
ਆਜ਼ਾਦ ਗਰੁੱਪ ਨੂੰ ਝਟਕਾ: ਅਕਾਲੀ ਦਲ ਦੇ ਦੋ ਬਾਗੀ ਉਮੀਦਵਾਰਾਂ ਦੀ ਮੁੜ ਘਰ ਵਾਪਸੀ
ਆਜ਼ਾਦ ਗਰੁੱਪ ਦੇ ਹੋਰ ਉਮੀਦਵਾਰ ਵੀ ਜਲਦੀ ਹੋਣਗੇ ਅਕਾਲੀ ਦਲ ਵਿੱਚ ਸ਼ਾਮਲ: ਬਰਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਦੁਬਾਰਾ ਘਰ ਵਾਪਸੀ ਕਰ ਲਈ ਹੈ। ਅੱਜ ਉਨ੍ਹਾਂ ਨੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਘਰ ਪਹੁੰਚ ਕੇ ਤੱਕੜੀ ਚੋਣ ਨਿਸ਼ਾਨ ਉੱਤੇ ਚੋਣ ਲੜਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਵੀ ਆਜ਼ਾਦ ਗਰੁੱਪ ਨੂੰ ਛੱਡ ਕੇ ਵਾਪਸ ਪਾਰਟੀ ਵਿੱਚ ਪਰਤ ਚੁੱਕੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਮੁਹਾਲੀ ਜ਼ਿਲ੍ਹੇ ਦੇ ਸਹਾਇਕ ਅਬਜ਼ਰਵਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸ੍ਰੀ ਸੋਹਲ ਅਤੇ ਬੀਬੀ ਕੰਗ ਦੇ ਵਾਪਸ ਆਉਣ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਆਜ਼ਾਦ ਗਰੁੱਪ ਦੇ ਕਈ ਹੋਰ ਉਮੀਦਵਾਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਵਿੱਚ ਹੁਣ ਤੱਕ ਜਿੰਨੇ ਵੀ ਉਮੀਦਵਾਰ ਗਏ ਹਨ, ਉਨ੍ਹਾਂ ਵਿੱਚ ਬਹੁਤ ਸਾਰੇ ਅਕਾਲੀ ਦਲ ’ਚੋਂ ਬਾਗੀ ਹੋ ਕੇ ਗਏ ਹਨ, ਉਨ੍ਹਾਂ ’ਚੋਂ ਕਈ ਹੋਰ ਉਮੀਦਵਾਰਾਂ ਦੀ ਛੇਤੀ ਘਰ ਵਾਪਸੀ ਹੋ ਜਾਵੇਗੀ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਜ਼ਿਆਦਾ ਸਮਾਂ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਤੋਰਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੁਰਾਣੀ ਪਾਰਟੀ ਹੈ, ਜਿਸ ਦੀ ਹੋਂਦ ਹਮੇਸ਼ਾ ਬਰਕਰਾਰ ਰਹੇਗੀ। ਆਜਾਦ ਗਰੁੱਪ ਵਾਲੇ ਤਾਂ ਖੂਹ ਦੇ ਡੱਡੂ ਵਾਂਗ ਹੁੰਦੇ ਹਨ ਜੋ ਕੇਵਲ ਬਰਸਾਤਾਂ ਵਿਚ ਹੀ ਬਾਹਰ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਉੱਧਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਲੋਕ ਹੁਣ ਭਾਲੀਭਾਂਤ ਜਾਣ ਚੁੱਕੇ ਹਨ ਕਿ ਉਸ ਕੋਲ ਫੋਕੋ ਵਾਅਦਿਆਂ ਤੋਂ ਸਿਵਾ ਹੋ ਕੁਝ ਨਹੀਂ ਮਿਲ ਸਕਦਾ। ਅਕਾਲੀਆਂ ਵੱਲੋਂ ਸ਼ਹਿਰ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਵੀ ਕਾਂਗਰਸੀ ਆਪਣੇ ਵੱਲੋਂ ਕਰਵਾਏ ਕਹਿ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਪਰ ਅੱਜ ਦਾ ਪੜਿਆ-ਲਿਖਆ ਨੌਜਵਾਨ ਵਰਗ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਕਿ ਕੋਣ ਕਿੰਨੇ ਪਾਣੀ ਵਿਚ ਹੈ।
ਸ੍ਰੀ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿਚ ਮੁਹਾਲੀ ਦੇ ਵਿਕਾਸ ਸਬੰਧੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਿਹਤ ਮੰਤਰੀ ਬਣੇ ਬਲਬੀਰ ਸਿੱਧੂ ਨੇ ਹਮੇਸ਼ਾ ਸ਼ਹਿਰ ਦੇ ਵਿਕਾਸ ਨੂੰ ਅੱਖੋ-ਪਰੋਖਾ ਕਰ ਕੇ ਮੁਹਾਲੀ ਨੂੰ ਵਿਨਾਸ਼ ਵੱਲ ਧੱਕਿਆ ਹੈ ਅਤੇ ਬਲਬੀਰ ਸਿੱਧੂ ਨੇ ਸਿਰਫ਼ ਆਪਣੇ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਦੀ ਉਦਾਹਰਣ ਉਨ੍ਹਾਂ ਦੇ ਸਕੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਹਨ, ਜਿਨ੍ਹਾਂ ਨੂੰ ਮੇਅਰ ਦੇ ਉਮੀਦਵਾਰ ਵਜੋ ਅੱਗੇ ਲਿਆਉਣ ਲਈ ਵਾਰਡ ਨੰਬਰ-10 ਤੋਂ ਕਾਰਪੋਰੇਸ਼ਨ ਚੋਣਾਂ ਵਿੱਚ ਖੜਾ ਕਰ ਦਿੱਤਾ ਹੈ ਤਾਂ ਜੋ ਇਹ ਦੋਵੇਂ ਭਰਾ ਰਲ ਕਿ ਸ਼ਹਿਰ ਨੂੰ ਲੁੱਟ ਸਕਣ, ਪਰ ਹੁਣ ਮੁਹਾਲੀ ਦੇ ਲੋਕ ਬਲਬੀਰ ਸਿੱਧ ਦੀਆਂ ਇਨ੍ਹਾਂ ਲੂਬੜ ਚਾਲਾਂ ਨੂੰ ਭਲੀਭਾਂਤੀ ਜਾਣ ਚੁੱਕੇ ਹਨ।
ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਸੀਨੀਅਰ ਆਗੂ ਪ੍ਰਦੀਪ ਸਿੰਘ ਭਾਰਜ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਰਾਜਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੁਹਾਲੀ, ਨਾਰਾਇਣ ਸਿੰਘ ਅੌਜਲਾ ਵੀ ਹਾਜ਼ਰ ਸਨ।