਸਪੀ ਰਾਹੀਂ ਡੀਜੀਪੀ ਤੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਸਿਫ਼ਾਰਸ਼, ਆਈਜੀ ਸਾਹਿਬ ਦੇਣਗੇ ਵਿਸ਼ੇਸ਼ ਪ੍ਰਸੰਸਾ ਪੱਤਰ ਅਦਾਲਤ ’ਚੋਂ ਪ੍ਰੋਡਕਸ਼ਨ ਵਰੰਟ ਲੈ ਕੇ ਮੁਹਾਲੀ ਲਿਆਂਦੇ ਜਾਣਗੇ ਚਾਰੇ ਗੈਂਗਸਟਰ: ਐਸਪੀ ਵਿਰਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ: ਗੁਆਂਢੀ ਸੂਬਾ ਹਰਿਆਣਾ ਵਿੱਚ ਗੈਂਗਸਟਰਾਂ ਨਾਲ ਮੁਕਾਬਲਾ ਕਰਨ ਵਾਲੇ ਮੁਹਾਲੀ ਦੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ, ਜ਼ਖ਼ਮੀ ਹੌਲਦਾਰ ਰਸ਼ਪ੍ਰੀਤ ਸਿੰਘ ਸਮੇਤ ਸਮੁੱਚੀ ਟੀਮ ਨੂੰ ਬਹਾਦਰੀ ਪੁਰਸਕਾਰ ਦੇ ਕੇ ਨਿਵਾਜਿਆ ਜਾਵੇਗਾ। ਇਸ ਸਬੰਧੀ ਐਸਐਸਪੀ ਕੁਲਦੀਪ ਸਿੰਘ ਚਾਹਲ ਵੱਲੋਂ ਡੀਜੀਪੀ ਰਾਹੀਂ ਸਰਕਾਰ ਨੂੰ ਬਹਾਦਰੀ ਪੁਰਸਕਾਰ ਅਤੇ ਤਰੱਕੀ ਦੇਣ ਲਈ ਸਿਫ਼ਾਰਸ਼ ਭੇਜੀ ਜਾਵੇਗੀ। ਜਾਣਕਾਰੀ ਅਨੁਸਾਰ ਇੱਥੋਂ ਦੇ ਫੇਜ਼-9 ਵਿੱਚ ਬੀਤੀ 11 ਮਾਰਚ ਨੂੰ ਲੋਕਾਂ ਦੇ ਘਰਾਂ ਵਿੱਚ ਦੁੱਧ ਸਪਲਾਈ ਕਰਨ ਵਾਲੇ ਦੋਧੀ ਕਮਲਪ੍ਰੀਤ ਸਿੰਘ ਵਾਸੀ ਪਿੰਡ ਚਾਚੂਮਾਜਰਾ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਸਬੰਧੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਦੀ ਅਗਵਾਈ ਹੇਠ ਮੁਹਾਲੀ ਪੁਲੀਸ ਦੀ 10 ਮੈਂਬਰੀ ਟੀਮ ਗੁਪਤ ਸੂਚਨਾ ’ਤੇ ਗੈਂਗਸਟਰਾਂ ਨੂੰ ਫੜਨ ਪਿੰਡ ਕੋਟ ਬਿੱਲਾ (ਹਰਿਆਣਾ) ਗਈ ਸੀ। ਜਿੱਥੇ ਗੈਂਗਸਟਰਾਂ ਨੇ ਆਤਮ ਸਮਰਪਣ ਕਰਨ ਦੀ ਥਾਂ ਉਲਟਾ ਮੁਹਾਲੀ ਪੁਲੀਸ ਦੀ ਟੀਮ ’ਤੇ ਫਾਇਰਿੰਗ ਕਰ ਦਿੱਤੀ। ਦੁਵੱਲਿਓਂ ਗੋਲੀਬਾਰੀ ਦੌਰਾਨ ਗੈਂਗਸਟਰ ਹੱਥੋਂ ਚੱਲੀ ਗੋਲੀ ਨਾਲ ਹੌਲਦਾਰ ਰਸ਼ਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਹੋ ਗਿਆ। ਹੌਲਦਾਰ ਦੀ ਖੱਬੀ ਲੱਤ ਵਿੱਚ ਗੋਲੀ ਲੱਗ ਕੇ ਆਰ-ਪਾਰ ਹੋ ਗਈ। ਉਸ ਨੂੰ ਸੈਕਟਰ-32,ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਮੁਖੀ ਰਜਨੀਸ਼ ਚੌਧਰੀ ਅਤੇ ਜ਼ਖ਼ਮੀ ਹੌਲਦਾਰ ਰਸ਼ਪ੍ਰੀਤ ਸਿੰਘ ਸਮੇਤ ਸਮੁੱਚੀ ਛਾਪਾਮਾਰ ਟੀਮ ਨੂੰ ਬਹਾਦਰੀ ਪੁਰਸਕਾਰ ਦੇ ਕੇ ਨਿਵਾਜਿਆ ਜਾਵੇਗਾ। ਇਸ ਸਬੰਧੀ ਜਲਦੀ ਹੀ ਐਸਐਸਪੀ ਰਾਹੀਂ ਡੀਜੀਪੀ ਅਤੇ ਪੰਜਾਬ ਸਰਕਾਰ ਨੂੰ ਉਕਤ ਟੀਮ ਨੂੰ ਬਹਾਦਰੀ ਪੁਰਸਕਾਰ ਅਤੇ ਨਿਯਮਾਂ ਤਹਿਤ ਤਰੱਕੀ ਦੇਣ ਲਈ ਸਿਫ਼ਾਰਸ਼ ਭੇਜੀ ਜਾਵੇਗੀ। ਉਂਜ ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਅੌਲਖ ਤੋਂ ਗੈਂਗਸਟਰਾਂ ਨੂੰ ਫੜਨ ਗਈ ਟੀਮ ਵਿੱਚ ਸ਼ਾਮਲ ਪੁਲੀਸ ਮੁਲਾਜ਼ਮਾਂ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦਿਵਾਏ ਜਾਣਗੇ। ਸ੍ਰੀ ਵਿਰਕ ਨੇ ਕਿਹਾ ਕਿ ਸੂਬੇ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲੀਸ ਨੇ ਹਮੇਸ਼ਾ ਹੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਪੁਲੀਸ ਮੁਲਾਜ਼ਮ ਸਖ਼ਤ ਡਿਊਟੀ ਦੇ ਰਹੇ ਹਨ। ਜਿਨ੍ਹਾਂ ’ਚੋਂ ਜ਼ਿਆਦਾਤਰ ਅਫ਼ਸਰ ਅਤੇ ਕਰਮਚਾਰੀ ਅਜਿਹੇ ਹਨ, ਜਿਹੜੇ ਕਾਫੀ ਦਿਨਾਂ ਤੋਂ ਆਪਣੇ ਘਰ ਵੀ ਨਹੀਂ ਗਏ ਹਨ। ਇਸ ਤੋਂ ਪਹਿਲਾਂ ਖਾੜਕੂ ਲਹਿਰ ਦੌਰਾਨ ਵੀ ਪੰਜਾਬ ਪੁਲੀਸ ਨੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਤਾਜ਼ਾ ਘਟਨਾ ਦੌਰਾਨ ਹਾਲਾਂਕਿ ਹੌਲਦਾਰ ਰਸ਼ਪ੍ਰੀਤ ਸਿੰਘ ਦੇ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਖੂੰਖਾਰ ਗੈਂਗਸਟਰ ਹਰਸਿਮਰਨ ਸਿੰਘ ਉਰਫ਼ ਸਿੰਮੂ ਵਾਸੀ ਪਿੰਡ ਨਬੀਪੁਰ (ਅੰਬਾਲਾ) ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਜਦੋਂਕਿ ਬਾਕੀ ਤਿੰਨ ਗੈਂਗਸਟਰਾਂ ਧਰੂਵ ਮੋਹਨ ਗਰਗ ਵਾਸੀ ਗਾਜ਼ਿਆਬਾਦ (ਯੂਪੀ), ਗੁਰਚਰਨ ਸਿੰਘ ਉਰਫ਼ ਗੂਨਾ ਵਾਸੀ ਪਿੰਡ ਰਾਏਪੁਰ ਰਾਣੀ (ਪੰਚਕੂਲਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸੈਦਪੁਰ (ਡੇਰਾਬੱਸੀ) ਨੂੰ ਥਾਣਾ ਮੁਖੀ ਨੇ ਕਾਬੂ ਕੀਤਾ ਗਿਆ। ਇਨ੍ਹਾਂ ਗੈਂਗਸਟਰਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਪਹਿਲਾਂ ਹੀ ਦੋਧੀ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹੈ। ਫਿਲਹਾਲ ਇਹ ਚਾਰੋ ਗੈਂਗਸਟਰ ਪੰਚਕੂਲਾ ਪੁਲੀਸ ਦੀ ਹਿਰਾਸਤ ਵਿੱਚ ਹਨ। ਮੁਹਾਲੀ ਪੁਲੀਸ ਦੀ ਟੀਮ ’ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੇ ਖ਼ਿਲਾਫ਼ ਚੰਡੀਮੰਦਰ ਥਾਣੇ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਮੁਹਾਲੀ ਲਿਆਂਦਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ